ਆਤਮਜੀਤ
ਮਾਂ ਤੂੰ ਮਮਤਾ ਹੈਂ
ਜਜ਼ਬਾ ਹੈਂ, ਦਿਲ ਹੈਂ ਤੇ ਦਰਿਆ
ਜੋ ਮੇਰੇ ਅੰਦਰ ਵੀ ਹੈ
ਤੇ ਬਾਹਰ ਵੀ
ਪਾਣੀ ਜਿਸਦਾ ਕਦੇ ਨਾ ਮੈਲਾ
ਧੋਂਦਾ ਰਹਿੰਦਾ ਬਲਕਿ ਮੈਨੂੰ
ਹੁਨਾਲ ਵਿਚ ਠੰਢ ਵਰਤਾਉਂਦਾ
ਸਿਆਲ ਵਿਚ ਨਿੱਘ
ਮਾਂ ਤੂੰ ਮਹਿਕ ਹੈਂ
ਤੂੰ ਚੰਦਨ, ਤੂੰ ਗ਼ੁਲਾਬ ਤੇ ਐਸੀ ਧੂਫ਼
ਜੋ ਕੂੜਾ ਸੰਭਰਦੀ, ਪੋਚੇ ਮਾਰਦੀ
ਪੂੰਝਕੇ ਗੰਦ ਨਿਆਣਿਆਂ ਦਾ
ਖ਼ੁਸ਼ਬੂ ਖ਼ੁਸ਼ਬੂ ਹੋ ਜਾਂਦੀ
ਉਸਦੇ ਦਿਲ ਦੇ ਅੰਦਰ
ਉਸਦਾ ਸਾਰਾ ਵਜੂਦ
ਨਾ ਦਿਲ ਤੇ ਦਾਗ਼ ਨਾ ਜਿਸਮ ਤੇ
ਮਹਿਕ ਦਾ ਮਿੱਠਾ ਮਿੱਠਾ ਰਾਗ
ਮਹਿਕ ਹਮੇਸ਼ਾ ਬੇਦਾਗ਼
ਮਾਂ ਤੂੰ ਮੰਦਰ ਹੈਂ
ਆਸਥਾ ਹੈਂ, ਪਵਿੱਤਰਤਾ ਦੀ ਉਹ ਦੇਵੀ
ਜੋ ਚਲਦੀ ਫਿਰਦੀ ਹੈ
ਕਦੇ ਬੁੱਤ ਨਹੀਂ ਹੁੰਦੀ
ਬਿਨਾ ਸਿੰਗਾਰ ਜਲੌਅ ਹੈ ਤੇਰਾ
ਕੋਈ ਪੁਜਾਰੀ ਕਦੇ ਨਾ ਹੋਵੇ
ਤੂੰ ਭਗਤਾਂ ਦੀ ਸੇਵਾ ਵਿਚ ਲੀਨ
ਖੁੱਲ੍ਹੇ ਤੇਰੇ ਕਿਵਾੜ ਹਮੇਸ਼ਾ
ਚੁੱਪ ਤੇਰੀ ਵਿਚ ਸੰਗੀਤ
ਬੋਲਾਂ ਦੇ ਵਿਚ ਕੀਰਤਨ
ਤੇ ਝਿੜਕਾਂ ਦੇ ਵਿਚ ਪ੍ਰੀਤ
ਮਾਂ ਤੂੰ ਮੁਸਾਫ਼ਰ ਹੈਂ
ਤੂੰ ਰਾਹ ਹੈਂ, ਬੇਘਰ ਹੈਂ
ਤੇ ਐਸਾ ਤੇਰਾ ਵਜੂਦ
ਜੋ ਬੱਝਾ ਦੂਜਿਆਂ ਨਾਲ
ਹਾਜ਼ਰ ਹੈਂ ਤੂੰ ਹਰ ਵੇਲੇ
ਫ਼ਿਰ ਵੀ ਸਦਾ ਲਾ-ਪਤਾ, ਲਾ-ਮਕਾਨ
ਸਾਰੀ ਜ਼ਿੰਦਗੀ ਚੱਲਦੀ ਤੂੰ
ਕਿਤੇ ਨਾ ਪੁੱਜਣ ਵਾਸਤੇ
ਪਥ ਹੀ ਤੇਰੀ ਮੰਜ਼ਿਲ ਹੈ
ਮਾਂ ਤੂੰ ਮੇਘਲਾ ਹੈਂ
ਆਉਂਦਾ, ਜਾਂਦਾ ਤੇ ਉਮ੍ਹੜਦਾ ਬੱਦਲ
ਛਾਇਆ ਹੋਵੇ ਅਸਮਾਨੀਂ
ਤਾਂ ਚੜ੍ਹ ਜਾਂਦੇ ਨੇ
ਸਿਖਰ ਦੁਪਹਿਰੇ ਚਾਰ ਚੰਨ
ਪਿਆਸ ਬੁਝਾਉਂਦੇ ਬੱਦਲ
ਬਰਸਾਉਂਦੇ ਨੇ ਹਰਿਆਵਲ
ਨਹੀਂ ਤਾਂ ਸੜ-ਸੁੱਕ ਜਾਂਦੀਆਂ
ਬਸਤੀਆਂ ਤੇ ਹਸਤੀਆਂ
ਮਾਂ ਤੂੰ ਮੁਕੱਦਸ ਹੈਂ
ਸਾਫ਼ ਕਰਦੀ, ਮਾਫ਼ ਕਰਦੀ
ਦਿਲ ਦੇ ਨਾਲ ਇਨਸਾਫ਼ ਕਰਦੀ
ਘੱਟ ਕਹਿੰਦੀ, ਜ਼ਿਆਦਾ ਸਹਿੰਦੀ
ਥੋੜ੍ਹਾ ਬੋਲਦੀ, ਵੱਧ ਤੋਲਦੀ
ਜਿੱਥੇ ਕਿਤੇ ਵੀ ਵਾਸ ਕਰਦੀ
ਮੇਰੇ ਲਈ ਅਰਦਾਸ ਕਰਦੀ
ਮਜ਼ਦੂਰ ਵੀ ਹੈਂ, ਮਜਬੂਰ ਵੀ
ਪਰ ਸਭ ਤੋਂ ਸੁੱਚਾ ਇਨਸਾਨ ਮਾਂ
ਮੇਰੇ ਘਰ ਵਿਚ ਭਗਵਾਨ ਮਾਂ
ਮਾਂ ਮੇਰੀ ਮੁਹੱਬਤ ਹੈ
ਪਹਿਲੀ, ਪੀਡੀ ਤੇ ਪਾਗਲ ਮੁਹੱਬਤ
ਮਾਂ ਮੁਹੱਬਤ ਦਾ ਮੁਜੱਸਮਾ
ਗੋਦੀ ਦੇ ਵਿਚ ਅਮ੍ਰਿਤ ਮਿਲਦੈ
ਸੀਨੇ ਲੱਗ ਗੁਆਚ ਜਾਈਦੈ
ਉਹਦੀ ਵਾਸ਼ਨਾ ਮੁਗਧ ਕਰੇ
ਤੇੇ ਵਾਸਨਾ ਤੋਂ ਮੁਕਤ ਕਰੇ
ਜਦ ਮੈਂ ਮਾਂ ਦਾ ਜ਼ਿਕਰ ਕਰਦਾਂ
ਆਪਣੇ ਆਪ ਨੂੰ ਬੇਫ਼ਿਕਰ ਕਰਦਾਂ
ਮਾਂ ਜੇਹਾ ਮਿਹਰਬਾਨ ਕੌਣ ਹੈ?
ਸੰਪਰਕ: 98760-18501