ਵਿਧੂ ਸ਼ੇਖਰ ਭਾਰਦਵਾਜ
ਪੰਜਾਬ ਵਿੱਚ ਖਾਸ ਕਰਕੇ ਤੇ ਉਂਝ ਸਾਰੇ ਦੇਸ਼ ਵਿੱਚੋਂ ਹੀ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਸਾਡੇ ਗਲੀਆਂ-ਮੁਹੱਲਿਆਂ ਵਿੱਚ ਬਜ਼ੁਰਗ ਬੈਠੇ ਹਨ, ਬੱਚੇ ਵਿਦੇਸ਼ੀਂ ਤੁਰ ਗਏ ਹਨ ਜਾਂ ਜਾ ਰਹੇ ਹਨ। ਇਸ ਵਹਾਅ ਵਿੱਚ ਵਹਿ ਮੇਰਾ ਛੋਟਾ ਬੇਟਾ ਵੀ ਜਰਮਨੀ ਜਾ ਬੈਠਾ। ਪਿਛਲੇ ਦਿਨੀਂ ਉਹਦੇ ਜਰਮਨ ਵਾਲੇ ਸ਼ਹਿਰ ਐਰਫਰਟ ਜਾਣ ਦਾ ਮੌਕਾ ਮਿਲਿਆ। ਦਿੱਲੀਂਓ ਸਿੱਧਾ ਜਹਾਜ਼ ਫਰੈਂਕਫਰਟ ਪੁੱਜਾ, ਜਿਥੋਂ ਐਰਫਰਟ ਤੱਕ ਰੇਲ ਗੱਡੀ ਦਾ ਢਾਈ ਘੰਟੇ ਦਾ ਸਫ਼ਰ ਸੀ। ਨੌਂ ਵਜੇ ਰਾਤ ਅਖੀਰਲੀ ਟਰੇਨ ਸੀ ਐਰਫਰਟ ਲਈ, ਜੋ ਅਚਾਨਕ ਰੱਦ ਹੋ ਗਈ। ਸਟੇਸ਼ਨ ’ਤੇ ਸਵਾਰੀਆਂ ਵਿੱਚ ਚਿੰਤਾ ਦਾ ਮਾਹੌਲ ਸੀ। ਉਸ ਤੋਂ ਬਾਅਦ ਰਾਤ ਢਾਈ ਵਜੇ ਐਰਫਰਟ ਲਈ ਰੇਲ ਸੀ। ਸਵਾਰੀਆਂ ਸਟੇਸ਼ਨ ਦੇ ਦਫ਼ਤਰ ਵੱਲ ਭੱਜੀਆਂ, ਜਿਥੋਂ ਸੁਨੇਹਾ ਮਿਲਿਆ ਕਿ ਰੇਲ ਫੜ ਕੇ ਮੇਨ ਸਟੇਸ਼ਨ ਫਰੈਂਕਫਰਟ ਜਾਓ। ਉਹ ਅੱਗੇ ਪਹੁੰਚਾਉਣ ਦਾ ਪ੍ਰਬੰਧ ਕਰਨਗੇ।
ਫਟਾਫਟ ਰੇਲ ਫੜ ਕੇ ਮੇਨ ਸਟੇਸ਼ਨ ਪੁੱਜੇ। ਉੱਥੇ ਇੱਕ ਰੇਲ ਖੜ੍ਹੀ ਸੀ, ਜਿਸ ਨੇ ਸਵਾਰੀਆਂ ਇਕੱਠੀਆਂ ਕਰ ਐਰਫਰਟ ਜਾਣਾ ਸੀ। ਰੇਲ ਦੇ ਗੇਟ ’ਤੇ ਇੱਕ ਮੁਲਾਜ਼ਮ ਔਰਤ ਸਭ ਦੀ ਬੁਕਿੰਗ ਚੈੱਕ ਕਰ ਰਹੀ ਸੀ ਤੇ ਯਾਤਰਆਂ ਨੂੰ ਜੀ ਆਇਆਂ ਕਹਿ ਰਹੀ ਸੀ। ਸਭ ਦੀ ਲਿਸਟ ਬਣਾਈ ਤੇ ਉਹ ਰੇਲ ਵਿੱਚ ਆ ਕੇ ਇਕੱਲੇ-ਇਕੱਲੇ ਸਵਾਰ ਨੂੰ ਐਰਫਰਟ ਤੋਂ ਉਨ੍ਹਾਂ ਦੇ ਪਹੁੰਚ ਸਟੇਸ਼ਨ ਤੱਕ ਕੀ ਪ੍ਰਬੰਧ ਹੈ, ਦੱਸ ਰਹੀ ਸੀ, ਨਾਲ ਹੀ ਟਰੇਨ ਕੈਂਸਲ ਹੋਣ ’ਤੇ ਹੋਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗ ਰਹੀ ਸੀ। ਉਸ ਤੋਂ ਬਾਅਦ ਗਾਜਰ ਦੇ ਜੂਸ ਵਰਗਾ ਕੁਝ ਪੀਣ ਲਈ ਯਾਤਰੀਆਂ ਨੂੰ ਦਿੱਤਾ ਗਿਆ। ਭਾਸ਼ਾ ਦੀ ਸਮੱਸਿਆ ਕਰਕੇ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ।
ਇਸ ਦੌਰਾਨ ਮੇਰੇ ਜ਼ਿਹਨ ਵਿੱਚ ਕੁਝ ਵਰ੍ਹੇ ਪਹਿਲਾਂ ਟਾਟਾਨਗਰ ਤੋਂ ਪਟਨਾ ਸਾਹਿਬ ਦਾ ਸਫ਼ਰ ਘੁੰਮ ਗਿਆ। ਦਸ ਕੁ ਸਾਲ ਪਹਿਲਾਂ ਗੱਲ ਹੈ ਕਿ ਇਹੋ ਬੇਟਾ ਟਾਟਾਨਗਰ, ਟਾਟਾ ਸਟੀਲ ਵਿੱਚ ਸੀ। ਉਸ ਨੇ ਆਪਣੀ ਪਹਿਲੀ ਪੋਸਟਿੰਗ ਦੀ ਥਾਂ ਤੇ ਝਾਰਖੰਡ ਦਿਖਾਉਣ ਅਤੇ ਪਟਨਾ ਸਾਹਿਬ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਬੁਲਾ ਲਿਆ। ਅਸੀਂ ਦਿੱਲੀਉਂ ਰੇਲ ਫੜ ਟਾਟਾਨਗਰ ਜਾ ਪੁੱਜੇ। ਕੁਝ ਦਿਨ ਬਾਅਦ ਬੇਟੇ ਨੇ ਪਟਨਾ ਸਾਹਿਬ ਦੀ ਬੁਕਿੰਗ ਕਰਾ ਦਿੱਤੀ। ਅਸੀਂ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਵਾਪਸੀ ’ਤੇ ਪਟਨਾ ਤੋਂ ਟਾਟਾਨਗਰ ਲਈ ਅੱਠ ਵਜੇ ਰੇਲ ਗੱਡੀ ਸੀ। ਸਟੇਸ਼ਨ ’ਤੇ ਪੁੱਜੇ ਤਾਂ ਪਤਾ ਲੱਗਾ ਕਿ ਰੇਲ ਲੇਟ ਹੈ। ਟਰੇਨ ਕਿੰਨੇ ਵਜੇ ਆਵੇਗੀ? ਕੋਈ ਕਰਮਚਾਰੀ ਨਹੀਂ ਸੀ ਦੱਸ ਰਿਹਾ। ਆਖ਼ਰ ਮੈਂ ਤੇ ਮੇਰੀ ਜੀਵਨ ਸਾਥਣ ਨੇ ਵਾਰੀ ਵਾਰੀ ਸੌਣ ਦਾ ਫੈਸਲਾ ਕਰ ਲਿਆ।
ਮੇਰੀ ਪਹਿਲਾਂ ਸੌਣ ਦੀ ਵਾਰੀ ਸੀ, ਅਜੇ ਸੁਤਉਣੀਂਦਾ ਹੀ ਸੀ ਕਿ ਆਵਾਜ਼ ਸੁਣੀ, “ਓ ਮਮਤਾ ਦੀਦੀ ਪੈਸਾ ਨਿਕਾਲੋ।” ਵੀਹ ਕੁ ਗਜ਼ ਦੂਰ ਬਣੀ ਪੁਲੀਸ ਚੌਕੀ ਵੱਲ ਇਸ਼ਾਰਾ ਕਰ ਕਹਿੰਦਾ, “ਵੋਹ ਮੁਝੇ ਕੁਛ ਨਹੀਂ ਕਹੇਂਗੇ, ਨਿਕਾਲ ਨਿਕਾਲ, ਯੇ ਆਪ ਕਾ ਸਾਮਾਨ ਅਭੀ ਗਾਇਬ ਕਰਵਾ ਦੂੰਗਾ”। ਮੈਂ ਇਕਦਮ ਉਭੜਵਾਹੇ ਉੱਠਿਆ ਤੇ ਉਸ ਨੂੰ ਡਾਂਟਣ ਲੱਗਾ। ਉਹ ਪੂਰੀ ਆਕੜ ਨਾਲ ਮੈਨੂੰ ਬੋਲਿਆ, “ਓ ਅਕੜ ਮਤ ਦਿਖਾ, ਅਭੀ ਉਠਵਾ ਦੂੰਗਾ।” ਨਾਲ ਹੀ ਗਾਲ੍ਹ ਕੱਢ ਤੁਰਨ ਲੱਗਾ। ਮੈਂ ਪਿੱਛੋਂ ਗਿੱਚੀ ਵਿੱਚ ਇੱਕ ਧਰਿਆ, ਉਹ ਭਮੱਤਰ ਗਿਆ ਤੇ ਇਹ ਕਹਿੰਦਿਆਂ ਭੱਜ ਗਿਆ, “ਦੇਖ ਲੂੰਗਾ”। ਮੈਂ ਰੇਲ ਬਾਰੇ ਜਿੰਨੀ ਵੀ ਵਾਰ ਪਤਾ ਕਰਨ ਗਿਆ ਉਹ ਵਿਅਕਤੀ ਮੈਨੂੰ ਪੁੱਛਗਿੱਛ ਖਿੜਕੀ ਕੋਲ ਹੀ ਮਿਲਿਆ ਤੇ ਕੌੜ-ਕੌੜ ਅੱਖ ਨਾਲ ਤਾੜਦਾ ਰਿਹਾ। ਰਾਤ ਅੱਠ ਵਜੇ ਵਾਲੀ ਗੱਡੀ ਦੂਜੇ ਦਿਨ ਸਵੇਰੇ 9 ਵਜੇ ਉਪਰੋਂ ਹੇਠਾਂ ਭਰੀ ਹੋਈ ਮਿਲੀ। ਸਾਡੀ ਰਿਜਰਵੇਸ਼ਨ ਹੋਣ ਦੇ ਬਾਵਜੂਦ ਸੀਟ ਨਹੀਂ ਮਿਲੀ। ਸਾਡੀਆਂ ਸੀਟਾਂ ’ਤੇ ਪਿੱਛੋਂ ਹੀ ਬੰਦੇ ਬਿਨਾਂ ਟਿਕਟਾਂ ਵਾਲੇ ਬਹਿ ਕੇ ਆਏ ਸਨ। ਟੀਟੀ ਨੂੰ ਦੱਸਣ ਦਾ ਵੀ ਕੋਈ ਫਾਇਦਾ ਨਾ ਹੋਇਆ। ਇੱਕ ਇੰਜਨੀਅਰ ਜਿਹਨੇ ਟਾਟਾਨਗਰ ਜਾਣਾ ਸੀ ਨੇ ਆਪਣੀ ਪਤਨੀ ਵੱਲੋਂ ਔਰਤਾਂ ਵਾਲਾ ਵਾਸ਼ਰੂਮ ਵਰਤਣ ਲਈ ਵਾਸ਼ਰੂਮ ਅੱਗੇ ਕੁਝ ਸਥਾਨਕ ਔਰਤਾਂ ਵੱਲੋ ਜਬਰੀ ਟੈਕਸ ਵਸੂਲੀ ਦੀ ਗੱਲ ਵੀ ਦੱਸੀ।
ਜਦੋਂ ਮੈਂ ਬੇਟੇ ਨੂੰ ਇਸ ਯਾਤਰਾ ਦੀ ਸਟੇਸ਼ਨ ’ਤੇ ਸਥਾਨਕ ਗੁੰਡੇ ਵਾਲੀ ਗੱਲ ਦੱਸੀ, ਉਸ ਨੇ ਕਿਹਾ ਕਿ ਤੁਸੀਂ ਉਸ ਦੇ ਚਪੇੜ ਮਾਰ ਕੇ ਬਾਹਰਲੀ ਸਟੇਟ ਵਿੱਚ ਖਤਰਾ ਸਹੇੜ ਲਿਆ ਸੀ। ਉੱਥੇ ਮੇਰਾ ਕੋਈ ਵੀ ਨੁਕਸਾਨ ਹੋ ਸਕਦਾ ਸੀ। ਕੁਝ ਦਿਨਾਂ ਬਾਅਦ ਇਕ ਖ਼ਬਰੀ ਚੈਨਲ ’ਤੇ ਇਹੋ ਜਿਹੀ ਘਟਨਾ ਦਾ ਜ਼ਿਕਰ ਸੀ ਕਿ ਇੱਕ ਯਾਤਰੀ ਸਟੇਸ਼ਨ ’ਤੇ ਪੁਲੀਸ ਚੌਕੀ ਵਿੱਚ ਲੁੱਟ ਦੀ ਰਿਪੋਰਟ ਲਿਖਾਉਣ ਗਿਆ ਤਾਂ ਪੁਲੀਸ ਨੇ ਰਿਪੋਰਟ ਤਾਂ ਕੀ ਲਿਖਣੀ ਸੀ, ਉਲਟਾ ਉਸੇ ਨਾਲ ਦੁਰਵਿਹਾਰ ਕੀਤਾ। ਬੇਟੇ ਦੇ ਕਹਿਣ ਮੁਤਾਬਿਕ “ਮੈਂ ਸੱਚੀਂਓ ਖਤਰਾ ਮੁੱਲ ਲੈ ਲਿਆ ਸੀ”।
ਇਹ ਤਾਂ ਇਕ-ਦੋ ਘਟਨਾਵਾਂ ਹਨ, ਪਰ ਅਜਿਹੀਆਂ ਅਣਗਿਣਤ ਸਮੱਸਿਆਵਾਂ ਸਾਡੇ ਪਿਆਰੇ ਦੇਸ਼ ਤੇ ਸਮਾਜ ਵਿਚ ਹਨ। ਸੋ ਬੇਰੁਜ਼ਗਾਰੀ ਤੇ ਅਜਿਹੇ ਹਾਲਾਤ ਕਾਰਨ ਜੋ ਜਾ ਸਕਦੇ ਹਨ, ਉਨ੍ਹਾਂ “ਮੇਰਾ ਭਾਰਤ ਮਹਾਨ” ਕਹਿ ਵਿਦੇਸ਼ ਜਾਣਾ ਹੀ ਹੋਇਆ। ਉਨ੍ਹਾਂ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ।
*ਗਲੀ ਨੰਬਰ 15, ਅਨੰਦ ਨਗਰ ਬੀ, ਪਟਿਆਲਾ।
ਸੰਪਰਕ: 98720-36192