ਸਵਰਾਜਬੀਰ
ਕਰੋਨਾਵਾਇਰਸ ਦੇ ਸੰਕਟ ਨਾਲ ਜੂਝਣ ਲਈ ਘਰਾਂ ਤੋਂ ਬਾਹਰ ਤੇ ਕਈ ਵਾਰ ਘਰਾਂ ਦੇ ਅੰਦਰ ਵੀ ਸਰੀਰਕ ਦੂਰੀ ਕਾਇਮ ਰੱਖਣ ਨੂੰ ਅਹਿਮ ਦੱਸਿਆ ਗਿਆ ਹੈ। ਇਹ ਵਾਇਰਸ ਪ੍ਰਭਾਵਿਤ ਹੋ ਚੁੱਕੇ ਬੰਦੇ/ਮਰੀਜ਼ ਤੋਂ ਦੂਸਰੇ ਲੋਕਾਂ ਤਕ ਸਾਹ ਪ੍ਰਣਾਲੀ ਜਾਂ ਛੋਹ ਰਾਹੀਂ ਫੈਲਦਾ ਹੈ। ਇਸ ਲਈ ਸਰੀਰਕ ਦੂਰੀ ਰੱਖਣੀ ਜ਼ਰੂਰੀ ਹੈ।
ਕਰੋਨਾਵਾਇਰਸ ਤੋਂ ਪਹਿਲਾਂ ਵੀ ਮਨੁੱਖ ਨੇ ਅਨੇਕਾਂ ਮਹਾਮਾਰੀਆਂ ਦਾ ਸਾਹਮਣਾ ਕੀਤਾ ਹੈ। ਸੰਨ 980 ਵਿਚ ਬੁਖਾਰਾ ਵਿਚ ਜਨਮੇ ਫ਼ਾਰਸੀ ਤਾਰਾ ਵਿਗਿਆਨੀ, ਭੂਗੋਲ ਸ਼ਾਸਤਰੀ, ਧਾਰਮਿਕ ਚਿੰਤਕ ਅਤੇ ਸਿਹਤ ਵਿਗਿਆਨੀ ਇਬਨੇ ਸੀਨਾ (ਲੈਟਿਨ/ਅੰਗਰੇਜ਼ੀ ਵਿਚ ਐਵੀਸੈਨਾ-Avicenna) ਨੇ ਗਿਆਰ੍ਹਵੀਂ ਸਦੀ ਵਿਚ ਪ੍ਰਕਾਸ਼ਿਤ ਕੀਤੇ ਸਿਹਤ ਵਿਗਿਆਨ ਦੇ ਗ੍ਰੰਥਾਂ ਵਿਚ ਇਹ ਸਿਧਾਂਤ ਦਿੱਤਾ ਜਿਸ ਵਿਚ ਇਹ ਕਿਹਾ ਗਿਆ ਕਿ ਤਪਦਿਕ ਅਤੇ ਹੋਰ ਭਿਆਨਕ ਬਿਮਾਰੀਆਂ ਦੇ ਮਰੀਜ਼ਾਂ ਨੂੰ 40 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਜਾਣਾ ਚਾਹੀਦਾ ਹੈ। 13ਵੀਂ ਸਦੀ ਵਿਚ ਗ੍ਰੰਥ ਸਪੇਨੀ ਵਿਚ ਅਨੁਵਾਦ ਕੀਤੇ ਗਏ ਅਤੇ ਬਾਅਦ ਵਿਚ ਹੋਰ ਯੂਰੋਪੀਅਨ ਭਾਸ਼ਾਵਾਂ ਵਿਚ। ਯੂਰੋਪ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਇਟਲੀ ਦੀ ਯੂਨੀਵਰਸਿਟੀ ਆਫ਼ ਬਲੋਗਨਾ ਅਤੇ ਹੋਰ ਯੂਨੀਵਰਸਿਟੀਆਂ ਵਿਚ ਇਨ੍ਹਾਂ ਗ੍ਰੰਥਾਂ ਨੂੰ ਸਿਹਤ ਵਿਗਿਆਨ ਦੇ ਆਧਾਰ ਮੰਨਿਆ ਗਿਆ। ਇਟਲੀ ਦੀ ਵਨੇਸ਼ੀਅਨ ਉਪ-ਭਾਸ਼ਾ ਵਿਚ 40 ਦਿਨਾਂ ਨੂੰ ਕੁਆਰਟਿਨਾ ਕਿਹਾ ਗਿਆ ਅਤੇ ਚੌਦ੍ਹਵੀਂ ਸਦੀ ਵਿਚ ਫੈਲੇ ਪਲੇਗ ਦੌਰਾਨ ਯੂਰੋਪ ਵਿਚ ਮਰੀਜ਼ਾਂ ਨੂੰ ਇਸ ਤਰ੍ਹਾਂ ਦੇ ਇਕਾਂਤਵਾਸ ਵਿਚ ਰੱਖਿਆ ਗਿਆ। ਇਸ ਤੋਂ ਅੰਗਰੇਜ਼ੀ ਭਾਸ਼ਾ ਵਿਚ ਕੁਆਰਨਟਾਈਨ ਸ਼ਬਦ ਬਣਿਆ ਤੇ ਸਾਰੇ ਸੰਸਾਰ ਵਿਚ ਇਹ ਸੰਕਲਪ ਵਿਕਸਿਤ ਹੋਇਆ ਜਿਸ ਅਨੁਸਾਰ ਖ਼ਾਸ ਰੋਗਾਂ ਤੋਂ ਪੀੜਤ ਰੋਗੀਆਂ ਨੂੰ ਇਕਾਂਤਵਾਸ ਵਿਚ ਵੱਖਰੇ ਕਰਕੇ ਰੱਖਿਆ ਜਾਂਦਾ ਰਿਹਾ ਹੈ।
ਮੌਜੂਦਾ ਮਹਾਮਾਰੀ ਦੌਰਾਨ ਵੱਖ ਵੱਖ ਸਰਕਾਰਾਂ ਨੇ ਆਪੋ-ਆਪਣੇ ਦੇਸ਼ਾਂ ਵਿਚ ਲੌਕਡਾਊਨ ਕਰਨ ਦੇ ਐਲਾਨ ਕੀਤੇ ਹਨ। ਭਾਰਤ ਵਿਚ ਲਗਭਗ ਸਾਢੇ ਚਾਰ ਘੰਟੇ ਦੀ ਮੋਹਲਤ ਦੇ ਕੇ ਇਤਿਹਾਸ ਦਾ ਸਭ ਤੋਂ ਵੱਡਾ ਲੌਕਡਾਊਨ ਸ਼ੁਰੂ ਕੀਤਾ ਗਿਆ। ਇਸ ਪਿੱਛੇ ਮੁੱਖ ਮਨੋਰਥ ਇਹੀ ਸੀ ਕਿ ਲੋਕ ਆਪਣੇ ਘਰਾਂ ਵਿਚ ਰਹਿਣਗੇ ਅਤੇ ਇਕ-ਦੂਸਰੇ ਨੂੰ ਨਾ ਮਿਲਣ ਕਾਰਨ ਸਰੀਰਕ ਦੂਰੀ ਦਾ ਅਸੂਲ ਅਮਲ ਵਿਚ ਆਵੇਗਾ ਅਤੇ ਪ੍ਰਭਾਵਿਤ ਮਰੀਜ਼ਾਂ ਤੋਂ ਲਾਗ ਨਾ ਲੱਗਣ ਕਾਰਨ ਬਿਮਾਰੀ ਦੀ ਲੜੀ ਟੁੱਟ ਜਾਵੇਗੀ। ਇਹ ਕਿਹਾ ਜਾ ਸਕਦਾ ਹੈ ਕਿ ਵਿਗਿਆਨਕ ਤੌਰ ’ਤੇ ਇਸ ਲੌਕਡਾਊਨ ਪਿਛਲੀ ਭਾਵਨਾ ਦੇ ਸਹੀ ਹੋਣ ਦੇ ਬਾਵਜੂਦ ਇਸ ਦੇ ਵੱਡ-ਆਕਾਰੀ ਸਮਾਜਿਕ ਅਤੇ ਆਰਥਿਕ ਅਸਰਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਜਿਸ ਦੇ ਨਤੀਜਿਆਂ ਵਿਚੋਂ ਇਕ ਵਰਤਾਰਾ ਪਰਵਾਸੀ ਮਜ਼ਦੂਰਾਂ ਦੇ ਸੰਕਟ ਦੇ ਰੂਪ ਵਿਚ ਸਾਹਮਣੇ ਆਇਆ। ਇਸ ਦੇ ਸ਼ਾਇਦ ਕਈ ਕਾਰਨ ਸਨ: ਰੁਜ਼ਗਾਰ ਨਾ ਮਿਲਣ ਕਾਰਨ ਪਰਵਾਸੀ ਮਜ਼ਦੂਰਾਂ ਕੋਲ ਖ਼ਤਮ ਹੋ ਰਿਹਾ ਪੈਸਾ; ਅਚਨਚੇਤ ਸ਼ੁਰੂ ਕੀਤੇ ਗਏ ਲੌਕਡਾਊਨ ਕਾਰਨ ਪੈਦਾ ਹੋਇਆ ਸਹਿਮ ਅਤੇ ਦਹਿਸ਼ਤ; ਘਰਾਂ ਤੋਂ ਦੂਰ ਘੁਰਨਿਆਂ ਵਰਗੀਆਂ ਥਾਵਾਂ ’ਤੇ ਡੱਕੇ ਰਹਿਣ ਦੀ ਬੇਵਸੀ; ਇਨ੍ਹਾਂ ਸਭ ਨੇ ਪਰਵਾਸੀ ਮਜ਼ਦੂਰਾਂ ਦੇ ਮਨਾਂ ਵਿਚ ਘਰਾਂ ਨੂੰ ਪਰਤਣ ਦੀ ਭਾਵਨਾ ਵਧਾਈ।
ਪਰਵਾਸੀ ਮਜ਼ਦੂਰ ਸਰਕਾਰ ਅਤੇ ਮੀਡੀਆ ਦੁਆਰੇ ਪ੍ਰਚਾਰੇ ਗਏ ਸਰੀਰਕ ਦੂਰੀ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਟਰੱਕਾਂ, ਬੱਸਾਂ ਅਤੇ ਗੱਡੀਆਂ ’ਤੇ ਚੜ੍ਹ ਗਏ; ਉਨ੍ਹਾਂ ਨੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਮੁਜ਼ਾਹਰੇ ਕੀਤੇ; ਉੱਥੇ ਕੋਈ ਸਰੀਰਕ ਦੂਰੀ ਨਹੀਂ ਸੀ। ਅਸੀਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕੋਈ ਅਕਲ ਨਹੀਂ। ਕੀ ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਸ ਭਿਆਨਕ ਬਿਮਾਰੀ, ਜਿਸ ਦਾ ਨਤੀਜਾ ਮੌਤ ਹੋ ਸਕਦੀ ਹੈ, ਦਾ ਸ਼ਿਕਾਰ ਹੋ ਰਹੇ ਹਨ? ਹਰ ਬੰਦਾ ਇਹ ਗੱਲ ਸਮਝਦਾ ਹੈ। ਫਿਰ ਕਿਉਂ ਲੱਖਾਂ ਲੋਕਾਂ ਨੇ ਘਰ ਪਹੁੰਚਣ ਲਈ ਮੌਤ ਦਾ ਦਰਿਆ ਤਰਨ ਦੀ ਹਿਮਾਕਤ ਕੀਤੀ? ਇਸ ਲੇਖ ਵਿਚ ਬੰਦੇ ਦੀ ਘਰ ਪਹੁੰਚਣ ਦੀ ਤੱਤਮੂਲਕ (Elemental) ਤਮੰਨਾ/ਖ਼ਾਹਿਸ਼ ਬਾਰੇ ਬਹਿਸ ਨਹੀਂ ਕੀਤੀ ਜਾ ਰਹੀ (ਇਸ ਬਾਰੇ ‘ਪੰਜਾਬੀ ਟ੍ਰਿਬਿਊਨ’ ਵਿਚ ਕਈ ਲੇਖ ਛਪ ਚੁੱਕੇ ਹਨ) ਅਤੇ ਦਲੀਲਾਂ ਇਸ ਗੱਲ ਤਕ ਸੀਮਤ ਰੱਖੀਆਂ ਜਾਣਗੀਆਂ ਕਿ ਕਿਉਂ ਬਹੁਤ ਸਾਰੇ ਲੋਕਾਂ ਨੇ ਸਰਕਾਰਾਂ ਅਤੇ ਮੀਡੀਆ ਦੇ ਪ੍ਰਚਾਰ ਦੇ ਬਾਵਜੂਦ ਸਰੀਰਕ ਦੂਰੀ ਬਣਾਈ ਰੱਖਣ ਦੇ ਅਸੂਲ ਦੀ ਪਾਲਣਾ ਕਰਨੀ ਜ਼ਰੂਰੀ ਨਹੀਂ ਸਮਝੀ। ਕਿਉਂ ਹੁਣ ਵੀ ਸਾਨੂੰ ਇਸ ਅਸੂਲ ਦੀ ਪਾਲਣਾ ਕਰਨੀ ਮੁਸ਼ਕਲ ਲੱਗ ਰਹੀ ਹੈ? ਜਦ ਅਸੀਂ ਆਪਣੀਆਂ ਕਾਰਾਂ ਜਾਂ ਘਰਾਂ ਤੋਂ ਬਾਹਰ ਝਾਕਦੇ ਹਾਂ ਤਾਂ ਵੇਖਦੇ ਹਾਂ ਕਿ ਸੜਕ਼ਾਂ ਕੰਢੇ ਲੋਕ ਝੁੰਡਾਂ ਵਿਚ ਬੈਠੇ, ਰੇਹੜੀਆਂ, ਦੁਕਾਨਾਂ, ਖੋਖਿਆਂ ’ਤੇ ਖੜ੍ਹੇ ਗੱਲਾਂ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਵੇਖ ਕੇ ਟਿੱਪਣੀਆਂ ਕਰਦੇ ਹਾਂ ਕਿ ਉਹ ਸਰੀਰਕ ਦੂਰੀ ਕਾਇਮ ਕਿਉਂ ਨਹੀਂ ਰੱਖ ਰਹੇ।
ਪਿਛਲੀ ਸਦੀ ਵਿਚ ਗਿਆਨ ਦੀ ਇਕ ਨਵੀਂ ਸ਼ਾਖ ਸੋਸ਼ਿਓਬਾਇਆਲੋਜੀ (Sociobiology) ਹੋਂਦ ਵਿਚ ਆਈ ਜਿਸ ਅਨੁਸਾਰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮਨੁੱਖ ਦੇ ਸਮਾਜਿਕ ਵਿਹਾਰ ਦਾ ਵਿਕਾਸ ਵੀ ਉਸੇ ਤਰ੍ਹਾਂ ਹੋਇਆ ਜਿਵੇਂ ਮਨੁੱਖ ਦੀ ਵਿਕਾਸ-ਯਾਤਰਾ (Evolution) ਦੌਰਾਨ ਉਸ ਦਾ ਸਰੀਰਕ ਵਿਕਾਸ। ਚਾਰਲਸ ਡਾਰਵਿਨ ਦੁਆਰਾ ਦਿੱਤੇ ਵਿਕਾਸ-ਯਾਤਰਾ (Evolution) ਦੇ ਸਿਧਾਂਤ ਅਨੁਸਾਰ ਅਸੀਂ ਇਹ ਮੰਨਦੇ ਹਾਂ ਕਿ ਧਰਤੀ ’ਤੇ ਜ਼ਿੰਦਗੀ ਦੀ ਉਤਪਤੀ ਸਾਧਾਰਨ ਜੀਵਾਂ ਤੋਂ ਸ਼ੁਰੂ ਹੋਈ ਤੇ ਫਿਰ ਵੱਡ-ਆਕਾਰੀ ਜੀਵ ਬਣੇ। ਮਨੁੱਖ ਦੀ ਵਿਕਾਸ-ਯਾਤਰਾ (Evolution) ਵਿਚ ਬਾਂਦਰ, ਬਣਮਾਣਸ ਆਦਿ ਸ਼ਾਮਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਜਿਹੜੇ ਜੀਵ ਵਾਤਾਵਰਨ, ਦੂਸਰੇ ਜੀਵਾਂ, ਬਿਮਾਰੀਆਂ ਆਦਿ ਦਾ ਸਫ਼ਲਤਾ ਨਾਲ ਸਾਹਮਣਾ ਕਰਦੇ ਰਹਿੰਦੇ ਹਨ, ਉਹ ਹੀ ਇਸ ਵਿਕਾਸ-ਯਾਤਰਾ ਵਿਚ ਬਚਦੇ ਹਨ।
ਚਾਰਲਸ ਡਾਰਵਿਨ ਦੇ ਵਿਗਾਸ/ਵਿਕਾਸ-ਯਾਤਰਾ (Evolution) ਦੇ ਸਿਧਾਂਤ ਅਨੁਸਾਰ ਵਿਕਾਸ-ਯਾਤਰਾ ਦੌਰਾਨ ਹਰ ਜੀਵ-ਸ਼੍ਰੇਣੀ (Species) ਆਪਣੇ ਉਨ੍ਹਾਂ ਸਰੀਰਕ ਅੰਗਾਂ ਅਤੇ ਕ੍ਰਿਆਵਾਂ ਨੂੰ ਜ਼ਿਆਦਾ ਵਿਕਸਿਤ ਕਰਨ ਦੀ ਚੋਣ ਕੁਦਰਤੀ ਤੌਰ ’ਤੇ ਕਰਦੀ ਹੈ ਜਿਹੜੀਆਂ ਉਸ ਨੂੰ ਆਪਣੇ ਆਲੇ-ਦੁਆਲੇ ਨਾਲ ਸੁਖਾਵਾਂ ਰਿਸ਼ਤਾ ਬਣਾਉਣ (Adapt), ਦੁਸ਼ਮਣਾਂ ਨਾਲ ਲੜਨ, ਬਿਮਾਰੀਆਂ ਤੇ ਆਫ਼ਤਾਂ ਦਾ ਸਾਹਮਣਾ ਕਰਨ ਵਿਚ ਸਹਾਇਤਾ ਕਰਦੀਆਂ ਹਨ। ਇਸ ਨੂੰ ਕੁਦਰਤੀ ਚੋਣ (Natural Selection) ਦਾ ਸਿਧਾਂਤ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਹਜ਼ਾਰਾਂ ਸਦੀਆਂ ਚਲਦੀ ਹੈ ਅਤੇ ਜੀਵ-ਸ਼੍ਰੇਣੀਆਂ ਆਪਣੇ ਅੰਗਾਂ ਵਿਚ ਏਨੀਆਂ ਛੋਟੀਆਂ ਛੋਟੀਆਂ ਤਬਦੀਲੀਆਂ ਕਰਦੀਆਂ ਰਹਿੰਦੀਆਂ ਹਨ ਕਿ ਉਨ੍ਹਾਂ ਤਬਦੀਲੀਆਂ ਦਾ ਪਤਾ ਵੀ ਨਹੀਂ ਲੱਗਦਾ। ਸਮਾਂ ਬੀਤਣ ’ਤੇ ਉਹ ਛੋਟੀਆਂ ਤਬਦੀਲੀਆਂ ਵੱਡੀਆਂ ਤਬਦੀਲੀਆਂ ਵਿਚ ਬਦਲ ਜਾਂਦੀਆਂ ਹਨ। ਜਿਹੜੀਆਂ ਜੀਵ-ਸ਼੍ਰੇਣੀਆਂ ਸਾਕਾਰਾਤਮਕ ਤਬਦੀਲੀਆਂ ਨਹੀਂ ਕਰ ਸਕਦੀਆਂ, ਉਹ ਇਸ ਸੰਸਾਰ ਤੋਂ ਖ਼ਤਮ ਵੀ ਹੋ ਸਕਦੀਆਂ ਹਨ। ਇਸ ਸਬੰਧ ਵਿਚ ਡਾਇਨਾਸੋਰ ਅਤੇ ਕਈ ਹੋਰ ਜੀਵ-ਸ਼੍ਰੇਣੀਆਂ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਨੂੰ ਸਭ ਤੋਂ ਸਮਰੱਥਾਵਾਨ/ਯੋਗਤਮ ਜੀਵਾਂ ਦੇ ਬਚੇ ਰਹਿਣ ਜਾਂ ਸੰਖੇਪ ਵਿਚ ਯੋਗਤਮ ਦੇ ਬਚਾਉ (Survival of the fittest) ਦਾ ਸਿਧਾਂਤ ਕਿਹਾ ਜਾਂਦਾ ਹੈ।
ਸੋਸ਼ਿਓਬਾਇਆਲੋਜੀ (Sociobiology) ਸਿਧਾਂਤ ਪਿਛਲੀ ਸਦੀ ਦੇ ਅੱਧ ਦੌਰਾਨ ਵਿਕਸਿਤ ਹੋਣਾ ਸ਼ੁਰੂ ਹੋਇਆ ਅਤੇ ਈ.ਓ. ਵਿਲਸਨ (E.O. Wilson) ਦੀ ਕਿਤਾਬ ‘ਸੋਸ਼ਿਓਬਾਇਆਲੋਜੀ: ਦਿ ਨਿਊ ਸਿੰਥੇਸਸ (Sociobiology: The New Synthesis)’ ਦੀ ਪ੍ਰਕਾਸ਼ਨਾ (1975) ਨਾਲ ਇਸ ਨੂੰ ਸਮਾਜਿਕ ਵਿਗਿਆਨ (Social Sciences) ਦੇ ਖੇਤਰ ਵਿਚ ਪੱਕੀ ਪਛਾਣ ਮਿਲੀ। ਸੋਸ਼ਿਓਬਾਇਆਲੋਜੀ ਦੀ ਬੁਨਿਆਦੀ ਧਾਰਨਾ ਹੈ ਕਿ ਜਿਵੇਂ ਹਰ ਜੀਵ ਜਾਤੀ ਦੇ ਜੀਵ ਸਰੀਰਕ ਵਿਕਾਸ ਦੌਰਾਨ ਆਪਣੇ ਸਰੀਰ ਤੇ ਸਰੀਰਕ ਕਿਰਿਆਵਾਂ ਨੂੰ ਵਾਤਾਵਰਨ, ਬਿਮਾਰੀਆਂ ਨਾਲ ਲੜਨ ਦੀ ਯੋਗਤਾ ਬਣਾਉਣ ਆਦਿ ਅਨੁਸਾਰ ਢਾਲਦੇ ਹਨ, ਉਵੇਂ ਹੀ ਉਹ (ਸਾਰੇ ਜੀਵ ਤੇ ਮਨੁੱਖ) ਆਪਣੇ ਨਿੱਜੀ ਅਤੇ ਸਮਾਜਿਕ ਵਿਹਾਰ ਵੀ ਇਸੇ ਤਰ੍ਹਾਂ ਢਾਲਦੇ ਹਨ ਕਿ ਉਨ੍ਹਾਂ ਦੀ ਜਾਤੀ ਇਸ ਦੁਨੀਆ ਵਿਚ ਬਚੀ ਰਹੇ ਅਤੇ ਵਧਦੀ-ਫੁੱਲਦੀ ਰਹੇ।
ਇਸ ਧਾਰਨਾ ਅਨੁਸਾਰ ਮਨੁੱਖ ਦੇ ਵੱਖ ਵੱਖ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਵਿਹਾਰਾਂ ਦਾ ਆਧਾਰ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਹੋਣ ਦੇ ਨਾਲ ਨਾਲ ਇਹ ਵਿਹਾਰ ਮਨੁੱਖ ਜਾਤੀ ਨੂੰ ਬਚਾਈ ਰੱਖਣ ਅਤੇ ਪ੍ਰਫੁੱਲਿਤ ਕਰਨ ਵੱਲ ਸੇਧਿਤ ਹਨ; ਮਨੁੱਖ ਦਾ ਹਰ ਵਿਹਾਰ, ਇੱਥੋਂ ਤਕ ਕਿ ਉਸ ਨੂੰ ਕਿਹੜੇ ਭੋਜਨ ਪਦਾਰਥਾਂ ਦਾ ਜ਼ਾਇਕਾ ਚੰਗਾ ਲੱਗਦਾ ਹੈ, ਉਹ ਕਿਉਂ ਵਿਆਹ ਕਰਦੇ ਹਨ, ਕਿਉਂ ਕਦੇ ਸ਼ਾਂਤਮਈ ਰਹਿੰਦੇ ਅਤੇ ਕਦੇ ਹਿੰਸਕ ਹੋ ਜਾਂਦੇ ਹਨ, ਆਦਿ ਸਭ ਵਿਕਾਸ-ਯਾਤਰਾ (Evolution) ਦੀ ਪ੍ਰਕਿਰਿਆ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਕਿ ਉਹ ਮਨੁੱਖ ਜਾਤੀ ਦੀ ਹੋਂਦ ਨੂੰ ਬਣਾਈ ਰੱਖਣ। ਇਸ ਸਿਧਾਂਤ ਵਿਚ ਮਨੁੱਖੀ ਵਿਹਾਰ ਦੇ ਹਜ਼ਾਰਾਂ ਪੱਖਾਂ ਜਿਵੇਂ ਕੁਰਬਾਨੀ ਦੇਣਾ, ਧੋਖਾ ਦੇਣਾ, ਹਲੀਮੀ ਜਾਂ ਧੱਕੜਪੁਣੇ ਵਾਲਾ ਵਿਹਾਰ ਕਰਨਾ ਆਦਿ ਨੂੰ ਮਨੁੱਖ ਜਾਤੀ ਨੂੰ ਬਚਾਈ ਰੱਖਣ ਦੇ ਅਸੂਲ ਦੇ ਪੱਖ ਤੋਂ ਹੀ ਵਿਚਾਰਿਆ ਗਿਆ ਹੈ। ਸਭ ਤੋਂ ਦਿਲਚਸਪ ਧਾਰਨਾ ਇਹ ਹੈ ਕਿ ਮਨੁੱਖ ਨੂੰ ਉਹ ਭੋਜਨ ਹੀ ਜ਼ਿਆਦਾ ਸਵਾਦ ਲੱਗਦੇ ਹਨ ਜਿਹੜੇ ਉਸ ਦੀ ਹੋਂਦ ਨੂੰ ਬਣਾਈ ਰੱਖਣ, ਬਿਮਾਰੀਆਂ ਨਾਲ ਲੜਨ ਅਤੇ ਹੋਰ ਆਫ਼ਤਾਂ ਦਾ ਸਾਹਮਣਾ ਕਰਨ ਵਿਚ ਜ਼ਿਆਦਾ ਸਹਾਇਤਾ ਕਰਦੇ ਹਨ। ਇਸ ਦਲੀਲ ਅਨੁਸਾਰ ਮਨੁੱਖ ਨੇ ਆਪਣੀ ਵਿਕਾਸ-ਯਾਤਰਾ ਵਿਚ ਭੋਜਨਾਂ ਦੀ ਚੋਣ ਕੀਤੀ ਹੈ; ਉਸ ਨੇ ਸਿਹਤਮੰਦ ਬਣਾ ਕੇ ਰੱਖਣ ਵਾਲੇ ਭੋਜਨਾਂ ਨੂੰ ਅਪਣਾਇਆ ਹੈ ਅਤੇ ਬਾਕੀਆਂ ਨੂੰ ਨਕਾਰ ਦਿੱਤਾ ਹੈ। ਇਸ ਸਿਧਾਂਤ ਅਨੁਸਾਰ ਜਿਹੜਾ ਵੀ ਭੋਜਨ ਜਾਂ ਮਨੁੱਖੀ ਵਿਹਾਰ (ਨਿੱਜੀ, ਸਮਾਜਿਕ, ਸੱਭਿਆਚਾਰਕ) ਅੱਜ ਹੋਂਦ ਵਿਚ ਹੈ, ਉਸ ਦਾ ਅਰਥ ਹੈ ਉਹ ਮਨੁੱਖ ਨਾਲ ਹਜ਼ਾਰਾਂ ਸਾਲ ਸਫ਼ਰ ਕਰਦਾ ਰਿਹਾ ਹੈ ਅਤੇ ਮਨੁੱਖ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਜ਼ਰੂਰਤ ਹੈ।
ਇਸ ਤਰ੍ਹਾਂ ਸੋਸ਼ਿਓਬਾਇਆਲੋਜੀ ਦੇ ਸਿਧਾਂਤ ਅਨੁਸਾਰ ਸੋਚੀਏ ਤਾਂ ਝੁੰਡਾਂ, ਬਸਤੀਆਂ, ਪਿੰਡਾਂ, ਸ਼ਹਿਰਾਂ ਵਿਚ ਇਕੱਠਿਆਂ ਰਹਿਣਾ ਮਨੁੱਖ ਜਾਤੀ ਦੀ ਬੁਨਿਆਦੀ ਜ਼ਰੂਰਤ ਹੈ। ਇਸ ਤੱਥ ਨੂੰ ਵਿਚਾਰਕ ਪੱਧਰ ’ਤੇ ਤਰਾਸ਼ਦਿਆਂ ਅਰਸਤੂ ਨੇ ਕਿਹਾ ਸੀ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ। ਸੋਸ਼ਿਓਬਾਇਆਲੋਜੀ ਅਨੁਸਾਰ ਸਮਾਜਿਕ ਪ੍ਰਾਣੀ ਹੋਣਾ ਤੇ ਬਣਨਾ ਉਸ ਦੀ ਵਿਕਾਸ-ਯਾਤਰਾ (Evolution) ਦਾ ਹਿੱਸਾ ਹੈ ਤੇ ਮਨੁੱਖ ਨੇ ਇਕੱਠੇ ਰਹਿਣ ਵਾਲੇ ਸਮੂਹ ਜਾਂ ਸਮਾਜ ਬਣਾਉਣ ਦੀ ਇਸ ਲਈ ਚੋਣ ਕੀਤੀ ਕਿ ਸਮਾਜ ਬਣਾਉਣਾ ਮਨੁੱਖ ਜਾਤੀ ਨੂੰ ਬਚਾ ਕੇ ਰੱਖਣ ਲਈ ਜ਼ਰੂਰੀ ਸੀ। ਬਾਅਦ ਵਿਚ ਇਕੱਠੇ ਰਹਿਣਾ ਮਨੁੱਖ ਦੀ ਭੌਤਿਕ ਹੋਂਦ ਨੂੰ ਬਚਾਉਣ ਦੇ ਨਾਲ ਨਾਲ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਅਰਥ ਵੀ ਗ੍ਰਹਿਣ ਕਰ ਗਿਆ।
ਇਸ ਤਰ੍ਹਾਂ ਮਨੁੱਖਾਂ ਦਾ ਇਕੱਠੇ ਰਹਿਣਾ, ਜਿਸ ਵਿਚ ਸਰੀਰਕ ਨੇੜਤਾ ਲਾਜ਼ਮੀ ਹੈ, ਉਸ ਦੀ ਭੌਤਿਕ ਹੋਂਦ ਨੂੰ ਬਣਾਈ ਰੱਖਣ ਲਈ ਅਜਿਹੀ ਜੈਨੇਟਿਕ ਤੇ ਮਾਨਸਿਕ ਬਣਤਰ ਹੈ ਜਿਹੜੀ ਉਸ ਦੀ ਵਿਕਾਸ-ਯਾਤਰਾ (Evolution) ਦੌਰਾਨ ਪੈਦਾ ਹੋ ਕੇ ਉਸ ਦੀ ਮਾਨਸਿਕਤਾ ਤੇ ਸਮਾਜਿਕਤਾ ਦਾ ਜ਼ਰੂਰੀ ਹਿੱਸਾ ਬਣ ਗਈ ਹੈ। ਇਕੱਠੇ ਰਹਿਣਾ ਹੀ ਮਨੁੱਖ ਹੋਣਾ ਹੈ ਅਤੇ ਇਸ ਨਾਲ ਜੁੜੇ ਹੋਰ ਵਰਤਾਰੇ ਸਾਨੂੰ ਦੱਸਦੇ ਹਨ ਕਿ ਮਨੁੱਖ ਥਾਂ ਥਾਂ ’ਤੇ ਇਕੱਠੇ ਹੁੰਦੇ ਹਨ, ਯਾਰਾਂ-ਦੋਸਤਾਂ, ਰਿਸ਼ਤੇਦਾਰਾਂ ਦੀਆਂ ਪਾਰਟੀਆਂ ਵਿਚ, ਮੇਲਿਆਂ ਤੇ ਤਿਉਹਾਰਾਂ ਵਿਚ, ਵਿਆਹ-ਸ਼ਾਦੀਆਂ ਅਤੇ ਹੋਰ ਸਮਾਜਿਕ ਰਸਮਾਂ ਵੇਲੇ। ਇਸ ਨੁਕਤਾ-ਨਿਗਾਹ ਤੋਂ ਦੇਖੀਏ ਤਾਂ ਮਹਿਸੂਸ ਹੁੰਦਾ ਹੈ ਕਿ ਮਨੁੱਖ ਇਕੱਠੇ ਹੋਣ ਦੇ ਮੌਕੇ ਲੱਭਦੇ ਰਹਿੰਦੇ ਹਨ। ਇੰਟਰਨੈੱਟ ਅਤੇ ਮੋਬਾਈਲ ਫੋਨਾਂ ਦੀ ਖੋਜ ਤੋਂ ਬਾਅਦ ਮਨੁੱਖਾਂ ਵਿਚ ਰੋਜ਼ਾਨਾ ਲੱਖਾਂ ਘੰਟੇ ਹੁੰਦੀ ਗੱਲਬਾਤ ਇਹ ਸਿੱਧ ਕਰਦੀ ਹੈ ਕਿ ਲੋਕ ਕਿਵੇਂ ਬਹੁਤ ਵੱਡੀ ਪੱਧਰ ’ਤੇ ਇਕ-ਦੂਸਰੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ।
ਆਮ ਜੀਵਨ ਵਿਚ ਵੀ ਸਾਡਾ ਤਜਰਬਾ ਸਾਨੂੰ ਦੱਸਦਾ ਹੈ ਕਿ ਦੁੱਖ, ਤਕਲੀਫ਼, ਖ਼ੁਸ਼ੀ, ਜਸ਼ਨ, ਜਬਰ-ਜ਼ੁਲਮ, ਵਿਛੋੜੇ ਤੇ ਮਿਲਨ ਦੇ ਸਮਿਆਂ ਵਿਚ ਮਨੁੱਖ ਸਰੀਰਕ ਨੇੜਤਾ ਲੋਚਦਾ ਹੈ। ਦੁੱਖ ਸਹਿੰਦਿਆਂ ਤੇ ਆਪਣਿਆਂ ਦੇ ਇਸ ਸੰਸਾਰ ਤੋਂ ਤੁਰ ਜਾਣ ’ਤੇ ਦੋਸਤ, ਰਿਸ਼ਤੇਦਾਰ, ਨਜ਼ਦੀਕੀ ਇਕ-ਦੂਸਰੇ ਨੂੰ ਗਲੇ ਮਿਲਦੇ ਹਨ, ਜੱਫੀ ਵਿਚ ਲੈ ਕੇ ਦਿਲਾਸਾ ਹਨ; ਖ਼ੁਸ਼ੀ ਦੇ ਸਮਿਆਂ ਵਿਚ ਇਕੱਠੇ ਹੋ ਕੇ ਜਸ਼ਨ ਮਨਾਉਂਦੇ, ਜੱਫੀਆਂ ਪਾਉਂਦੇ ਤੇ ਨੱਚਦੇ ਹਨ। ਕਿਸੇ ਲੋਕ-ਸਮੂਹ ’ਤੇ ਜਦ ਕੋਈ ਬਾਹਰਲਾ ਲੋਕ-ਸਮੂਹ ਹਮਲਾ ਕਰਦਾ ਹੈ ਤਾਂ ਲੋਕ ਇਕੱਠੇ ਹੋ ਕੇ ਨੇੜੇ ਨੇੜੇ ਰਹਿੰਦੇ ਅਤੇ ਬਾਹਰਲਿਆਂ ਵਿਰੁੱਧ ਸਮੂਹਿਕ ਰੂਪ ਵਿਚ ਲੜਦੇ ਹਨ।
ਇਨ੍ਹਾਂ ਕਾਰਨਾਂ ਕਰਕੇ ਮਨੁੱਖ ਨੂੰ ਕਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਸਰੀਰਕ ਦੂਰੀ ਬਣਾਈ ਰੱਖਣ ਲਈ ਆਪਣੇ ਆਪ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ, ਹਜ਼ਾਰਾਂ ਸਦੀਆਂ ਤੋਂ ਬਣੇ ਆਪਣੇ ਸੁਭਾਅ ਦੇ ਵਿਰੁੱਧ ਜਾਣਾ ਪੈ ਰਿਹਾ ਹੈ। ਇਹ ਮਨ ਨੂੰ ਮਾਰਨਾ ਤੇ ਇਕ ਤਰ੍ਹਾਂ ਆਪਣੇ ਬੁਨਿਆਦੀ ਵਿਹਾਰ ਤੋਂ ਉਲਟ ਪਾਸੇ ਜਾਣਾ ਹੈ ਪਰ ਇਸ ਦੇ ਨਾਲ ਹੀ ਮਨੁੱਖ ਨੇ ਆਪਣੀ ਹੋਂਦ ਬਣਾਈ ਰੱਖਣ ਲਈ ਹਜ਼ਾਰਾਂ ਪ੍ਰਵਿਰਤੀਆਂ, ਸੁਆਦਾਂ, ਚਾਹਤਾਂ, ਖ਼ਾਹਿਸ਼ਾਂ ਆਦਿ ਨੂੰ ਅਪਣਾਇਆ, ਛੱਡਿਆ ਅਤੇ ਉਨ੍ਹਾਂ ਵਿਚ ਬਦਲਾਉ ਕੀਤਾ ਹੈ। ਆਪਣੀਆਂ ਮਾਨਸਿਕ ਤੇ ਸਰੀਰਕ ਯੋਗਤਾਵਾਂ ਕਾਰਨ ਮਨੁੱਖ ਇਸ ਧਰਤੀ ’ਤੇ ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਅਨੁਸਾਰ ਸਭ ਤੋਂ ਜ਼ਿਆਦਾ ਸਮਰੱਥਾਵਾਂ ਵਿਕਸਿਤ ਕਰਦਾ ਹੋਇਆ ਜੀਵ-ਸਮੂਹਾਂ ਵਿਚੋਂ ਸਭ ਤੋਂ ਯੋਗਤਮ ਪ੍ਰਾਣੀ ਕਹਿਲਾਉਣ ਦੇ ਕਾਬਲ ਹੋਇਆ ਹੈ। ਉਹ ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਸਰੀਰਕ ਦੂਰੀ ਦੇ ਅਸੂਲ ਨੂੰ ਵੀ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾ ਸਕਦਾ ਹੈ ਤੇ ਬਣਾ ਰਿਹਾ ਹੈ ਭਾਵੇਂ ਸਰੀਰਕ ਨੇੜਤਾ ਉਸ ਦੀ ਕੁਦਰਤੀ ਜ਼ਰੂਰਤ ਬਣ ਚੁੱਕੀ ਹੈ ਤੇ ਸ਼ਾਇਦ ਕਰੋਨਾਵਾਇਰਸ ਨੂੰ ਹਰਾਉਣ ਤੋਂ ਬਾਅਦ ਇਹ ਪ੍ਰਵਿਰਤੀ ਜ਼ਿਆਦਾ ਜ਼ੋਰ ਨਾਲ ਵਾਪਸ ਆਵੇ ਕਿਉਂਕਿ ਸਰੀਰਕ ਨੇੜਤਾ ਦੀ ਪ੍ਰਵਿਰਤੀ ਹਜ਼ਾਰਾਂ ਸਦੀਆਂ ਦੀ ਵਿਕਾਸ-ਯਾਤਰਾ (Evolution) ਦੌਰਾਨ ਪੈਦਾ ਅਤੇ ਪ੍ਰਫੁੱਲਿਤ ਹੋਈ ਹੈ। ਇਹ ਮਨੁੱਖੀ ਸੁਭਾਅ, ਸਮਾਜਿਕਤਾ ਤੇ ਸੱਭਿਆਚਾਰ ਦਾ ਹਿੱਸਾ ਹੈ; ਇਸੇ ਲਈ ਕਰੋਨਾਵਾਇਰਸ ਕਾਰਨ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਅਸੂਲ ’ਤੇ ਅਮਲ ਕਰਨ ਲਈ ਮਨੁੱਖ ਨੂੰ ਆਪਣੇ ਸੁਭਾਅ ਤੇ ਕੁਦਰਤੀ ਬਣ ਚੁੱਕੀ ਸਰੀਰਕ ਨੇੜਤਾ ਦੀ ਪ੍ਰਵਿਰਤੀ ਵਿਰੁੱਧ ਵੱਡੀ ਲੜਾਈ ਲੜਨੀ ਪੈ ਰਹੀ ਹੈ।