ਸ਼ਮੀਲ
ਤਿੰਨ ਮਿਸਾਲਾਂ ਨਾਲ ਗੱਲ ਸ਼ੁਰੂ ਕਰਾਂਗਾ।
ਏਅਰਪੋਰਟਾਂ ’ਤੇ ਇਹ ਸਹੂਲਤ ਬਜ਼ੁਰਗਾਂ ਜਾਂ ਬਿਮਾਰ ਲੋਕਾਂ ਲਈ ਦਿੱਤੀ ਜਾਂਦੀ ਹੈ ਕਿ ਜੇ ਉਹ ਤੁਰ ਨਹੀਂ ਸਕਦੇ ਤਾਂ ਉਹ ਵ੍ਹੀਲਚੇਅਰ ਦੀ ਮੰਗ ਕਰ ਸਕਦੇ ਹਨ। ਇਸ ਨਾਲ ਨਾ ਸਿਰਫ਼ ਵ੍ਹੀਲਚੇਅਰ ਮਿਲਦੀ ਹੈ ਸਗੋਂ ਇਕ ਏਅਰਪੋਰਟ ਦਾ ਕਰਮਚਾਰੀ ਤੁਹਾਨੂੰ ਵ੍ਹੀਲਚੇਅਰ ’ਤੇ ਬਿਠਾ ਕੇ ਜਿੱਥੇ ਤੁਸੀਂ ਜਾਣਾ ਹੋਵੇ, ਲਿਜਾਂਦਾ ਹੈ। ਸਾਡੇ ਕੁਝ ਲੋਕਾਂ ਨੇ ਤਰੀਕਾ ਇਹ ਕੱਢਿਆ ਹੈ ਕਿ ਜੇ ਕਿਸੇ ਬਜ਼ੁਰਗ ਨੂੰ ਇਕੱਲੇ ਭੇਜਣਾ ਹੈ ਤਾਂ ਵ੍ਹੀਲਚੇਅਰ ਮੰਗ ਲਓ, ਉਸ ਨਾਲ ਸਾਰਾ ਕੰਮ ਸੌਖਾ ਹੋ ਜਾਵੇਗਾ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਏਅਰਪੋਰਟ ਵਾਲਿਆਂ ਨੂੰ ਨਵਾਂ ਕੰਮ ਛਿੜ ਗਿਆ ਹੈ। ਉਨ੍ਹਾਂ ਨੂੰ ਆਪਣੀ ਉਮੀਦ ਨਾਲੋਂ ਵੱਧ ਲੋਕ ਵ੍ਹੀਲਚੇਅਰਾਂ ’ਤੇ ਲਾਉਣੇ ਪੈਂਦੇ ਹਨ।
ਕੈਨੇਡਾ ਦੇ ਸਿਹਤ ਢਾਂਚੇ ਦੀ ਭਾਵੇਂ ਬਹੁਤ ਤਾਰੀਫ਼ ਕੀਤੀ ਜਾਂਦੀ ਹੈ, ਪਰ ਇਹ ਵੀ ਖ਼ਾਮੀਆਂ ਤੋਂ ਮੁਕਤ ਨਹੀਂ ਹੈ। ਇੱਥੇ ਹਸਪਤਾਲਾਂ ਦੇ ਐਮਰਜੈਂਸੀ ਸਿਸਟਮ ਵਿਚ ਐਨੀ ਲੰਬੀ ਉਡੀਕ ਹੋ ਜਾਂਦੀ ਹੈ ਕਿ ਉਸ ਦੇ ਮੁਕਾਬਲੇ ਤੁਹਾਨੂੰ ਇੰਡੀਆ ਦਾ ਸਿਸਟਮ ਸੁਪਰਫਾਸਟ ਲੱਗੇਗਾ। ਹਸਪਤਾਲਾਂ ਦੀ ਐਮਰਜੈਂਸੀ ਵਿਚ ਹੀ ਕਈ ਕਈ ਘੰਟੇ ਉਡੀਕ ਕਰਨੀ ਪੈਂਦੀ ਹੈ। ਪਰ ਜੇ ਕਿਸੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਵੇ, ਐਨੀ ਖਰਾਬ ਤਾਂ ਇਹ ਸੁਵਿਧਾ ਵੀ ਹੈ ਕਿ ਤੁਸੀਂ 911 ਕਾਲ ਕਰੋ ਅਤੇ ਐਂਬੂਲੈਂਸ ਘਰ ਬੁਲਾ ਲਓ। ਇਹ ਐਮਰਜੈਂਸੀ ਸੁਵਿਧਾ ਹੈ। ਸਾਡੇ ਵਾਲੇ ਕੁਝ ਸੱਜਣਾਂ ਨੇ ਨਵਾਂ ਤਰੀਕਾ ਕੱਢਿਆ। ਉਹ ਐਮਰਜੈਂਸੀ ਰੂਮ ਦੀ ਲਾਈਨ ਤੋਂ ਬਚਣ ਲਈ ਖ਼ੁਦ ਐਮਰਜੈਂਸੀ ਵਿਚ ਨਹੀਂ ਜਾਂਦੇ। ਉਹ 911 ਕਾਲ ਕਰਦੇ ਹਨ। ਘਰ ਵਿਚ ਐਂਬੂਲੈਂਸ ਬੁਲਾਉਂਦੇ ਹਨ। ਕਿਸੇ ਦਰਦ ਜਾਂ ਬਹੁਤ ਜ਼ਿਆਦਾ ਤਕਲੀਫ਼ ਦਾ ਬਹਾਨਾ ਕਰਦੇ ਹਨ। ਐਂਬੂਲੈਂਸ ਆਏਗੀ ਅਤੇ ਹਸਪਤਾਲ ਲਿਜਾਏਗੀ। ਜਦੋਂ ਕੋਈ ਮਰੀਜ਼ ਐਂਬੂਲੈਂਸ ਰਾਹੀਂ ਹੌਸਪੀਟਲ ਪਹੁੰਚਿਆ ਤਾਂ ਉਸ ਨੂੰ ਪਹਿਲ ਦੇ ਆਧਾਰ ’ਤੇ ਦੇਖਿਆ ਜਾਵੇਗਾ। ਆਪਣਾ ਉੱਲੂ ਸਿੱਧਾ ਹੋਣਾ ਚਾਹੀਦਾ ਹੈ, ਭਾਵੇਂ ਕਿਵੇਂ ਵੀ ਹੋਵੇ। ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਲਈ ਇੱਥੇ ਡਰਾਈਵਿੰਗ ਲਾਇਸੈਂਸ ਲੈਣਾ ਪਹਿਲੀ ਵੱਡੀ ਚੁਣੌਤੀ ਹੁੰਦੀ ਹੈ। ਇੱਥੋਂ ਦਾ ਡਰਾਈਵਰ ਲਾਇਸੈਂਸ ਦਾ ਸਿਸਟਮ ਹੋਰ ਵਿਕਸਿਤ ਮੁਲਕਾਂ ਦੀ ਤਰ੍ਹਾਂ ਕਾਫ਼ੀ ਪ੍ਰਭਾਵਸ਼ਾਲੀ ਹੈ। ਲਾਇਸੈਂਸ ਲੈਣ ਲਈ ਪਹਿਲਾਂ ਲਿਖਤੀ ਟੈਸਟ ਪਾਸ ਕਰੋ। ਉਸ ਤੋਂ ਬਾਅਦ ਡਰਾਈਵਿੰਗ ਸਕੂਲ ਤੋਂ ਟਰੇਨਿੰਗ ਲਓ ਅਤੇ ਬਾਅਦ ਵਿਚ ਡਰਾਈਵ ਟੈਸਟ ਦਿਓ। ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੁੰਦੀ ਹੈ ਜਿਹੜੇ ਦੂਜੀ ਜਾਂ ਤੀਜੀ ਕੋਸ਼ਿਸ਼ ਵਿਚ ਡਰਾਈਵ ਟੈਸਟ ਪਾਸ ਕਰਦੇ ਹਨ। ਬਹੁਤ ਵਿਰਲੇ ਹੋਣਗੇ ਜਿਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿਚ ਹੀ ਟੈਸਟ ਪਾਸ ਕੀਤਾ। ਕੁਝ ਸਾਲ ਪਹਿਲਾਂ ਕੋਈ ਮਿਲਿਆ। ਉਹ ਨਵਾਂ ਆਇਆ ਸੀ ਅਤੇ ਲਾਇਸੈਂਸ ਲੈਣ ਵਾਸਤੇ ਤਿਆਰੀ ਕਰ ਰਿਹਾ ਸੀ। ਮੈਨੂੰ ਕਹਿੰਦਾ ਕਿ ਕੁਝ ਲੈ ਦੇ ਕੇ ਲਾਇਸੈਂਸ ਲੈਣ ਵਾਲਾ ਸਿਸਟਮ ਨਹੀਂ ਚੱਲਦਾ। ਮੈਂ ਕਿਹਾ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ। ਇੱਥੇ ਤਾਂ ਟੈਸਟ ਪਾਸ ਕਰਨਾ ਪੈਣਾ ਹੈ। ਮੈਂ ਹੀ ਅਣਜਾਣ ਸਾਂ। ਹੁਣ ਸੁਣਦੇ ਹਾਂ ਕਿ ਭਾਵੇਂ ਬਿਨਾਂ ਟੈਸਟ ਦੇ ਪੈਸੇ ਦੇ ਕੇ ਲਾਇਸੈਂਸ ਲੈਣ ਵਾਲੀ ਇੰਡੀਆ ਵਰਗੀ ਗੱਲ ਨਾ ਹੋਵੇ, ਪਰ ਸਾਡੇ ਲੋਕਾਂ ਨੇ ਡਰਾਈਵ ਟੈਸਟ ਵਿਚ ਹੇਰਾਫੇਰੀਆਂ ਦੇ ਤਰੀਕੇ ਜ਼ਰੂਰ ਕੱਢ ਲਏ ਹਨ।
ਇਨ੍ਹਾਂ ਤਿੰਨਾਂ ਮਿਸਾਲਾਂ ਦੇ ਸਾਰ ਨੂੰ ਇਕ ਹੋਰ ਦੋਸਤ ਨੇ ਪੇਸ਼ ਕੀਤਾ। ਉਹ ਕਹਿੰਦਾ ਹੈ ਕਿ ਕੈਨੇਡਾ ਵਾਲੇ ਮੁਲਕ ਤਾਂ ਸਤਜੁਗੀ ਬਣਾਉਣਾ ਚਾਹੁੰਦੇ ਹਨ, ਪਰ ਸਾਰੀ ਦੁਨੀਆ ਵਿਚੋਂ ਬੰਦੇ ਕਲਜੁਗੀ ਬੁਲਾ ਲਏ। ਅਜਿਹੇ ਲੋਕਾਂ ਨਾਲ ਕਿਹੜਾ ਮੁਲਕ ਬਣਾਉਣਗੇ?
ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈ ਲੋਕ ਇਹ ਮੰਨਦੇ ਹਨ ਕਿ ਕੈਨੇਡਾ ਨੇ ਬਹੁ-ਸਭਿਆਚਾਰਵਾਦ ਦੇ ਨਾਂ ’ਤੇ ਜਿਸ ਤਰ੍ਹਾਂ ਦਾ ਮੁਲਕ ਉਸਾਰਨਾ ਸ਼ੁਰੂ ਕੀਤਾ ਹੈ, ਉਸ ਨਾਲ ਉਹ ਇਕ ਨਵੀਂ ਸਭਿਅਤਾ ਉਸਾਰ ਰਹੇ ਹਨ। ਭਵਿੱਖ ਦਾ ਇਕ ਅਜਿਹਾ ਸਮਾਜ ਉਸਾਰ ਰਹੇ ਹਨ ਜਿਹੜਾ ਕਿਸੇ ਇਕ ਨਸਲ, ਧਰਮ, ਭਾਸ਼ਾ ਜਾਂ ਸਭਿਆਚਾਰ ’ਤੇ ਆਧਾਰਿਤ ਨਹੀਂ ਹੋਵੇਗਾ। ਜਿਸ ਨੂੰ ਕਿਸੇ ਇਕ ਸਭਿਆਚਾਰ ਜਾਂ ਨਸਲ ਨਾਲ ਨਹੀਂ ਜੋੜਿਆ ਜਾ ਸਕੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਦਾ ਬਹੁ-ਸਭਿਆਚਾਰਵਾਦ ਇਕ ਦਿਨ ਇਸ ਨੂੰ ਸਭਿਆਚਾਰਕ ਵਖਰੇਵਿਆਂ ਤੋਂ ਪਾਰ ਲੈ ਜਾਵੇਗਾ। ਇਸ ਨਾਲ ਕੈਨੇਡਾ ਦੁਨੀਆ ਸਾਹਮਣੇ ਇਕ ਨਵੀਂ ਤਰ੍ਹਾਂ ਦੇ ਸਮਾਜ ਦੀ ਮਿਸਾਲ ਬਣੇਗਾ। ਇਕ ਸੁਪਨੇ ਦੇ ਤੌਰ ’ਤੇ ਇਹ ਇਕ ਖ਼ੂਬਸੂਰਤ ਖ਼ਿਆਲ ਲੱਗਦਾ ਹੈ। ਕਿਸੇ ਵਕਤ ਮਾਰਕਸਵਾਦੀ ਸੋਚ ਨੇ ਸਟੇਟ ਤੋਂ ਮੁਕਤ ਸਮਾਜ ਦਾ ਸੁਪਨਾ ਲਿਆ ਸੀ, ਜਿੱਥੇ ਨਾ ਸਟੇਟ ਹੋਵੇਗਾ ਅਤੇ ਨਾ ਨਿੱਜੀ ਸੰਪਤੀ। ਉਹ ਵੀ ਇਕ ਖ਼ੂਬਸੂਰਤ ਖ਼ਿਆਲ ਸੀ, ਪਰ ਵਿਹਾਰਕ ਤੌਰ ’ਤੇ ਗੱਲ ਉਸ ਪਾਸੇ ਜਾਣ ਦੀ ਬਜਾਏ ਉਲਟ ਪਾਸੇ ਗਈ। ਕੀ ਕੈਨੇਡਾ ਦੇ ਸੁਪਨੇ ਨਾਲ ਵੀ ਉਸੇ ਤਰ੍ਹਾਂ ਹੋ ਸਕਦਾ ਹੈ?
ਕੈਨੇਡਾ ਦੇ ਭਵਿੱਖ ਨੂੰ ਲੈ ਕੇ ਸਾਰੇ ਲੋਕ ਉਸ ਤਰ੍ਹਾਂ ਆਸਵੰਦ ਨਹੀਂ, ਜਿਵੇਂ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਾਂ ਉਨ੍ਹਾਂ ਵਰਗੀ ਸੋਚ ਰੱਖਣ ਵਾਲੇ ਹੋਰ ਵੀ ਕਈ ਲੋਕ ਹੋਣਗੇ। ਉਨ੍ਹਾਂ ਦੇ ਕੁਝ ਆਪਣੇ ਖਦਸ਼ੇ ਹਨ।
ਭਵਿੱਖ ਵਿਚ ਕੀ ਹੋਣਾ ਹੈ, ਪੰਜਾਹ ਸਾਲ ਜਾਂ ਸੌ ਸਾਲ ਬਾਅਦ ਕੈਨੇਡਾ ਨੇ ਜਾਂ ਦੁਨੀਆ ਨੇ ਕੀ ਬਣਨਾ ਹੈ, ਉਸ ਬਾਰੇ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ। ਪਰ ਜੋ ਖਦਸ਼ੇ ਹਨ, ਉਨ੍ਹਾਂ ਬਹਾਨੇ ਅੱਜ ਦੇ ਸਮੇਂ ਦੀਆਂ ਕੁਝ ਸਮੱਸਿਆਵਾਂ ਬਾਰੇ ਗੱਲ ਹੋ ਸਕਦੀ ਹੈ।
ਇਕ ਦਿਨ ਕਿਸੇ ਨਾਲ ਗੱਲ ਹੋ ਰਹੀ ਸੀ। ਉਹ ਕਹਿ ਰਹੇ ਸਨ ਕਿ ਦੁਨੀਆ ਦੇ ਅਲੱਗ ਅਲੱਗ ਮੁਲਕਾਂ ਵਿਚੋਂ ਲੋਕਾਂ ਨੂੰ ਕੈਨੇਡਾ ਵਿਚ ਬੁਲਾਉਣ ਦਾ ਮਕਸਦ ਸਾਰੀ ਦੁਨੀਆ ਵਿਚੋਂ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਲੋਕਾਂ ਨੂੰ ਇਸ ਮੁਲਕ ਵਿਚ ਸੱਦਣਾ ਹੈ ਤਾਂ ਜੋ ਉਨ੍ਹਾਂ ਸਾਰਿਆਂ ਦੀ ਪ੍ਰਤਿਭਾ ਅਤੇ ਮਿਹਨਤ ਮਿਲ ਕੇ ਦੁਨੀਆ ਦਾ ਇਕ ਮਿਸਾਲੀ ਮੁਲਕ ਤਿਆਰ ਕੀਤਾ ਜਾ ਸਕੇ। ਐਨੇ ਭਾਂਤ-ਸੁਭਾਂਤੇ ਲੋਕਾਂ ਨੂੰ ਇਸ ਸਮਾਜ ਦਾ ਅੰਗ ਬਣਾਉਣ ਲਈ ਕੈਨੇਡਾ ਦੇ ਲੀਡਰਾਂ ਨੇ ਬਹੁ-ਸਭਿਆਚਾਰਵਾਦ ਦੀ ਨੀਤੀ ਅਪਣਾਈ ਤਾਂ ਜੋ ਅਲੱਗ ਅਲੱਗ ਪਿਛੋਕੜ ਵਿਚੋਂ ਆਏ ਲੋਕ ਇਸ ਮੁਲਕ ਵਿਚ ਓਪਰਾ ਨਾ ਮਹਿਸੂਸ ਕਰਨ। ਉਹ ਵੀ ਆਪਣੇ ਆਪ ਨੂੰ ਇਸ ਮੁਲਕ ਦੇ ਬਰਾਬਰ ਦੇ ਹਿੱਸੇਦਾਰ ਸਮਝਣ। ਪਰ ਗੜਬੜ ਇਹ ਹੋ ਗਈ ਹੈ ਕਿ ਜਿੰਨੀ ਕੁ ਗਿਣਤੀ ਵਿਚ ਸਾਰੀ ਦੁਨੀਆ ਵਿਚੋਂ ਪ੍ਰਤਿਭਾਸ਼ੀਲ ਅਤੇ ਕਾਬਲ ਲੋਕ ਕੈਨੇਡਾ ਵਿਚ ਆਉਂਦੇ ਹਨ, ਉਸ ਤੋਂ ਵੱਧ ਅਜਿਹਾ ਤਬਕਾ ਆ ਰਿਹਾ ਹੈ ਜਿਹੜਾ ਕੈਨੇਡਾ ਦੀਆਂ ਬਹੁ-ਸਭਿਆਚਾਰਕ ਕਦਰਾਂ ਕੀਮਤਾਂ, ਲੋਕਤੰਤਰੀ ਕਦਰਾਂ ਕੀਮਤਾਂ ਅਤੇ ਸਮਾਜਿਕ ਇਨਸਾਫ਼ ਦੀ ਸੋਚ ਦੇ ਬਿਲਕੁਲ ਉਲਟ ਹੈ।
ਜਿਹੜੇ ਲੋਕ ਕੈਨੇਡਾ ਪਹੁੰਚਣ ਲਈ ਜਾਅਲੀ ਵਿਆਹ ਕਰਦੇ ਹਨ। ਹਰ ਤਰ੍ਹਾਂ ਦੇ ਜਾਅਲੀ ਤਰੀਕੇ ਵਰਤਦੇ ਹਨ। ਝੂਠੇ ਰਫਿਊਜੀ ਕਲੇਮ ਫਾਈਲ ਕਰਦੇ ਹਨ। ਹਰ ਤਰ੍ਹਾਂ ਦਾ ਧੋਖਾ ਕਰਦੇ ਹਨ। ਉਹ ਇਸ ਮੁਲਕ ਵਿਚ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਧੋਖੇ ਨਾਲ ਕਰਦੇ ਹਨ। ਅਜਿਹੇ ਲੋਕਾਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਉਹ ਕੋਈ ਸਾਫ਼ ਸੁਥਰੀ ਜ਼ਿੰਦਗੀ ਇੱਥੇ ਜਿਊਣਗੇ।
ਕੋਵਿਡ ਸੰਕਟ ਦੌਰਾਨ ਜੋ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਤੇ ਲਾਭਾਂ ਦੇ ਸਰਕਾਰ ਨੇ ਐਲਾਨ ਕੀਤੇ, ਉਨ੍ਹਾਂ ਦੀ ਜੋ ਦੁਰਵਰਤੋਂ ਹੋਈ ਹੈ, ਉਸ ਤੋਂ ਇਸ ਨਵੇਂ ਕੈਨੇਡੀਅਨ ਸਮਾਜ ਦੀ ਝਲਕ ਮਿਲ ਜਾਂਦੀ ਹੈ।
ਅੱਜ ਸਾਰੀ ਦੁਨੀਆ ਦੇ ਪੱਛੜੇ ਮੁਲਕਾਂ ਵਿਚੋਂ ਲੋਕ ਹਰ ਗ਼ਲਤ-ਠੀਕ ਹਥਕੰਡਾ ਵਰਤ ਕੇ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਲੋਕ ਆਪਣੇ ਨਾਲ ਆਪਣੀਆਂ ਹਰ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਆਦਤਾਂ ਵੀ ਲੈ ਕੇ ਆ ਰਹੇ ਹਨ। ਆਪਣਾ ਸਿਆਸੀ ਸਭਿਆਚਾਰ ਵੀ ਨਾਲ ਲਿਆ ਰਹੇ ਹਨ। ਕੰਮ ਕਰਨ ਦੇ ਤਰੀਕੇ ਵੀ ਨਾਲ ਲਿਆ ਰਹੇ ਹਨ। ਕੈਨੇਡਾ ਦੇ ਸਿਆਸੀ ਢਾਂਚੇ ਵਿਚ ਸਾਡੇ ਲੋਕਾਂ ਦੁਆਰਾ ਲਿਆਂਦੇ ਵਿਗਾੜ ਦੀ ਗੱਲ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ। ਆਧੁਨਿਕ ਕੈਨੇਡਾ ਦੇ ਮੋਢੀਆਂ ਦਾ ਇਹ ਖ਼ਿਆਲ ਸੀ ਕਿ ਬਾਹਰੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਐਨੀ ਕੁ ਰਹਿਣੀ ਚਾਹੀਦੀ ਹੈ ਕਿ ਉਨ੍ਹਾਂ ਨਾਲ ਮੁਲਕ ਵਿਚ ਇਕਦਮ ਭੀੜ ਨਾ ਪੈਦਾ ਹੋਵੇ। ਉਨ੍ਹਾਂ ਦੇ ਆਉਣ ਨਾਲ ਪਹਿਲਾਂ ਰਹਿ ਰਹੇ ਲੋਕਾਂ ਵਿਚ ਅਸੁਰੱਖਿਆ ਅਤੇ ਬੇਚੈਨੀ ਨਾ ਪੈਦਾ ਹੋਵੇ ਅਤੇ ਨਵੇਂ ਆਇਆਂ ਨੂੰ ਸਿਸਟਮ ਦਾ ਹਿੱਸਾ ਬਣਨ ਲਈ ਉਚਿਤ ਸਮਾਂ ਮਿਲ ਜਾਵੇ। ਪਰ ਮੁਲਕ ਦੀ ਮੌਜੂਦਾ ਲੀਡਰਸ਼ਿਪ ਵੱਧ ਤੋਂ ਵੱਧ ਲੋਕਾਂ ਨੂੰ ਲਿਆਉਣ ਦੀ ਦੌੜ ਵਿਚ ਹੈ।
ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖ ਕੇ ਕਈ ਲੋਕ ਇਹ ਸੁਆਲ ਉਠਾ ਰਹੇ ਹਨ ਕਿ ਕੀ ਕੈਨੇਡਾ ਸੱਚਮੁੱਚ ਸਾਰੀ ਦੁਨੀਆ ਦੀ ਪ੍ਰਤਿਭਾ ਆਪਣੇ ਵੱਲ ਖਿੱਚ ਰਿਹਾ ਹੈ ਜਾਂ ਸਾਰੀ ਦੁਨੀਆ ਦੀਆਂ ਬੁਰਾਈਆਂ ਅਤੇ ਵਿਗਾੜਾਂ ਲਈ ਇਸ ਨੇ ਆਪਣੇ ਦਰਵਾਜ਼ੇ ਖੋਲ੍ਹ ਰੱਖੇ ਹਨ? ਇਸ ਸੁਆਲ ਦਾ ਕੋਈ ਇਕ ਜਵਾਬ ਪੂਰੇ ਭਰੋਸੇ ਨਾਲ ਸ਼ਾਇਦ ਕੋਈ ਨਹੀਂ ਦੇ ਸਕਦਾ।
ਸੰਪਰਕ: Jay.shameel@gmail.com