ਬੀ.ਐੱਸ. ਢਿੱਲੋਂ
ਸਾਨੂੰ ਆਪਣੇ ਦੇਸ਼ ਦੀਆਂ ਚੋਣਾਂ ਵਿੱਚ ਕਈ ਰੰਗ ਦੇਖਣ ਨੂੰ ਮਿਲਦੇ ਹਨ। ਇਸ ਤਰ੍ਹਾਂ ਦਾ ਵੋਟ ਪਾਉਣ ਦਾ ਉਤਸ਼ਾਹ ਹੁੰਦਾ ਹੈ ਕਿ ਬਜ਼ੁਰਗ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਵੋਟ ਪਾਉਣ ਆਉਂਦੇ ਹਨ, ਲਾੜਾ ਅਤੇ ਲਾੜੀ ਵਿਆਹ ਨਾਲੋਂ ਵੋਟ ਪਾਉਣ ਨੂੰ ਪਹਿਲ ਦਿੰਦੇ ਹਨ, ਬਾਜ਼ਾਰ ਅਤੇ ਘਰਾਂ ਦੀਆਂ ਛੱਤਾਂ ਉੱਪਰ ਅੱਡ-ਅੱਡ ਰੰਗਾਂ ਦੇ ਝੰਡੇ ਅਤੇ ਝੰਡੀਆਂ ਦੇਖਦੇ ਹਾਂ। ਪੈਸੇ ਨੂੰ ਪਾਣੀ ਵਾਂਗ ਵਹਾਇਆ ਜਾਂਦਾ ਹੈ ਅਤੇ ਚੋਣਾਂ ਜਿੱਤਣ ਲਈ ਹਰ ਚੰਗੀ-ਮਾੜੀ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਮਨ ਵਿੱਚ ਕੁਝ ਅਜਿਹੇ ਸਵਾਲ ਉੱਠਦੇ ਹਨ ਕਿ ਏਨੇ ਪੈਸੇ ਕਿਉਂ ਖ਼ਰਚੇ ਜਾ ਰਹੇ ਹਨ? ਕੀ ਕੋਈ ਇਮਾਨਦਾਰ ਏਨੇ ਪੈਸੇ ਖ਼ਰਚ ਸਕਦਾ ਹੈ? ਜੋ ਖ਼ਰਚ ਰਹੇ ਹਨ, ਕੀ ਉਨ੍ਹਾਂ ਦੇ ਮਨ ਵਿੱਚ ਦੇਸ਼ ਅਤੇ ਸਮਾਜ ਸੇਵਾ ਹੈ ਜਾਂ ਫਿਰ ਕੁਝ ਹੋਰ?
ਹਰ ਗਲੀ, ਹਰ ਮੋੜ ’ਤੇ ਚੋਣਾਂ ਬਾਰੇ ਵਿਚਾਰ ਅਤੇ ਉਸ ਤੋਂ ਜ਼ਿਆਦਾ ਤਕਰਾਰ ਹੁੰਦੀ ਹੈ। ਇਹ ਕਈ ਵਾਰ ਲੰਮਾ ਚੱਲਣ ਵਾਲਾ ਮਨ-ਮੁਟਾਵ ਜਾਂ ਫਿਰ ਲੜਾਈ ਅਤੇ ਦੁਸ਼ਮਣੀ ਦਾ ਰੂਪ ਵੀ ਲੈ ਲੈਂਦੀ ਹੈ। ਇੱਥੋਂ ਤੱਕ ਕਿ ਇਨ੍ਹਾਂ ਨਾਲ ਟੱਬਰ ਵੰਡੇ ਜਾਂਦੇ ਹਨ। ਸਮਾਜ ਦੀਆਂ ਵੰਡੀਆਂ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਅਤੇ ਵਿਚਾਰ ਆਉਂਦਾ ਹੈ ਕਿ ਅਸੀਂ ਸਾਰੇ ਇੱਕ ਜਾਂ ਕਿਸੇ ਦੂਸਰੀ ਪਾਰਟੀ ਦੇ ਕਰਿੰਦੇ ਬਣ ਕੇ ਹੀ ਰਹਿ ਗਏ ਹਾਂ, ਬੰਦੇ ਜਾਂ ਇਨਸਾਨ ਨਹੀਂ। ਸੱਚ ਇਹ ਹੈ ਕਿ ਜ਼ਿਆਦਾਤਰ ਚੋਣਾਂ ਦਾ ਤਜ਼ਰਬਾ ਚੰਗਾ ਨਹੀਂ ਹੁੰਦਾ ਜੋ ਕਾਫ਼ੀ ਕੁਝ ਸੋਚਣ ’ਤੇ ਮਜਬੂਰ ਕਰਦਾ ਹੈ।
ਇਸ ਸਾਰੇ ਰੌਲੇ ਰੱਪੇ ਵਿੱਚ ਵਾਰੇ-ਵਾਰੇ ਜਾਈਏ ਪਿੰਡ ਸਿੱਧਵਾਂ ਖੁਰਦ ਦੇ ਜੋ ਇੱਕ ਸਿਤਾਰੇ ਦੀ ਤਰ੍ਹਾਂ ਚਮਕਿਆ ਹੈ। ਇਸ ਨੇ ਸਮਾਜ ਨੂੰ ਉਹ ਸੇਧ ਦਿੱਤੀ ਹੈ ਜਿਸ ਦੀ ਆਪਣੇ ਸਮਾਜ ਨੂੰ ਸੰਭਾਲਣ ਲਈ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਹੈ। ਸਿੱਧਵਾਂ ਖੁਰਦ, ਲੁਧਿਆਣਾ-ਜਗਰਾਓਂ ਸੜਕ ’ਤੇ ਸਥਿਤ ਹੈ ਅਤੇ ਲੜਕੀਆਂ ਦੀ ਪੜ੍ਹਾਈ ਲਈ ਜਾਣਿਆ ਜਾਂਦਾ ਹੈ। ਇਸ ਲਈ ਪਿੰਡ ਵਿੱਚ ਕਈ ਪੁਰਾਣੀਆਂ ਵਿਦਿਅਕ ਸੰਸਥਾਵਾਂ ਹਨ।
ਇਨ੍ਹਾਂ ਚੋਣਾਂ ਦੌਰਾਨ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪਿੰਡ ਵਿੱਚ ਕਿਸੇ ਸਿਆਸੀ ਪਾਰਟੀ ਦੇ ਬੂਥ ਨਹੀਂ ਲੱਗਣਗੇ, ਪਿੰਡ ਵਾਸੀ ਕੋਈ ਝੰਡੀਆਂ ਨਹੀਂ ਲਾਉਣਗੇ ਅਤੇ ਸਾਰੇ ਆਪੋ-ਆਪਣੀ ਸਮਝ ਮੁਤਾਬਕ ਵੋਟਾਂ ਪਾਉਣਗੇ। ਉਨ੍ਹਾਂ ਨੇ ਇਨ੍ਹਾਂ ਫੈਸਲਿਆਂ ਉੱਤੇ ਫੁੱਲ ਵੀ ਚਾੜ੍ਹੇ। ਭਾਵ ਕੋਈ ਬੇਲੋੜੀ ਬਹਿਸ ਨਹੀਂ, ਤਕਰਾਰ ਨਹੀਂ, ਵਾਧੂ ਖ਼ਰਚਾ ਨਹੀਂ ਅਤੇ ਆਪਣੇ ਵਿਚਾਰ ਵੋਟ ਰਾਹੀਂ ਦੱਸ ਕੇ ਚੋਣਾਂ ਵਿੱਚ ਹਿੱਸਾ ਵੀ ਲਿਆ। ਇਹ ਨਵੀਆਂ ਪਿਰਤਾਂ ਪਾ ਕੇ ਸਿੱਧਵਾਂ ਖੁਰਦ ਨਿਵਾਸੀਆਂ ਨੇ ਇਤਿਹਾਸ ਸਿਰਜਿਆ ਹੈ।
ਸਿੱਧਵਾਂ ਖੁਰਦ ਨੇ ਮੈਨੂੰ ਜਰਮਨੀ ਦੀਆਂ ਦਸੰਬਰ 1990 ਅਤੇ ਸਤੰਬਰ 2009 ਦੀਆਂ ਸੰਘੀ (ਫੈਡਰਲ) ਚੋਣਾਂ ਯਾਦ ਕਰਵਾ ਦਿੱਤੀਆਂ। ਪਹਿਲੀਆਂ (1990) ਚੋਣਾਂ ਦੇ ਫਲਸਰੂਪ ਮਿਸਟਰ ਹੈਲਮੁਟ ਕੋਹਲ ਜਰਮਨੀ ਦੇ ਚਾਂਸਲਰ ਬਣੇ ਸੀ ਅਤੇ ਦੂਸਰੀਆਂ (2009) ਤੋਂ ਬਾਅਦ ਮਿਸ ਏਂਜਲਾ ਮਰਕਲ। ਦੋਵੇਂ ਪਹਿਲਾਂ ਹੀ ਚਾਂਸਲਰ ਸਨ ਅਤੇ ਦੋਹਾਂ ਨੇ ਚੋਣਾਂ ਦੌਰਾਨ ਯੂਨੀਵਰਸਿਟੀ, ਜਿੱਥੇ ਮੈਂ ਕੰਮ ਕਰਦਾ ਸੀ, ਵਿੱਚ ਵੀ ਇਕੱਠ ਨੂੰ ਸੰਬੋਧਨ ਕੀਤਾ। ਯੂਨੀਵਰਸਿਟੀ ਵਿੱਚ ਇੱਕ ਦਰਮਿਆਨਾ ਜਿਹਾ ਪੁਰਾਣਾ ਕਿਲ੍ਹਾ ਹੈ ਜਿਸ ਵਿੱਚ ਦਫ਼ਤਰ, ਕਲਾਸ ਰੂਮ, ਲੈਬੋਰੇਟਰੀ ਦੇ ਨਾਲ ਇੱਕ ਛੋਟਾ ਜਿਹਾ ਪ੍ਰਾਈਵੇਟ ਪੱਧਰ ’ਤੇ ਚੱਲ ਰਿਹਾ ਰੈਂਸਟੋਰੈਂਟ ਵੀ ਹੈ। ਇਸ ਦੀ ਸਮਰੱਥਾ ਕੋਈ 150 ਮਹਿਮਾਨਾਂ ਦੇ ਕਰੀਬ ਹੋਏਗੀ। ਦੋਵੇਂ ਮਿਸਟਰ ਕੋਹਲ ਅਤੇ ਮਿਸ ਮਰਕਲ ਉਸ ਰੈਸਟੋਰੈਂਟ ਵਿੱਚ ਹੋ ਕੇ ਗਏ ਸਨ, ਪਰ ਯੂਨੀਵਰਸਿਟੀ ਵਿੱਚ ਕੋਈ ਵੀ ਹਲਚਲ ਨਹੀਂ ਹੋਈ ਸੀ, ਯੂਨੀਵਰਸਿਟੀ ਦਾ ਕੋਈ ਵੀ ਕੰਮ ਰੁਕਿਆ ਨਹੀਂ ਸੀ। ਕੋਹਲ ਸਾਹਿਬ ਦੀ ਫੇਰੀ ਦਾ ਉਦੋਂ ਪਤਾ ਲੱਗਾ ਜਦੋਂ 15-20 ਕਾਰਾਂ, ਜਿਨ੍ਹਾਂ ਵਿੱਚ 2-3 ਪੁਲੀਸ ਦੀਆਂ ਵੀ ਸਨ, ਇਕੱਠੀਆਂ ਯੂਨੀਵਰਸਿਟੀ ਤੋਂ ਬਾਹਰ ਜਾਂਦੀਆਂ ਵੇਖੀਆਂ। ਸਾਥੀਆਂ ਨੂੰ ਪੁੱਛਣ ’ਤੇ ਪਤਾ ਲੱਗਾ ਕਿ ਕੋਹਲ ਸਾਹਿਬ ਨੇ ਰੈਸਟੋਰੈਂਟ ਵਿੱਚ ਚੋਣਾਂ ਕਾਰਨ ਆਉਣਾ ਸੀ। ਮਿਸ ਮਰਕਲ ਦੀ ਫੇਰੀ ਦੀ ਜਾਣਕਾਰੀ ਅਗਲੇ ਦਿਨ ਅਖ਼ਬਾਰਾਂ ਤੋਂ ਮਿਲੀ ਸੀ। ਮੇਰੀ ਯੂਨੀਵਰਸਿਟੀ ਜਿਸ ਸ਼ਹਿਰ ਵਿੱਚ ਹੈ, ਉਹ ਸੂਬੇ ਦੀ ਰਾਜਧਾਨੀ ਹੈ, ਸ਼ਹਿਰ ਵਿੱਚ ਵੀ ਕੋਈ ਰੈਲੀ ਅਤੇ ਨਾ ਹੀ ਕੋਈ ਰੌਲਾ-ਰੱਪਾ ਸੁਣਨ ਨੂੰ ਮਿਲਿਆ। ਸਾਰਾ ਕੰਮ ਆਮ ਵਾਂਗ ਹੁੰਦਾ ਰਿਹਾ, ਸਿਰਫ਼ ਪੇਵਮੈਂਟ ਉੱਪਰ ਛੋਟੇ ਪੋਸਟਰ ਲਗਭਗ 100-100 ਗਜ਼ ਦੇ ਉੱਪਰ ਰੱਖੇ ਗਏ ਸਨ। ਕਿਤੇ ਹੀ ਵਿਰਲਾ ਵੱਡਾ ਪੋਸਟਰ ਵੇਖਣ ਨੂੰ ਮਿਲਦਾ ਸੀ। ਇਹ ਸਾਰੇ ਪੋਸਟਰ ਚੋਣਾਂ ਤੋਂ ਬਾਅਦ ਉਮੀਦਵਾਰਾਂ ਨੇ ਆਪ ਚੁਕਵਾ ਦਿੱਤੇ ਸਨ।
ਇਸ ਲਈ ਮਨ ਵਿੱਚ ਕੁਦਰਤੀ ਸਵਾਲ ਉੱਠਦਾ ਸੀ ਕਿ ਸਾਡੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਤਾਂ ਛੱਡੋ, ਜੇ ਕੋਈ ਮੰਤਰੀ ਵੀ ਆਉਂਦਾ ਹੈ ਤਾਂ ਸਾਰਾ ਕੰਮ ਰੁਕ ਜਾਂਦਾ ਹੈ, ਉੱਤੋਂ ਸੁਰੱਖਿਆ ਦਾ ਕਿੰਨਾ ਵੱਡਾ ਪ੍ਰਬੰਧ ਹੁੰਦਾ ਹੈ। ਨਾਲ ਹੀ ਅਸੀਂ ਵੱਡੀਆਂ-ਵੱਡੀਆਂ ਰੈਲੀਆਂ ਕਰਦੇ ਹਾਂ। ਹਰ ਥਾਂ ’ਤੇ ਝੰਡੇ ਲੱਗੇ ਹੁੰਦੇ ਹਨ ਅਤੇ ਹਰ ਕੰਧ ਉੱਪਰ ਪੋਸਟਰ ਤੇ ਨਾਅਰੇ ਨਜ਼ਰ ਆਉਂਦੇ ਹਨ। ਕਿੰਨੀ ਸਮੇਂ ਦੀ ਬਰਬਾਦੀ ਹੁੰਦੀ ਹੈ ਅਤੇ ਲੋਹੜੇ ਦਾ ਖ਼ਰਚ ਹੁੰਦਾ ਹੈ। ਮੈਂ ਸੋਚਣ ’ਤੇ ਮਜਬੂਰ ਹੋ ਜਾਂਦਾ ਸਾਂ ਕਿ ਇਹ ਏਨੀ ਅਮੀਰ ਕੌਮ ਅਤੇ ਸਾਡਾ ਇੱਕ ਗ਼ਰੀਬ ਦੇਸ਼ ਹੈ। ਅਸੀਂ ਚੋਣਾਂ ਦੌਰਾਨ ਇੰਨੇ ਸਮੇਂ ਦੀ ਬਰਬਾਦੀ ਤੇ ਖ਼ਰਚ ਕਰਦੇ ਹਾਂ। ਉੱਪਰੋਂ ਇੰਨੀ ਗੰਦਗੀ ਪਾਉਂਦੇ ਹਾਂ, ਇਹ ਸਭ ਕਿਉਂ ਤੇ ਕਿਸ ਲਈ?
ਚੋਣਾਂ ਸਮੇਂ ਜੋ ਸਮਾਜ ਵਿੱਚ ਦਰਾੜਾਂ ਪੈਂਦੀਆਂ ਹਨ, ਉਹ ਵੀ ਬਹੁਤ ਮੰਦਭਾਗਾ ਹੈ। ਮੈਂ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਸੀ। ਇੱਕ ਦਿਨ ਭਾਪਾ ਜੀ ਦੇ ਕਾਗਜ਼ ਫਰੋਲਦਿਆਂ ਮੇਰੇ ਹੱਥ ਪੁਰਾਣਾ ‘ਇਲਸਟਰੇਟਡ ਵੀਕਲੀ’ (Illustrated Weekly) ਆ ਗਿਆ ਜਿਸ ਵਿੱਚ ਮਹਾਤਮਾ ਗਾਂਧੀ ਅਤੇ ਮੁਹੰਮਦ ਅਲੀ ਜਿਨਾਹ ਦੀ ਫੋਟੋ ਸੀ। ਉਸ ਫੋਟੋ ਵਿੱਚ ਦੋਵਾਂ ਨੇ ਜੱਫ਼ੀ ਪਾਈ ਹੋਈ ਸੀ ਅਤੇ ਹੇਠਾਂ ਲਿਖਿਆ ਸੀ ਕਿ ਦੋਵਾਂ ਦੀ ਸਿਆਸੀ ਸੋਚ ਵਿੱਚ ਬਹੁਤ ਫ਼ਰਕ ਸੀ, ਪਰ ਦੋਵੇਂ ਇੱਕ-ਦੂਜੇ ਦੀ ਬਹੁਤ ਇੱਜ਼ਤ ਕਰਦੇ ਸਨ। ਬੱਚਿਆਂ ਵਾਲੀ ਸਮਝ ਹੋਣ ਕਰਕੇ ਮਨ ਵਿੱਚ ਗੁੱਸਾ ਆਇਆ ਕਿ ਦੇਸ਼ ਦੀ ਵੰਡ ਵੇਲੇ ਹਜ਼ਾਰਾਂ ਬੰਦੇ ਮਰ ਗਏ, ਲੱਖਾਂ ਸ਼ਰਣਾਰਥੀ ਹੋ ਗਏ ਅਤੇ ਇਹ ਦੋਵੇਂ ਜੱਫ਼ੀਆਂ ਪਾਉਂਦੇ ਨੇ। ਵੱਡੇ ਹੋਏ, ਸੋਚ ਪਰਿਪੱਕ ਹੋਈ, ਸਮਝ ਆਈ ਕਿ ਮਹਾਤਮਾ ਗਾਂਧੀ ਅਤੇ ਜਿਨਾਹ ਆਪੋ-ਆਪਣੀ ਥਾਂ ਠੀਕ ਸਨ।
ਅੱਜਕੱਲ੍ਹ ਸਿਆਸਤ ਇੰਨੀ ਭਾਰੂ ਹੋ ਗਈ ਕਿ ਪਰਿਵਾਰ ਟੁੱਟ ਰਹੇ ਹਨ। ਅਸੀਂ ਇਹ ਕਿਉਂ ਨਹੀਂ ਦੇਖਦੇ ਕਿ ਅੱਡ-ਅੱਡ ਪਾਰਟੀਆਂ ਵਾਲੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਦੇ ਪਰਿਵਾਰਾਂ ਵਿੱਚ ਕੁੜਮਚਾਰੀ ਹੈ, ਰਿਸ਼ਤੇਦਾਰੀਆਂ ਹਨ। ਜੋ ਨੇਤਾ ਚੋਣਾਂ ਦੌਰਾਨ ਇੱਕ-ਦੂਸਰੇ ਦੇ ਉਲਟ ਧੂਆਂਧਾਰ ਤਕਰੀਰਾਂ ਕਰਦੇ ਹਨ, ਇਲਜ਼ਾਮ ਲਾਉਂਦੇ ਹਨ, ਬਾਅਦ ਵਿੱਚ ਇਕੱਠੇ ਹੋ ਕੇ ਮੰਤਰੀ ਬਣ ਜਾਂਦੇ ਹਨ, ਤਾਂ ਫਿਰ ਅਸੀਂ ਆਮ ਲੋਕ, ਵੋਟਾਂ ਕਰਕੇ ਆਪਸ ਵਿੱਚ ਕਿਉਂ ਅੱਡੋ-ਅੱਡ ਹੋ ਜਾਂਦੇ ਹਾਂ, ਵੈਰ ਕਮਾਉਂਦੇ ਹਾਂ? ਇਹ ਸੋਚਣ ਦੀ ਸਖ਼ਤ ਜ਼ਰੂਰਤ ਹੈ। ਇਸ ਮਾਹੌਲ ਵਿੱਚ ਸਿੱਧਵਾਂ ਖੁਰਦ ਦੇ ਨਿਵਾਸੀਆਂ ਨੇ ਸਾਨੂੰ ਰਾਹ ਵਿਖਾਇਆ ਹੈ ਕਿ ਆਪੋ-ਆਪਣੀ ਵੋਟ ਜ਼ਰੂਰ ਪਾਓ, ਪਰ ਬਗੈਰ ਸ਼ੋਰ-ਸ਼ਰਾਬੇ ਦੇ।
ਸਿੱਧਵਾਂ ਖੁਰਦ ਦੇ ਨਿਵਾਸੀਆਂ ਨੇ ਆਪਣੀ ਸੋਚ ਮੁਤਾਬਕ ਵੋਟਾਂ ਪਾਈਆਂ ਹਨ, ਪਰ ਦੂਸਰੇ ਪਾਸੇ ਚਿੰਤਾ ਵਾਲੀ ਇਹ ਗੱਲ ਹੈ ਕਿ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ ਘੱਟ ਵੋਟਾਂ ਪਈਆਂ ਹਨ। ਵੋਟਾਂ ਪਾਉਣ ਦਾ ਉਤਸ਼ਾਹ ਵਧਣ ਦੀ ਥਾਂ ਘਟ ਕਿਉਂ ਗਿਆ। ਇਸ ਦਾ ਕਾਰਨ ਕੀ ਸਮਾਜ ਵਿੱਚ ਨਿਰਾਸ਼ਾ ਹੈ, ਨਾਰਾਜ਼ਗੀ ਹੈ ਜਾਂ ਉਦਾਸੀਨਤਾ ਹੈ। ਸ਼ਹਿਰਾਂ ਵਿੱਚ ਪਿੰਡਾਂ ਨਾਲੋਂ ਵੀ ਘੱਟ ਵੋਟਾਂ ਪਈਆਂ ਹਨ। ਕੀ ਪੜ੍ਹਿਆ-ਲਿਖਿਆ ਤਬਕਾ ਢਹਿੰਦੀ ਕਲਾਂ ਵਿੱਚ ਹੈ। ਕੀ ਵੋਟਰ ਕੋਲ ਉਸ ਦੀ ਉਮੀਦ ਮੁਤਾਬਕ ਉਮੀਦਵਾਰ ਨਹੀਂ ਹਨ। ਇਸ ਪਾਸੇ ਸਾਡੇ ਨੇਤਾਵਾਂ ਅਤੇ ਸਾਨੂੰ ਭਾਵ ਸਮਾਜ ਨੂੰ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਅਸੀਂ ਸਿਰਫ਼ ਨੇਤਾਵਾਂ ਦੀ ਆਲੋਚਨਾ ਕਰਨ ਦੀ ਬਜਾਏ ਇਹ ਸੋਚੀਏ ਕਿ ਇਹ ਨੇਤਾ ਅਸੀਂ ਹੀ ਚੁਣੇ ਹਨ, ਇਹ ਸਰਕਾਰ ਸਾਡੀ ਹੀ ਚੁਣੀ ਹੋਈ ਹੈ। ਜੇ ਅਸੀਂ ਸਰਕਾਰ ਠੀਕ ਨਹੀਂ ਚੁਣੀ ਤਾਂ ਫਿਰ ਕਸੂਰ ਸਾਡਾ ਹੈ।
ਮੁੱਕਦੀ ਗੱਲ, ਸਿੱਧਵਾਂ ਖੁਰਦ ਦੇ ਨਿਵਾਸੀਆਂ ਨੇ ਜੋ ਕਰ ਕੇ ਵਿਖਾ ਦਿੱਤਾ, ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ। ਯਕੀਨ ਨਹੀਂ ਆਉਂਦਾ ਕਿ ਅੱਜਕੱਲ੍ਹ ਦੇ ਸਿਆਸੀ ਮਾਹੌਲ ਵਿੱਚ ਕੋਈ ਪਿੰਡ ਇਸ ਤਰ੍ਹਾਂ ਵੀ ਕਰ ਸਕਦਾ ਹੈ। ਸਿੱਧਵਾਂ ਖੁਰਦ ਵਿੱਚ ਕਈ ਵਿਦਿਅਕ ਸੰਸਥਾਵਾਂ ਹੋਣ ਕਰਕੇ ਇਹ ਪਿੰਡ ਪੜ੍ਹਿਆਂ-ਲਿਖਿਆਂ ਦਾ ਹੈ ਅਤੇ ਨਿਵਾਸੀ ਅਗਾਂਹਵਧੂ ਸੋਚ ਵਾਲੇ ਹਨ। ਇਸ ਨਾਲ ਸਿੱਧਵਾਂ ਖੁਰਦ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਸਮਾਜ ਅਤੇ ਦੇਸ਼ ਦੀ ਭਲਾਈ ਲਈ ਵਿੱਦਿਆ ਜ਼ਰੂਰੀ ਹੈ। ਸਮਾਜ ਨੂੰ ਨਵੀਂ ਸੇਧ ਦੇਣ ਲਈ ਆਓ ਆਪਾਂ ਸਾਰੇ ਰਲ਼ ਕੇ ਸਿੱਧਵਾਂ ਖੁਰਦ ਦੇ ਭਾਈਚਾਰੇ ਦਾ ਸ਼ੁਕਰੀਆ ਅਦਾ ਕਰੀਏ, ਉਨ੍ਹਾਂ ਨੂੰ ਵਧਾਈ ਦੇਈਏ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਪਹਿਲ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰੇ। ਜੇ ਸਿੱਧਵਾਂ ਖੁਰਦ ਨਿਵਾਸੀ ਕਰ ਸਕਦੇ ਹਨ ਤਾਂ ਆਪਾਂ ਕਿਉਂ ਨਹੀਂ ? ਇਹ ਆਪਣੇ ਆਪ ’ਤੇ ਸਵਾਲ ਕਰੀਏ। ਇਹ ਸੋਚ ਲਈਏ, ਇਸ ਵਿੱਚ ਹੀ ਸਾਡਾ, ਸਮਾਜ ਅਤੇ ਦੇਸ਼ ਦਾ ਭਲਾ ਹੈ।
ਸਾਬਕਾ ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ।
ਸੰਪਰਕ: 98728-71033