ਐੱਸ ਪੀ ਸਿੰਘ
ਅਸੀਂ ਇੱਥੇ ਮਹਾਂਮਾਰੀ ਦੇ ਝੰਬੇ, ਲਾਸ਼ਾਂ ਦੇ ਅੰਬਾਰਾਂ ਵਿੱਚ ਜੀਅ ਰਹੇ ਹਾਂ ਅਤੇ ਜੇ ਅਮਰੀਕਾ ਦੀ ਲੋਕ ਸਭਾ ਵਿੱਚ ਵਿਰੋਧੀ ਪਾਰਟੀ ਦੀ ਤੀਜੇ ਨੰਬਰ ਦੀ ਸੀਨੀਅਰ ਲੀਡਰ ਬੀਤੇ ਹਫ਼ਤੇ ਆਪਣੇ ਅਹੁਦੇ ਤੋਂ ਲਾਂਭੇ ਕਰ ਦਿੱਤੀ ਗਈ ਹੈ ਤਾਂ ਇਹਦਾ ਸਾਡੇ, ਸਾਡੀ ਰਾਜਨੀਤੀ ਅਤੇ ਮੌਜੂਦਾ ਹਾਲਾਤ ਨਾਲ ਕੀ ਲੈਣਾ ਦੇਣਾ ਹੋ ਸਕਦਾ ਹੈ?
ਖੇਤਰੀ ਭਾਸ਼ਾਈ ਮੀਡੀਏ ਦੀ ਤਾਂ ਕੀ ਗੱਲ ਕਰਨੀ, ਸਾਡੇ ਦੇਸ਼ ਦੀਆਂ ਨੁਮਾਇਆ ਅੰਗਰੇਜ਼ੀ ਅਖ਼ਬਾਰਾਂ ਵਿੱਚ ਵੀ ਅੰਤਰਰਾਸ਼ਟਰੀ ਖਬਰਾਂ ਨੂੰ ਰੂੰਗੇ-ਝੂੰਗੇ ਜਿੰਨੀ ਜਗ੍ਹਾ ਹੀ ਨਸੀਬ ਹੁੰਦੀ ਹੈ। ਇਸ ਲਈ ਬਹੁਤੇ ਪਾਠਕਾਂ ਨੂੰ ਅਮਰੀਕੀ ਰਾਜਨੀਤੀ ਵਿਚਲੇ ਇਸ ਘਟਨਾਕ੍ਰਮ ਨੂੰ ਦੁਨੀਆ ਭਰ ਵਿੱਚ ਦਿੱਤੀ ਜਾ ਰਹੀ ਤਵੱਜੋਂ ਬਾਰੇ ਜਾਣ ਹੈਰਾਨੀ ਹੋਵੇਗੀ। ਸਿਆਸੀ ਪੰਡਿਤ ਲਿਜ਼ ਚੇਨੀ (Liz Cheney) ਨਾਲ ਵਾਪਰੇ ਨੂੰ ਸੱਜੇ-ਪੱਖੀ ਸ਼ਕਤੀਆਂ ਦੀ ਸਮੂਹਿਕ ਲੋਕ-ਮਨ ਉਤੇ ਪੀਢੀ ਪਕੜ ਨੂੰ ਸਮਝਣ ਵਿੱਚ ਸਹਾਇਕ ਵਰਤਾਰੇ ਵਜੋਂ ਵੇਖ ਰਹੇ ਹਨ।
ਅਮਰੀਕੀ ਪਾਰਲੀਮੈਂਟ ਦੀ ਮੈਂਬਰ ਲਿਜ਼ ਚੇਨੀ ਪੀੜ੍ਹੀਆਂ ਤੋਂ ਰਾਜਨੀਤੀ ਵਿੱਚ ਮੁਲੱਵਸ ਰਹੇ ਪਰਿਵਾਰ ਦੀ ਧੀ ਹੈ। ਉਹਦਾ ਡੈਡੀ ਡਿਕ ਚੇਨੀ ਅੱਠ ਸਾਲ ਜੌਰਜ ਵਾਕਰ ਬੁਸ਼ ਨਾਲ ਅਮਰੀਕਾ ਦਾ ਉਪਰਾਸ਼ਟਰਪਤੀ ਰਿਹਾ। ਆਪਣੇ ਪਿਤਾ ਵਾਂਗ ਲਿਜ਼ ਚੇਨੀ ਵੀ ਕੋਲਾ-ਖਣਿਜ-ਤੇਲ ਉੱਤੇ ਨਿਰਭਰ ਆਰਥਿਕਤਾ ਵਾਲੇ ਪੱਛਮੀ ਅਮਰੀਕੀ ਸੂਬੇ ਵਿਓਮਿੰਗ (Wyoming) ਦੀ ਨੁਮਾਇੰਦਗੀ ਕਰਦੀ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਸੂਬਾ ਸਦਾ ਸੱਜੇ-ਪੱਖੀ ਰਿਪਬਲੀਕਨ ਰਿਹਾ। 1968 ਤੋਂ ਬਾਅਦ ਕਦੀ ਨਹੀਂ ਹੋਇਆ ਕਿ ਰਾਸ਼ਟਰਪਤੀ ਦੀ ਚੋਣ ਲੜਦੇ ਕਿਸੇ ਰਿਪਬਲਿਕਨ ਉਮੀਦਵਾਰ ਨੇ ਇਹ ਸੂਬਾ ਨਾ ਜਿੱਤਿਆ ਹੋਵੇ। ਜ਼ਾਹਿਰ ਹੈ ਲਿਜ਼ ਚੇਨੀ ਦੀ ਰਾਜਨੀਤੀ ਪੁੱਜ ਕੇ ਸੱਜੇ ਪੱਖੀ ਰਹੀ ਅਤੇ ਅੱਜ ਵੀ ਹੈ।
ਜਦੋਂ ਡੋਨਲਡ ਟਰੰਪ ਦੀ ਨਮੋਸ਼ੀ ਭਰੀ ਹਾਰ ਤੋਂ ਬਾਅਦ ਉਹਦੇ ਉੱਤੇ ਚੱਲੇ ਮਹਾਂਦੋਸ਼ ਦੇ ਦੂਜੇ ਮੁਕੱਦਮੇ ਵਿਚ ਇਸ ਖਾਨਦਾਨੀ ਰਿਪਬਲੀਕਨ ਲੀਡਰ ਨੇ ਐਲਾਨ ਕਰਕੇ ਆਪਣੀ ਹੀ ਪਾਰਟੀ ਦੇ ਟਰੰਪ ਖ਼ਿਲਾਫ਼ ਵੋਟ ਪਾਈ ਤਾਂ ਉਹ ਅੰਤਰਰਾਸ਼ਟਰੀ ਸੁਰਖੀਆਂ ਵਿਚ ਆ ਗਈ।
ਆਪਣੀ ਹਾਰ ਤੋਂ ਇਨਕਾਰੀ ਟਰੰਪ ਰੌਂਡੀ ਪਿੱਟਦਾ ਰਿਹਾ ਪਰ ਅਮਰੀਕੀ ਲੋਕਤੰਤਰ ਵਿੱਚ ਹਾਲੇ ਅਦਾਰਿਆਂ ਦੀ ਆਜ਼ਾਦੀ ਅਤੇ ਖੁਦਮੁਖਤਾਰੀ ਕਾਇਮ ਸੀ, ਇਸ ਲਈ ਘੜੀਸ ਕੇ ਵ੍ਹਾਈਟ ਹਾਊਸ ’ਚੋਂ ਬਾਹਰ ਕੀਤਾ ਗਿਆ। ਜੋਅ ਬਾਇਡਨ ਦਾ ਜ਼ਮਾਨਾ ਸ਼ੁਰੂ ਹੋਇਆ। ਪਹਿਲੇ 100 ਦਿਨਾਂ ਵਿੱਚ ਹੀ ਬਾਇਡਨ ਨੇ ਜੋ ਕਰ ਵਿਖਾਇਆ ਹੈ, ਉਹਨੂੰ ਦੁਨੀਆਂ ਭਰ ਵਿੱਚ ਇਨਕਲਾਬ ਵਾਂਗ ਤਸੱਵਰ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਮੀਡੀਆ ਵਿੱਚ ਸੈਂਕੜੇ ਨਹੀਂ, ਹਜ਼ਾਰਾਂ ਤਰਜੀਹੇ ਨਿਰੰਤਰ ਛਪ ਰਹੇ ਹਨ ਕਿ ਟਰੰਪ ਤੋਂ ਬਾਅਦ ਅਮਰੀਕੀ ਘਰੇਲੂ ਅਤੇ ਖਾਰਜਾ ਰਾਜਨੀਤੀ ਵਿੱਚ ਸ਼ਾਇਸਤਗੀ ਪਰਤ ਆਈ ਹੈ, ਮੂਰਖਤਾ ਅਤੇ ਅੜ੍ਹਬਪੁਣੇ ਨੂੰ ਠੱਲ੍ਹ ਪਈ ਹੈ।
ਪਰ ਹੁਣ ਲਿਜ਼ ਚੇਨੀ ਨਾਲ ਜੋ ਬੀਤੀ ਹੈ ਅਤੇ ਰਿਪਬਲੀਕਨ ਪਾਰਟੀ ਦੇ ਵੱਡੇ ਵੱਡੇ ਨੇਤਾ ਜਿਵੇਂ ਵਿਚਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਟਰੰਪ ਕਿਧਰੇ ਦੂਰ ਨਹੀਂ ਗਿਆ। ਉਹ ਰਾਜਨੀਤੀ ਦੇ ਹਾਸ਼ੀਏ ’ਤੇ ਨਹੀਂ, ਠੀਕ ਕੇਂਦਰ ਵਿਚ ਹੈ। ਅਨਪੜ੍ਹਤਾ, ਉਜੱਡਤਾ, ਅੜ੍ਹਬਪੁਣੇ ਦੀ ਸਮਾਜ ਵਿਚ ਇਕ ਆਪਣੀ ਮਜ਼ਬੂਤ ਠਹਿਰ/ਠਾਹਰ ਹੁੰਦੀ ਹੈ ਜਿਹੜੀ ਕਿਸੇ ਚੁਣਾਵੀ ਹਾਰ ਨਾਲ ਅਚਾਨਕ ਗਾਇਬ ਨਹੀਂ ਹੋ ਜਾਂਦੀ।
ਸਮਾਜ ਦੇ ਹਕੀਕੀ ਪਰਿਵਰਤਨ ਲਈ ਰਾਜਨੀਤਕ ਚੋਣ ਪਿੜ ਵਿੱਚ ਮੱਧਕਾਲੀਨ ਮੁੱਲਾਂ ਵਾਲਿਆਂ ਨੂੰ ਹਰਾਉਣਾ ਨਿਸ਼ਚਿਤ ਤੌਰ ਉੱਤੇ ਜ਼ਰੂਰੀ ਹੈ ਪਰ ਉਸ ਤੋਂ ਵੀ ਕਿਧਰੇ ਵਧੇਰੇ ਜ਼ਰੂਰੀ ਹੈ ਲੰਬਾ ਸੰਘਰਸ਼, ਨਿੱਠ ਕੇ ਕੀਤਾ ਚਿੰਤਨ ਅਤੇ ਨਵੇਂ ਨਰੋਏ ਮਨੁੱਖੀ ਮਨ ਦੀ ਉਸਾਰੀ।
ਅੱਜ ਭਾਰਤ ਵਿੱਚ ਇੱਕ ਵੱਡੀ ਸੱਜੇ-ਪੱਖੀ ਭੀੜ ਦਾ ਮਨ-ਮਸਤਕ ਕੁਝ ਇੰਝ ਤਾਮੀਰ ਕਰ ਦਿੱਤਾ ਗਿਆ ਹੈ ਕਿ ਉਹ ਮਹਾਂਮਾਰੀ ਵੇਲੇ ਪਰੋਸੀਆਂ ਜਾ ਰਹੀਆਂ ਖ਼ਬਰਾਂ, ਅੰਕੜਿਆਂ, ਲੋਕਾਈ ਦੀਆਂ ਚੀਕਾਂ ਅਤੇ ਸੜਕਾਂ-ਘਾਟਾਂ-ਦਰਿਆਵਾਂ ਕਿਨਾਰੇ ਰੁਲ੍ਹਦੀਆਂ ਲਾਸ਼ਾਂ ਵੇਖ ਵੀ ਆਪਣੇ ਨੇਤਾ ਵਿੱਚ ਕੋਈ ਖੋਟ ਨਹੀਂ ਵੇਖਦੀ, ਉਹਦੀ ਨਿਰਖ-ਪਰਖ ਤੋਂ ਇਨਕਾਰੀ ਹੈ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਪਿਛਲੇ ਸਾਲਾਂ ਵਿੱਚ ਜਿਹੜਾ ਬਿਆਨੀਆ ਸਿਰਜਿਆ ਹੈ, ਉਹਨੇ ਸਮਾਜ ਦੇ ਇੱਕ ਮਹੱਤਵਪੂਰਨ ਹਿੱਸੇ ਦੀ ਸੋਚ ਉੱਤੇ ਆਪਣੀ ਪੀਢੀ ਪਕੜ ਬਾਕਾਇਦਾ ਬਣਾਈ ਹੋਈ ਹੈ। ਇਹ ਹਿੱਸਾ ਭਾਵੇਂ ਬਹੁਗਿਣਤੀ ਨਾ ਵੀ ਹੋਵੇ ਪਰ ਇਕ ਫੈਸਲਾਕੁੰਨ ਨਫ਼ਰੀ ਰੱਖਦਾ ਹੈ। ਕੱਲ੍ਹ ਨੂੰ ਜੇ ਰੂੜੀਵਾਦੀ ਸੱਜੇ-ਪੱਖੀ ਰਾਜਨੀਤੀ ਖ਼ਿਲਾਫ਼ ਕੋਈ ਮੁਹਾਜ਼ ਕਾਮਯਾਬ ਹੁੰਦਾ ਵੀ ਦਿੱਸੇ ਤਾਂ ਵੀ ਇਹ ਹਿੱਸਾ ਸਰਗਰਮ ਹੀ ਨਹੀਂ, ਪ੍ਰਭਾਵਸ਼ਾਲੀ ਵੀ ਰਹੇਗਾ।
ਲਿਜ਼ ਚੇਨੀ ਨੂੰ ਅਮਰੀਕੀ ਹਾਊਸ ਰਿਪਬਲਿਕਨ ਕਾਨਫਰੰਸ ਦੀ ਮੁਖੀ ਵਜੋਂ ਹਟਾਉਣ ਵਾਲੇ ਵਰਤਾਰੇ ’ਚ ਟਰੰਪ ਦੀ ਚੜ੍ਹਤ ਸਿਰ ਚੜ੍ਹ ਕੇ ਬੋਲ ਰਹੀ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਟਰੰਪ ਦਾ ਮੱਧਕਾਲੀ ਮੁੱਲਾਂ ਵਾਲਾ ਅੱਧਪੜ੍ਹ, ਰੂੜ੍ਹੀਵਾਦੀ, ਸਿਆਹਫਾਮ ਲੋਕਾਂ ਪ੍ਰਤੀ ਹਿਕਾਰਤ ਨਾਲ ਭਰਿਆ ਬਿਆਨੀਆ, ‘ਅਮਰੀਕਾ ਪਹਿਲੋਂ’ ਚੀਕਦਾ, ਸਵੈ ਨੂੰ ਸਮੂਹ ਤੋਂ ਪਹਿਲ ਦੇਂਦੇ ਮੁਲਖੱਈਏ ਦੇ ਇਕ ਮਹੱਤਵਪੂਰਨ ਹਿੱਸੇ ’ਤੇ ਅਜੇ ਵੀ ਹਾਵੀ ਹੈ। ਅਨੁਮਾਨ ਇਹੀ ਹੈ ਕਿ ਰਿਪਬਲਿਕਨ ਪਾਰਟੀ ਦਾ ਰਾਸ਼ਟਰਪਤੀ ਪਦ ਦਾ ਅਗਲਾ ਉਮੀਦਵਾਰ ਵੀ ਟਰੰਪ ਹੀ ਹੋਵੇਗਾ।
ਇਸ ਸਾਲ ਹੋਣ ਵਾਲੀਆਂ ਛੁੱਟਪੁਟ ਚੋਣਾਂ ਤੋਂ ਬਿਨਾਂ ਅਗਲੇ ਸਾਲ ਅਮਰੀਕੀ ਲੋਕ ਸਭਾ (House of Representatives) ਦੀਆਂ ਚੋਣਾਂ ਹੋਣੀਆਂ ਹਨ ਅਤੇ ਉਨ੍ਹਾਂ ਦੀ 100 ਮੈਂਬਰੀ ਰਾਜ ਸਭਾ (Senate) ਦੀਆਂ 34 ਸੀਟਾਂ ਉੱਤੇ ਵੀ ਵੋਟ ਪੈਣੇ ਹਨ। ਅੱਜ ਦੋਹਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਪੇਤਲੀ ਜਿਹੀ ਚੜ੍ਹਤ ਹੈ। ਕਿਆਸਅਰਾਈ ਇਹੀ ਹੈ ਕਿ ਚੋਣਾਂ ਬਾਅਦ ਟਰੰਪ-ਟਰੰਪ ਦਾ ਰਾਗ ਅਲਾਪਦੀ ਰੀਪਬਲਿਕਨ ਪਾਰਟੀ ਦੋਹਾਂ ਸਦਨਾਂ ਵਿੱਚ ਬਹੁਗਿਣਤੀ ਬਣਾ ਲਵੇਗੀ।
ਟਰੰਪ ਅਤੇ ਉਹਦੇ ਜੋਟੀਦਾਰ ਅੱਜ ਵੀ ਬਾਇਡਨ ਦੀ ਚੋਣ ਨੂੰ ਫ਼ਰਾਡ, ਧੋਖਾ ਜਾਂ ਚੋਰੀ ਕਹਿ ਰਹੇ ਹਨ। ਲਿਜ਼ ਚੇਨੀ ਨੇ ਆਪਣੀ ਪਾਰਟੀ ਦੀ ਇਸ ਮੂਰਖਤਾ ਉਤੇ ਸਵਾਲ ਕੀਤੇ ਹਨ ਪਰ ਵੱਡੇ ਲੀਡਰਾਂ ਨੂੰ ਪਤਾ ਹੈ ਕਿ ਹੇਠਾਂ ਵੋਟਰ ਟਰੰਪ ਦੇ ਇਸ਼ਕ ਵਿੱਚ ਗ੍ਰਿਫ਼ਤਾਰ ਹਨ, ਇਸ ਲਈ ਉਹ ਅਕਲ ਅਤੇ ਸੱਚ ਦੀ ਬਜਾਏ ਟਰੰਪ ਦੀ ਬੋਲੀ ਬੋਲ ਰਹੇ ਹਨ। ਸਾਰਾ ਜੱਗ ਟਰੰਪ ਦੀ ਅਸਲੀਅਤ ਤੋਂ ਵਾਕਿਫ ਹੈ ਪਰ ਉਹਦੇ ਵਿੱਚੋਂ ਆਪਣਾ ਸਰੂਪ ਵੇਖਦੇ ਲਾਣੇ ਕੋਲ ਅਕਲ ਨੂੰ ਚੁਣੌਤੀ ਦੇਣ ਜੋਗੇ ਵੋਟ ਹਨ, ਇਸ ਲਈ ਲਿਜ਼ ਚੇਨੀ ਨੂੰ ਧੱਕਾ ਮਾਰ ਟਰੰਪੀ ਲਾਣੇ ਨੇ ਆਪਣਾ ਧੁੱਤੂ ਉੱਚੀ ਉੱਚੀ ਵਜਾਉਣਾ ਸ਼ੁਰੂ ਕਰ ਦਿੱਤਾ ਹੈ। ਸੱਜੇਪੱਖੀ ਸਿਆਸਤ ਲਈ ਹਾਲੇ ਟਰੰਪ ਦਾ ਥਾਪੜਾ ਸੰਜੀਵਨੀ ਬੂਟੀ ਵਾਂਗ ਹੈ।
ਇੱਥੇ ਚਿਤਾਵਾਂ ਨਿਰੰਤਰਤਾ ਨਾਲ ਭੱਖੀਆਂ ਹੋਈਆਂ ਹਨ; ਲਾਸ਼ਾਂ ਪਵਿੱਤਰ ਦਰਿਆਵਾਂ ਵਿਚ ਵਹਿ ਰਹੀਆਂ ਹਨ; ਮਿੱਤਰ ਪਿਆਰਿਆਂ ਬਾਰੇ ਸੁਰਖ਼ੀਆਂ ਪੜ੍ਹ ਪੜ੍ਹ ਕੇ ਹੌਲ ਪੈ ਰਹੇ ਹਨ ਪਰ ਨਾ ਰਾਜ ਮਹਿਲਾਂ ਦੀ ਉਸਾਰੀ ਰੁਕ ਰਹੀ ਹੈ, ਨਾ ਨਫ਼ਰਤ ਭਰੇ ਬਿਆਨਾਂ ਦੀ। ਕੋਈ ਯੋਗੀ ਏਨਾ ਅੰਤਰਲੀਨ ਨਹੀਂ ਕਿ ਉਹਨੂੰ ਆਪਣੇ ਘਰ ਲਾਸ਼ਾਂ ਦਾ ਅੰਬਾਰ ਦਿੱਸੇ, ਪਰ ਏਨਾ ਦੂਰਦ੍ਰਿਸ਼ਟੀਵਾਨ ਹੋ ਗਿਆ ਹੈ ਕਿ ਸੁਹਿਰਦਤਾ ਦੇ ਪ੍ਰਤੀਕ ਮਲੇਰਕੋਟਲਾ ਦੇ ਜ਼ਿਲ੍ਹਾ ਬਣਨ ’ਚੋਂ ਨਫ਼ਰਤੀ ਬਿਆਨੀਆ ਲਈ ਠੁਮਨ੍ਹਾ ਭਾਲ ਰਿਹਾ ਹੈ। ਸਾਡੇ ਸੱਜੇ-ਪੱਖੀਆਂ ਕੋਲ ਤਾਂ ਹਾਲੇ ਵੀ ਕੋਈ ਲਿਜ਼ ਚੇਨੀ ਨਹੀਂ। ਸੰਸਾਰ ਦੀ ਸਭ ਤੋਂ ਵੱਡੀ ਇਸ ਰਾਜਨੀਤਕ ਪਾਰਟੀ ਵਿੱਚ ਵਿਰੋਧ ਦੀਆਂ ਕੋਈ ਠੋਸ ਆਵਾਜ਼ਾਂ ਨਹੀਂ ਉੱਠ ਰਹੀਆਂ। ਬਿਆਨੀਏ ਦੀ ਹਕੀਕਤ ਉਤੇ ਪੀਢੀ ਪਕੜ ਉਵੇਂ ਹੀ ਜਾਰੀ ਹੈ। ਓਥੇ ਟਰੰਪ, ਇੱਥੇ ਸਾਡਾ ਨੇਤਾ ਮਹਾਨ ਰੁਕਦੇ ਸਾਹਾਂ, ਟੁੱਟਦੀਆਂ ਜ਼ਿੰਦਗੀਆਂ, ਕੌਵਿਡ ਦੇ ਅੰਕੜਿਆਂ ’ਤੇ ਭਾਰੀ ਹੈ। ਆਕਸੀਜਨ ਟੀਕਾ ਮਿਲੇ ਜਾਂ ਨਾ, ਸੈਂਟਰਲ ਵਿਸਟਾ ਦੀ ਉਸਾਰੀ ਜਾਰੀ ਹੈ। ਹਾਲੇ ਕੁਝ ਨਹੀਂ ਕਹਿ ਸਕਦੇ ਕਿ ਅਗਲੀ ਕਿਸ ਦੀ ਪਾਰੀ ਹੈ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਭੂਗੋਲ ਦਾ ਬਹੁਤਾ ਇਹਤਰਾਮ ਨਾ ਕਰਦਿਆਂ ਦੂਰਾਡੇ ਮੁਲਕਾਂ ਦੇ ਵਰਤਾਰਿਆਂ ਵਿੱਚ ਆਪਣੀਆਂ ਕਮੀਆਂ ਪੇਸ਼ੀਆਂ ਦੀ ਛਾਪ ਪੜ੍ਹ ਰਿਹਾ ਹੈ।)