ਪੰਦਰਾਂ ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਵੰਡ ਦੀ ਲਕੀਰ ਨੇ ਲੋਕਾਂ ਨੂੰ ਆਪੋ ਆਪਣੀ ਭੋਇੰ ਛੱਡ ਕੇ ਬੇਗਾਨੀ ਧਰਤੀ ’ਤੇ ਜਾ ਟਿਕਣ ਲਈ ਮਜਬੂਰ ਕਰ ਦਿੱਤਾ। ਪੰਜਾਬ ਦੀ ਵੰਡ ਦੇ ਸੱਲ ਨੇ ਕਲਮਕਾਰਾਂ ਨੂੰ ਝੰਜੋੜਿਆ ਅਤੇ ਉਨ੍ਹਾਂ ਨੇ ਭਾਵਪੂਰਤ ਰਚਨਾਵਾਂ ਲਿਖੀਆਂ। ਇਨ੍ਹਾਂ ਵਿਚ ਕਹਾਣੀਆਂ, ਕਵਿਤਾਵਾਂ, ਗੀਤ ਆਦਿ ਸ਼ਾਮਲ ਹਨ। ਦੇਸ਼ ਦੇ ਬਟਵਾਰੇ ਅਤੇ ਲੋਕਾਂ ਦੇ ਉਜਾੜੇ ਬਾਰੇ ਲਿਖੀਆਂ ਪ੍ਰਸਿੱਧ ਰਚਨਾਵਾਂ ਵਿਚੋਂ ਕੁਝ ਕੁ ਪਾਠਕਾਂ ਲਈ ਛਾਪ ਰਹੇ ਹਾਂ।
ਪੰਜਾਬ ਦੀ ਵਾਰ
ਗੁਰਦਿਤ ਸਿੰਘ ਕੁੰਦਨ
1.
ਵਾਹ ਦੇਸ਼ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀ।
ਤੇਰੀ ਪਰਬਤ ਵਰਗੀ ਹਿੱਕ ਵੀ, ਅਜ ਤੀਰਾਂ ਛਾਣੀ।
ਹਰ ਟੁੱਟੀ ਤੰਦ ਸਲੂਕ ਦੀ, ਸਭ ਪਿਲਚੀ ਤਾਣੀ।
ਪਈ ਰੋਂਦੀ ਵਿਚ ਤ੍ਰਿੰਝਣਾਂ, ਤੇਰੀ ਰੀਤ ਪੁਰਾਣੀ।
ਨਹੀਂ ਦੁੱਧ ਭਰੇ ਦਰਿਆ ਵਿਚ, ਇਕ ਬੂੰਦ ਨਿਮਾਣੀ।
ਸ਼ਿੰਗਾਰ ਤੇਰੀ ਪ੍ਰਭਾਤ ਦਾ, ਟੁੱਟ ਗਈ ਮਧਾਣੀ।
ਤੇਰਾ ਸਤਲੁਜ ਕਮਲਾ ਹੋ ਗਿਆ, ਸਣੇ ਰਾਵੀ ਰਾਣੀ।
ਉਹ ਪਿਆਰਾਂ ਭਰੀ ਝਨਾਂ ਦਾ, ਅੱਗ ਹੋ ਗਿਆ ਪਾਣੀ।
ਨ ਸਮੇਂ ਦੇ ਭੋਲੇ ਪਾਤਸ਼ਾਹ, ਤੂੰ ਕਬਰ ਪਛਾਣੀ।
ਤੈਨੂੰ ਓਨ੍ਹਾਂ ਵੱਢਿਆ ਛਾਂਗਿਆ, ਛਾਂ ਜਿਨ੍ਹਾਂ ਮਾਣੀ।
ਜਿਹੜੀ ਜੱਲ੍ਹਿਆਂਵਾਲੇ ਬਾਗ਼ ਸੀ, ਪਈ ਰੱਤ ਵਹਾਣੀ।
ਇਕ ਵਾਰੀ ਜ਼ਾਲਮ ਸਮੇਂ ਨੇ, ਕਰ ਦਿੱਤੀ ਪਾਣੀ।
ਤੈਨੂੰ ਸ਼ੇਰਾ! ਜ਼ਖ਼ਮੀ ਕਰ ਗਈ, ਗਿੱਦੜਾਂ ਦੀ ਢਾਣੀ।
ਨਹੀਂ ਭਰਨੇ ਜ਼ਖ਼ਮ ਸਰੀਰ ਦੇ, ਤੇਰੇ ਸਦੀਆਂ ਤਾਣੀ।।੧।।
2.
ਸਾਮਰਾਜੀਆਂ ਡਾਕੂਆਂ, ਬੇਦਰਦ ਕਸਾਈਆਂ।
ਤੇਰੇ ਗੋਡੇ ਗਿੱਟੇ ਵੱਢ ਕੇ, ਜ਼ੰਜੀਰਾਂ ਲਾਹੀਆਂ।
ਤੇਰੀ ਪਾਗਲ ਹੋ ਗਈ ਬੀਰਤਾ, ਧੀਰਜ ਦਿਆ ਸਾਈਆਂ।
ਤੇਰੇ ਸਾਗਰ ਜਿਹੇ ਸੁਭਾਅ ਵਿਚ, ਚੜ੍ਹ ਕਾਂਗਾਂ ਆਈਆਂ।
ਤੂੰ ਚੁੱਕੇ ਛੁਰੇ ਫ਼ੌਲਾਦ ਦੇ, ਤੇਗ਼ਾਂ ਲਿਸ਼ਕਾਈਆਂ।
ਤੇਰੇ ਆਪਣੇ ਲਹੂ ਵਿਚ ਡੁੱਬੀਆਂ, ਤੇਰੀਆਂ ਚਤੁਰਾਈਆਂ।
ਤੇਰੀ ਅੰਨ੍ਹੀ ਹੋਈ ਅਣਖ ਨੇ, ਲਈਆਂ ਅੰਗੜਾਈਆਂ।
ਤੈਨੂੰ ਆਪਣੀਆਂ ਧੀਆਂ ਜਾਪੀਆਂ, ਇਕ ਵਾਰ ਪਰਾਈਆਂ।
ਤੇਰੇ ਸਾਧੂ ਰਾਕਸ਼ ਬਣ ਗਏ, ਨਜ਼ਰਾਂ ਹਲ਼ਕਾਈਆਂ।
ਤੇਰੀ ਸ਼ਾਹਰਗ ਉੱਤੇ ਹਾਣੀਆਂ, ਛੁਰੀਆਂ ਚਲਵਾਈਆਂ।
ਤੇਰੀ ਖ਼ਾਕ ਵਰੋਲ਼ੇ ਬਣ ਗਈ, ਹੋਈ ਵਾਂਙ ਸ਼ੁਦਾਈਆਂ।
ਬਣ ਫਨੀਅਰ ਉਡੇ ਕੱਖ ਵੀ, ਜਿਉਂ ਉਡਣ ਹਵਾਈਆਂ।
ਜਿਨ੍ਹਾਂ ਸਿਰ ’ਤੇ ਲੱਖ ਹਨੇਰੀਆਂ, ਬੇਖੌਫ਼ ਲੰਘਾਈਆਂ।
ਉਨ੍ਹਾਂ ਬਾਜ਼ਾਂ ਹਾਰੇ ਹੌਸਲੇ, ਕੂੰਜਾਂ ਕੁਰਲਾਈਆਂ।
ਉਹ ਤੁਰ ਪਏ ਪਾਰ ਸਮੁੰਦਰੋਂ, ਜਿਨ੍ਹਾਂ ਅੱਗਾਂ ਲਾਈਆਂ।
ਉਹ ਘਰ ਘਰ ਪਾ ਗਏ ਪਿੱਟਣੇ, ਥਾਂ ਥਾਂ ਦੁਹਾਈਆਂ।।੨।।
3.
ਤੇਰੇ ਸੂਰਜ ਵਰਗੇ ਤੇਜ ’ਤੇ, ਪੈ ਸ਼ਾਮਾਂ ਗਈਆਂ।
ਤੇਰੀ ਧੰਨੀ ਪੋਠੋਹਾਰ ’ਤੇ, ਟੁੱਟ ਬਿਜਲੀਆਂ ਪਈਆਂ।
ਅੱਜ ਸਾਂਦਲ ਬਾਰ ਦੀ ਹਿਕ ’ਤੇ, ਰੁਲ਼ ਹੱਡੀਆਂ ਰਹੀਆਂ।
ਉਹ ਆਪ ਉਜਾੜਿਆ ਮਾਲਵਾ, ਹੱਥੀਂ ਮਲਵੱਈਆਂ।
ਤੇਰੇ ਦਿਲ ਮਾਝੇ ਨੂੰ ਵਿੰਨ੍ਹਿਆ, ਫੜ ਨੇਜ਼ੇ ਕਹੀਆਂ।
ਕਰ ਟੁਕੜੇ ਤੇਰੀ ਲਾਸ਼ ਦੇ, ਪਾ ਵੰਡੀਆਂ ਲਈਆਂ।
ਦਿਲ ਕੋਲ਼ੇ ਹੋਇਆ ਇਨਸਾਨ ਦਾ, ਤੇ ਆਸਾਂ ਢਹੀਆਂ।
ਵਿਚ ਗਿੱਧੇ ਰੋਂਦੀਆਂ ਝਾਂਜਰਾਂ, ਕਰ ਚੇਤੇ ਸਈਆਂ।
ਮੈਖ਼ਾਨੇ ਫੂਕੇ ਸਾਕੀਆਂ ਤੇ ਸਾਜ਼ ਗਵੱਈਆਂ।।੩।।
4.
ਤੇਰੀ ਮੜ੍ਹੀ ’ਤੇ ਮਹਿਲ ਉਸਾਰਿਆ, ਬੇਤਰਸ ਜ਼ਮਾਨੇ।
ਰਹਿਆ ਮੌਤ ਤੇਰੀ ਨੂੰ ਪਾਲ਼ਦਾ, ਉਹ ਅੰਦਰ ਖ਼ਾਨੇ।
ਤੈਨੂੰ ਦਿੱਤਾ ਨਰਕ ਫ਼ਰਿਸ਼ਤਿਆਂ, ਸੁਰਗਾਂ ਦੇ ਬਹਾਨੇ।
ਤੇਰੇ ਬਾਗ਼ ਬਹਾਰਾਂ ਆਉਂਦੀਆਂ, ਬਣ ਗਏ ਵੀਰਾਨੇ।
ਗਈਆਂ ਵੰਡੀਆਂ ‘ਸ਼ਰਫ਼ ਨਿਸ਼ਾਨੀਆਂ’ ਤੇ ‘ਨਵੇਂ ਨਿਸ਼ਾਨੇ’।
ਹੋਇ ਵਾਘਿਓਂ ਪਾਰ ਉਰਾਰ ਦੇ, ਸਭ ਗੀਤ ਬੇਗਾਨੇ।
ਗੁਰੂ ਅਰਜਨ ਮੀਆਂ ਮੀਰ ਦੇ, ਟੁਟ ਗਏ ਯਰਾਨੇ।
ਉਹ ਸੂਰਜ ਜਿਹੀਆਂ ਹਕੀਕਤਾਂ, ਬਣੀਆਂ ਅਫ਼ਸਾਨੇ।।੪।।
5.
ਉਹ ਲੰਮੀਆਂ ਦਰਦ ਕਹਾਣੀਆਂ, ਤੇ ਪੰਧ ਲੰਮੇਰੇ।
ਤੇਰੇ ਰਾਹ ਵਿਚ ਕੰਡੇ ਦੁਸ਼ਮਣਾਂ, ਬੇਅੰਤ ਖਲੇਰੇ।
ਪਰ ਰਾਹੀਆ ਤੁਰਿਆ ਚੱਲ ਤੂੰ, ਕਰ ਲੰਮੇ ਜੇਰੇ।
ਬੰਗਾਲ ਜਿਹੇ ਹੋਰ ਵੀ ਮਿਲਣਗੇ, ਤੈਨੂੰ ਸਾਥ ਬਥੇਰੇ।
ਅੱਜ ਜਾਗ ਰਹੀ ਏ ਜ਼ਿੰਦਗੀ, ਤੇਰੇ ਚਾਰ ਚੁਫ਼ੇਰੇ।
ਬਣ ਚਾਨਣ ਰਹੇ ਜਹਾਨ ਦਾ, ਕਬਰਾਂ ਦੇ ਨ੍ਹੇਰੇ।
ਪਲ਼ ਰਹੇ ਰਾਤਾਂ ਕਾਲੀਆਂ ’ਚ ਕਈ ਨਵੇਂ ਸਵੇਰੇ।।੫।।
ਹੁਣ ਕਿਸੇ ਥੀਂ ਕੀ ਹਿਸਾਬ ਮੰਗੋ
ਫੈਜ਼ ਅਹਿਮਦ ਫੈਜ਼
ਕਿਸੇ ਬੀਜਿਆ ਏ ਤੁਸਾਂ ਵੱਢਣਾ ਏਂ।
ਕਿਸੇ ਕੀਤੀਆਂ ਨੇ ਤੁਸਾਂ ਵਰਤਣਾ ਏਂ।
ਆਪ ਵੇਲੇ ਸਿਰ ਪੁੱਛਣਾ-ਗਿੱਛਣਾ ਸੀ।
ਹੁਣ ਕਿਸੇ ਥੀਂ ਕੀ ਹਿਸਾਬ ਮੰਗੋ।।
ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ
ਚਰਾਗ਼ਦੀਨ ਦਾਮਨ
ਇਸ ਮੁਲਕ ਦੀ ਵੰਡ ਕੋਲੋਂ ਯਾਰੋ
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ
ਭਾਵੇਂ ਮੂੰਹੋਂ ਨ ਕਹੀਏ, ਪਰ ਵਿੱਚੋਂ-ਵਿੱਚੀਂ
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ
ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ
ਮੋਏ ਤੁਸੀਂ ਵੀ ਹੋ, ਮੋਏ ਅਸੀਂ ਵੀ ਹਾਂ।
ਜੀਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ
ਢੋਏ ਤੁਸੀਂ ਵੀ ਹੋ, ਢੋਏ ਅਸੀਂ ਵੀ ਹਾਂ
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ
ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ
ਲਾਲੀ ਅੱਖੀਆਂ ਦੀ ਪਈ ਦੱਸਦੀ ਏ
ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ।
ਆਖਾਂ ਵਾਰਿਸ ਸ਼ਾਹ ਨੂੰ
ਅੰਮ੍ਰਿਤਾ ਪ੍ਰੀਤਮ
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ
ਵੇ ਦਰਦਮੰਦਾਂ ਦਿਆ ਦਰਦੀਆ! ਉਠ ਤਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿਚ ਦਿੱਤੀ ਜ਼ਹਿਰ ਰਲਾ
ਤੇ ਉਨ੍ਹਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖ਼ੇਜ਼ ਜ਼ਮੀਨ ਦੇ ਲੂੰ-ਲੂੰ ਫੁਟਿਆ ਜ਼ਹਿਰ
ਗਿਠ-ਗਿਠ ਚੜ੍ਹੀਆਂ ਲਾਲੀਆਂ ਫੁਟ-ਫੁਟ ਚੜ੍ਹਿਆ ਕਹਿਰ
ਵਿਹੁ-ਵਲਿੱਸੀ ਵਾ ਫਿਰ ਵਣ-ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾਂ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲਗ ਗਈ ਜਣ-ਖਣੇ ਨੂੰ ਲਾਗ
ਨਾਗਾਂ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ-ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ
ਗਲ਼ਿਉਂ ਟੁੱਟੇ ਗੀਤ ਫਿਰ ਤ੍ਰੱਕਲ਼ਿਉਂ ਟੁੱਟੀ ਤੰਦ
ਤ੍ਰਿੰਞਣੋਂ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ
ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ
ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ
ਧਰਤੀ ’ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿਚ ਮਜ਼ਾਰਾਂ ਰੋਣ
ਅੱਜ ਸੱਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ
ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ
ਵਰਾਨ ਹੋਈ ਰਾਤ
ਹਰਿਭਜਨ ਸਿੰਘ
ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ।
ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ।
ਵੇ ਕਾਲਖਾਂ ’ਚ ਤਾਰਿਆਂ ਦੀ ਡੁੱਬ ਗਈ ਸਵੇਰ।
ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ੍ਹ।
ਵੇ ਖਿੰਡ ਗਈਆਂ ਮਹਿਫ਼ਲਾਂ ਤੇ ਛਾ ਗਈ ਉਜਾੜ।
ਵੇ ਜ਼ਿੰਦਗੀ ਖ਼ਾਮੋਸ਼, ਬੇਹੋਸ਼ ਕਾਇਨਾਤ।
ਹੈ ਖੂਹਾਂ ਵਿਚ ਆਦਮੀ ਦੀ ਜਾਗਦੀ ਸੜ੍ਹਾਂਦ।
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।
ਵੇ ਸੀਤ ਨੇ ਮੁਆਤੇ ਤੇ ਗ਼ਸ਼ ਹੈ ਜ਼ਮੀਨ।
ਵੇ ਸੀਨਿਆਂ ’ਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।
ਵਿਹਲਾ ਹੋ ਕੇ ਸੌਂ ਗਿਆ ਏ ਲੋਹਾ ਅਸਪਾਤ।
ਸੌਂ ਜਾ ਇੰਜ ਅੱਖੀਆਂ ’ਚੋਂ ਅੱਖੀਆਂ ਨ ਕੇਰ।
ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ।
ਹਮੇਸ਼ ਨਹੀਂ ਕੁੱਦਣਾ ਮਨੁੱਖ ਨੂੰ ਜਨੂੰਨ
ਹਮੇਸ਼ ਨਹੀਂ ਡੁੱਲ੍ਹਣਾ ਜ਼ਮੀਨ ਉੱਤੇ ਖ਼ੂਨ।
ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਙ ਰਾਤ।
ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ।।
ਦੇਸਾਂ ਵਾਲ਼ਿਓ
ਅਹਿਮਦ ਰਾਹੀ
ਦੇਸਾਂ ਵਾਲ਼ਿਓ ਅਪਣੇ ਦੇਸ ਅੰਦਰ,
ਅਸੀਂ ਆਏ ਆਂ ਵਾਂਗ ਪਰਦੇਸੀਆਂ ਦੇ।
ਘਰਾਂ ਵਾਲ਼ਿਓ ਅਪਣੇ ਘਰ ਅੰਦਰ,
ਅਸੀਂ ਆਏ ਆਂ ਵਾਂਗ ਪਰਾਹੁਣਿਆਂ ਦੇ।
ਦਿਲਾਂ ਵਾਲ਼ਿਓ ਦਿਲਾਂ ਦੇ ਬੰਨ੍ਹ ਟੁਟ ਗਏ,
ਠਾਠਾਂ ਮਾਰਦੇ ਨੇ ਹੜ੍ਹ ਸੱਧਰਾਂ ਦੇ।
ਕਿਸੇ ਬੰਨ੍ਹ ਦੇ ਕੱਲੜੇ ਰੁੱਖ ਵਾਂਙੂੰ,
ਧੁੱਪਾਂ ਛਾਵਾਂ ਦੇ ਭਾਰ ਨਾਲ ਡੋਲਨਾ ਵਾਂ।
ਅਪਣੀ ਮਾਂ ਦੀ ਕਬਰ ਨੂੰ ਲੱਭਨਾ ਵਾਂ,
ਭੈਣਾਂ ਭਰਾਵਾਂ ਦੀਆਂ ਹੱਡੀਆਂ ਟੋਲ੍ਹਨਾ ਵਾਂ।
ਤੁਸੀਂ ਦੇਸ਼ ਵਾਲੇ, ਤੁਸੀਂ ਘਰਾਂ ਵਾਲੇ,
ਅਸੀਂ ਬੇਘਰੇ, ਅਸੀਂ ਪਰਦੇਸੀ।
ਤੁਸੀਂ ਹੱਸ ਕੇ ਸੀਨੇ ਨਾਲ ਲਾ ਲੀਤਾ,
ਅਸਾਂ ਰੋ ਕੇ ਅੱਖ ਪਰਚਾ ਲੀਤੀ।
ਤਾਰੇ ਬੁਝੇ ਹੋਏ ਫੇਰ ਇਕ ਵਾਰ ਚਮਕੇ,
ਜਿਹਦੀ ਆਸ ਨਹੀਂ ਸੀ, ਉਹ ਆਸ ਪੁੱਗੀ।
ਜੀਵੇ ਸ਼ਹਿਰ ਮੇਰਾ, ਜੀਵਣ ਸ਼ਹਿਰ ਵਾਲੇ,
ਅਸੀਂ ਆਏ ਦੁਆਵਾਂ ਇਹ ਦੇ ਚੱਲੇ।
ਚਾਰੇ ਕੰਨੀਆਂ ਸਾਡੀਆਂ ਵੇਖ ਖਾਲੀ,
ਅਸੀਂ ਨਾਲ ਨਾਹੀਂ ਕੁਝ ਲੈ ਚੱਲੇ।
ਏਸ ਮਿੱਟ ਦੀ ਕੁੱਖ ’ਚ ਮਾਂ ਮੇਰੀ,
ਸੁਤੀ ਪਈ ਹੈ ਸਮਿਆਂ ਦੀ ਹੂਕ ਬਣ ਕੇ।
ਏਸ ਪਾਣੀ ਨਾਲ ਪਾਣੀ ਹੋਏ ਨੀਰ ਮੇਰੇ,
ਏਥੇ ਆਸ ਤੜਫੀ ਮੇਰੀ ਹੂਕ ਬਣ ਕੇ।
ਜਿਨ੍ਹਾਂ ਕੰਧਾਂ ਦੀਆਂ ਛਾਵਾਂ ’ਚ ਖੇਡਦੇ ਸਾਂ,
ਉਨ੍ਹਾਂ ਕੰਧਾਂ ਨਾਲ ਲਗ ਕੇ ਰੋ ਲਈਏ।
ਦੁੱਖਾਂ ਦਰਦਾਂ ਦੇ ਹਾਲੜੇ ਫੋਲ਼ ਕੇ ਤੇ,
ਦੁਖੀ ਕਰ ਲਈਏ ਦੁਖੀ ਹੋ ਲਈਏ।
ਐਸ ਸ਼ਹਿਰ ਦੇ ਬਾਗ਼ ਬਗ਼ੀਚਿਆਂ ਦੇ,
ਕਦੀ ਅਸੀਂ ਨਮਾਣੇ ਸਾਂ ਫੁੱਲ ਯਾਰੋ।
ਐਸ ਆਲ੍ਹਣਿਉਂ ਡਿੱਗੇ ਹੋਏ ਬੋਟ ਅਸੀਂ,
ਕੋਈ ਚੁੱਕੇ ਨ ਕੱਖਾਂ ਦੇ ਮੁੱਲ ਯਾਰੋ।
ਅੱਧਾ ਦਿਲ ਸਾਡਾ ਏਥੇ ਤੜਫਦਾ ਏ,
ਅੱਧਾ ਦਿਲ ਗਿਆ ਉਥੇ ਰੁਲ ਯਾਰੋ।
ਜਿਨ੍ਹਾਂ ਰਾਹਵਾਂ ਦੇ ਸਾਹਵਾਂ ’ਚ ਧੜਕਦੇ ਸਾਂ,
ਉਨ੍ਹਾਂ ਰਾਹਵਾਂ ਲਈ ਅਸੀਂ ਅਣਜਾਣ ਹੋ ਗਏ।
ਅਸੀਂ ਲੋਕ ਇਨਸਾਨ ਤੇ ਕੀ ਬਣਦੇ,
ਹਿੰਦੂ ਸਿੱਖ ਹੋ ਗਏ, ਮੁਸਲਮਾਨ ਹੋ ਗਏ।
ਦੁੱਧ ਦਾ ਕਤਲ
ਸ਼ਿਵ ਕੁਮਾਰ
ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ।
ਜਦੋਂ ਦੋਹਾਂ ਨੇ ਰਲ਼ ਕੇ, ਅਪਣੀ ਮਾਂ ਦਾ ਕਤਲ ਕੀਤਾ ਸੀ
ਉਸ ਦਾ ਲਹੂ ਜਿੱਦਾਂ ਕੁੱਤਿਆਂ ਕਾਵਾਂ ਨੇ ਪੀਤਾ ਸੀ
ਅਪਣਾ ਨਾਂ ਅਸਾਂ ਸਾਰੇ ਹੀ ਪਿੰਡ ਵਿਚ ਭੰਡ ਲੀਤਾ ਸੀ
ਮੈਨੂੰ ਤੇ ਯਾਦ ਹੈ ਅੱਜ ਵੀ ਜਿਵੇਂ ਘਰ ਨੂੰ ਹੈ ਅੱਗ ਲਗਦੀ
ਤੇ ਤੈਨੂੰ ਵੀ ਯਾਦ ਹੋਵੇਗਾ।
ਜਦੋਂ ਅਸੀਂ ਰੱਤ-ਵਿਹੂਣੇ ਅਰਧ-ਧੜ ਘਰ-ਘਰ ਲਿਆਏ ਸਾਂ
ਅਸੀਂ ਮਾਂ ਦੇ ਕਤਲ ਉਪਰ ਬੜਾ ਹੀ ਮੁਸਕਰਾਏ ਸਾਂ।
ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ
ਤੇ ਦੋਵੇਂ ਹੀ ਕਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ।
ਮੇਰੀ ਦੁੱਧ ਦੀ ਉਮਰ ਮਾਂ ਦੇ ਕਤਲ ਸੰਗ ਕਤਲ ਹੋ ਗਈ ਸੀ
ਤੇ ਠੰਢੇ ਦੁੱਧ ਦੀ ਉਹ ਲਾਸ਼ ਤੇਰੇ ਘਰ ਹੀ ਸੌਂ ਗਈ ਸੀ।
ਤੇ ਜਿਸਨੂੰ ਅੱਜ ਵੀ ਮੈਂ ਯਾਦ ਕਰਕੇ ਚੁੱਪ ਹੋ ਜਾਂਦਾਂ
ਤੇਰੇ ਹਿੱਸੇ ਵਿਚ ਆਏ ਅਰਧ-ਧੜ ਵਿਚ ਰੋਜ਼ ਖੋ ਜਾਂਦਾਂ।
ਮੇਰੇ ਹਿੱਸੇ ਵਿਚ ਆਇਆ ਅਰਧ-ਧੜ ਮੈਨੂੰ ਮਾਂ ਦਾ ਨਹੀਂ ਲਗਦਾ
ਤੇ ਉਸ ਹਿੱਸੇ ਵਿਚ ਮੇਰੀ ਅਰਧ-ਲੋਰੀ ਨਜ਼ਰ ਨਹੀਂ ਆਉਂਦੀ
ਮੇਰੇ ਹਿੱਸੇ ਦੀ ਮੇਰੀ ਮਾਂ ਅਧੂਰਾ ਗੀਤ ਹੈ ਗਾਉਂਦੀ।
ਤੇ ਤੇਰੇ ਅਰਧ-ਧੜ ਦੇ ਬਾਝ ਮੇਰਾ ਜੀਅ ਨਹੀਂ ਲਗਦਾ
ਮੇਰਾ ਤਾਂ ਜਨਮ ਤੇਰੇ ਅਰਧ-ਧੜ ਦੀ ਕੁੱਖ ’ਚੋਂ ਹੋਇਆ ਸੀ
ਮੇਰੇ ਹਿੱਸੇ ’ਚ ਆਇਆ ਅਰਧ-ਧੜ ਮੇਰੇ ’ਤੇ ਰੋਇਆ ਸੀ
ਤੇ ਮੈਥੋਂ ਰੋਜ਼ ਪੁੱਛਦਾ ਸੀ ਉਹਦਾ ਕਿਉਂ ਕਤਲ ਹੋਇਆ ਸੀ।
ਤੇ ਤੈਨੂੰ ਯਾਦ ਕਰਕੇ ਕਈ ਦਫ਼ਾ ਤੇਰੇ ’ਤੇ ਰੋਇਆ ਸੀ
ਤੇ ਤੈਥੋਂ ਵੀ ਉਹ ਪੁੱਛਦਾ ਸੀ ਉਹਦਾ ਕਿਉਂ ਕਤਲ ਹੋਇਆ ਸੀ
ਮਾਂ ਦਾ ਕਤਲ ਤਾਂ ਹੋਇਆ ਸੀ, ਮਾਂ ਦਾ ਦਿਲ ਨਾ ਮੋਇਆ ਸੀ
ਮਾਵਾਂ ਦੇ ਕਦੇ ਵੀ ਦਿਲ ਕਿਸੇ ਤੋਂ ਕਤਲ ਨਹੀਂ ਹੁੰਦੇ
ਪਰ ਤੂੰ ਅੱਜ ਫੇਰ ਮਾਂ ਦੇ ਦਿਲ ਦੇ ਉਪਰ ਵਾਰ ਕੀਤਾ ਹੈ।
ਕਤਲ ਹੋ ਚੁੱਕੀ ਹੋਈ ਮਾਂ ਦਾ ਦੁਬਾਰਾ ਕਤਲ ਕੀਤਾ ਹੈ
ਤੇ ਸੁੱਕੀਆਂ ਛਾਤੀਆਂ ਦਾ ਦੁੱਧ ਤਕ ਵੀ ਵੰਡ ਲੀਤਾ ਹੈ।
ਪਰ ਇਹ ਯਾਦ ਰੱਖ, ਮਾਵਾਂ ਦਾ ਦੁੱਧ ਵੰਡਿਆ ਨਹੀਂ ਜਾਂਦਾ
ਤੇ ਨਾ ਮਾਵਾਂ ਦੇ ਦੁੱਧ ਦਾ ਦੋਸਤਾ ਕਦੇ ਕਤਲ ਹੁੰਦਾ ਹੈ।
ਇਹ ਐਸਾ ਦੁੱਧ ਹੈ ਜਿਸਨੂੰ ਕਦੇ ਵੀ ਮੌਤ ਨਹੀਂ ਆਉਂਦੀ
ਭਾਵੇਂ ਤਾਰੀਖ਼ ਕਈ ਵਾਰੀ ਹੈ ਦੁੱਧ ਦਾ ਵੀ ਕਤਲ ਚਾਹੁੰਦੀ।
ਬਨਵਾਸ
ਹਰਿੰਦਰ ਸਿੰਘ ਮਹਬਿੂਬ
ਇਸ ਰੋਹੀ ’ਚੋਂ ਆ ਰਹੀਆਂ ਨੇ, ਮੌਤ ਮਿਰੀ ਦੀਆਂ ਵਾਜਾਂ।
ਦੂਰ ਨਗਾਰੇ ਸੂਰਮਿਆਂ ਦੇ, ਗੂੰਜਣ ਸੁਣ ਫ਼ਰਿਆਦਾਂ।
ਕੱਚੇ ਘਰਾਂ ਦੇ ਬੂਹਿਆਂ ਅੱਗੇ ਰੋਂਦੀਆਂ ਮਾਵਾਂ ਆਈਆਂ।
ਕਣਕਾਂ ਪੱਕੀਆਂ ਦੀ ਰੁੱਤੇ ਕਿਉਂ ਦਰਦ ਉਮਰ
ਦੇ ਲਿਆਈਆਂ।
ਸਾਡੇ ਵੱਡ ਵਡੇਰਿਆਂ ਤੋਂ ਨੇ ਮਿਰਗਾਂ ਨਾਲ਼ ਯਰਾਨੇ।
ਮਾਵਾਂ ਰੋਹੀਆਂ ਨੂੰ ਨਾ ਛੱਡ ਕੇ ਵਸਣਾ ਦੇਸ ਬਿਗਾਨੇ।
‘‘ਮਾਏ ਕਣੀ ਪਿਆਰ ਦੀ ਨਿੱਕੀ ਨੈਣ ਨਮਾਣੇ ਦੋਏ।’’
ਮਾਂ ਦੇ ਤਰਸ ਦੇ ਖੰਭ ਨਤਾਣੇ, ਦੇਖ ਬੱਚੜੇ ਰੋਏ।
ਦੂਰ ਪਾਣੀਆਂ ਨੂੰ ਕੀ ਹੋਇਆ, ਹੂੰਗਰ ਮਾਰ ਬੁਲਾਣਾ।
ਪੁਸ਼ਤਾਂ ਦਾ ਇਕ ਗੀਤ ਸਾਂਭਿਆ, ਮਾਂਝੀ ਨੂੰ ਭੁੱਲ ਜਾਣਾ।
ਔਹ ਤਾਰਾ ਬਰਬਾਦ ਹੋ ਗਿਆ, ਬਰਬਾਦੀ ਦੀਆਂ ਸੋਆਂ।
ਏਸ ਉਜੜਦੇ ਪਿੰਡ ਵਿਚ ਆਈਆਂ, ਵਿਹੜਿਆਂ
ਫਿਰਦੀ ਰੋਆਂ।
ਵਤਨ ਦਾ ਪਾਣੀ, ਕੂੰਜਾਂ ਨੂੰ ਨ ਚਹੁੰ ਕੂਟਾਂ ਤੋਂ ਥਿਆਏ।
ਥੱਕੀਆਂ ਅਰਸ਼ਾਂ ਦੀਆਂ ਪੌਣਾਂ ਵਿਚ ਰਾਖ ਉਡੰਦੀ ਜਾਏ।
ਸੂਰਜ ਪਰਾਂ ’ਤੇ ਚਾਨਣ ਲਾਏ, ਜਦ ਪਰਦੇਸੋਂ ਚੱਲੀ।
ਵਤਨਾਂ ਦੇ ਵਿਚ ਰੌਲ਼ੇ ਮੱਚੇ, ਕੂੰਜ ਨਿਮਾਣੀ ਕੱਲੀ।।
ਫੁੱਲ ਕਿਉਂ ਹੋਏ ਕੰਡੇ
ਸ਼ਰੀਫ਼ ਕੁੰਜਾਹੀ
ਕੇਹੇ ਦਿਲਾਂ ਵਿਚ ਅੜਚ ਪਏ ਨੇ ਤੇ ਕੇਹੀਆਂ ਪਈਆਂ ਗੰਢਾਂ।
ਨੌਹਾਂ ਨਾਲੋਂ ਮਾਸ ਨਿਖੇੜਿਆ ਕਰ ਕਰ ਆਡੀਆਂ ਵੰਡਾਂ।
ਖ਼ੈਰੀਂ ਮਿਹਰੀਂ ਵਸਦੇ-ਰਸਦੇ ਪਤਾ ਨਹੀਂ ਕੀ ਵਰਤੀ।
ਲਹੂਓ ਲਹੂ ਦਿਨਾਂ ਵਿਚ ਹੋ ਗਈ ਫੁੱਲਾਂ ਵਰਗੀ ਧਰਤੀ।
ਭਾਈਆਂ ਨਾਲੋਂ ਭਾਈ ਓੜਕ ਵੱਖਰੇ ਹੁੰਦੇ ਆਏ।
ਇਹ ਕੋਈ ਏਡੀ ਗੱਲ ਨਹੀਂ ਸੀ ਜਿਸ ਸਿਆਪੇ ਪਾਏ।
ਇਕ ਤੌਣੀ ’ਤੇ ਜੇ ਸਦਾ ਈ ਮਾਂ ਜਾਏ ਰਲ਼ ਬਹਿੰਦੇ।
ਕਿਵੇਂ ਇਹ ਖੁੱਲ੍ਹੀ ਦੁਨੀਆ ਵਸਦੀ ਕਿਵੇਂ ਨਗਰ ਇਹ ਪੈਂਦੇ।
ਬਾਂਦਰ ਸਾਣ ਪਨੀਰ ਵੰਡਾਵੇ ਜੋ ਲੱਭਾ ਸੀ ਲੱਭਾ।
ਸੱਜਾ ਦੱਸ ਕੇ ਡਾਢਾ ਉਨ੍ਹਾਂ ਮਾਰਿਆ ਸਾਨੂੰ ਖੱਬਾ।
ਅੱਜ ਗੁੜ ਲਾਣੇ ਵਾਲੇ ਹੋ ਗਏ ਗੁੜ ਲਾ ਕੇ ਇਕ ਪਾਸੇ।
ਇਕਨਾਂ ਛਵ੍ਹੀਆਂ ਲੰਬ ਕਰਾਈਆਂ ਇਕਨਾ ਫੜੇ ਗੰਡਾਸੇ।
ਸ਼ਾਹ ਫ਼ਰੀਦ ਹੋਰਾਂ ਦੇ ਵਰਗੇ ਜਿਸ ਧਰਤੀ ’ਤੇ ਵੱਸੇ।
ਨਾਨਕ, ਸੰਤ ਕਬੀਰ ਨੇ ਜਿੱਥੇ ਰਾਹ ਮਿਲਾਪੜੇ ਦੱਸੇ।
ਓਥੇ ਲੂਤੀ ਲਾਣ ਵਾਲਿਆਂ ਇੰਜ ਅੱਜ ਲੂਤੀ ਲਾਈ।
ਤਾਣੇ ਪੇਟੇ ਵਾਲ਼ੀਆਂ ਤੰਦਾਂ ਨੂੰ ਤੂੰ ਨਵੀਂ ਸੁਣਾਈ।
ਅਪਣੀਂ ਹੱਥੀਂ ਅਪਣੇ ਮੂੰਹ ’ਤੇ ਮਾਰਨ ਲੱਗ ਪਏ ਚੰਡਾਂ।
ਭਾਈ ਭਾਈਆਂ ਨਾਲੋਂ ਰੁੱਸੇ ਨੰਗੀਆਂ ਹੋਈਆਂ ਕੰਡਾਂ।
ਕਾਲ਼ੇ ਸਵੇਰੇ
ਸੰਤ ਸੰਧੂ
ਉੱਗਦਾ ਸੂਰਜ ਸੋਗੀ ਹੋਇਆ
ਕਾਲ਼ੇ ਹੋਏ ਸਵੇਰੇ
ਕਾਲ਼ੀ ਰਾਤ ਹਨੇਰੀ ਵਿਚੋਂ
ਫੁਟ ਪਏ ਹੋਰ ਹਨੇਰੇ
ਗੋਰੇ ਰੰਗ ਦੇ ਗਏ ਧਾੜਵੀ
ਲੋਟੂ ਲਾਟ ਲੁਟੇਰੇ
ਪਹਿਨ ਮੁਖੌਟੇ ਘਰ ਦੇ ਆਏ
ਘਰ ਦੇ ਢਾਹੁਣ ਬਨੇਰੇ
ਹੁਕਮ ਤਸੀਲਾਂ ਵਿੱਚੋਂ ਆ ਗਏ
ਵੰਡ ਹੋਣਗੇ ਵਿਹੜੇ
ਸਸਤੀ ਮੌਤ ਬਥੇਰੀ ਹੋ ਜਾਊ
ਵੰਡ ਨਾ ਹੋਏ ਜਿਹੜੇ
ਪਹੁ ਫੁੱਟੀ ਤਾਂ ਹੋਈ ਬੇਸ਼ਗਨੀ
ਜੰਡ ਨੂੰ ਪੈ ਗਿਆ ਘੇਰਾ
ਸੁੰਨੀਆਂ ਗਲ਼ੀਆਂ ਨੂੰ
ਦੁੱਖ ਮਿਰਜ਼ਿਆ ਤੇਰਾ
ਤਖ਼ਤ ਹਜ਼ਾਰੇ ਦੇ
ਸੋਗੀ ਹੋਏ ਬਨੇਰੇ
ਖੇੜਿਆਂ ਦੀ ਭੱਠੀ ’ਚ
ਸੜ ਗਏ ਹੁਸਨ ਬਥੇਰੇ
ਛਵ੍ਹੀਆਂ ਦੀ ਛਾਂ ਹੋ ਗਈ
ਕੋਈ ਦਰਦੀ ਨਾ ਨੇੜੇ
ਸੋਗ ਹਜ਼ਾਰਿਆਂ ਨੂੰ
ਖ਼ੁਸ਼ੀ ਮਨਾਉਂਦੇ ਖੇੜੇ
ਖੁੱਡਿਆਂ ਦੇ ਵਿਚ ਡੱਕੇ ਮੁਰਗ਼ੇ
ਬੇਦਰਦ ਹੋਣੀ ਨੇ ਘੇਰੇ
ਝੰਗ ਸਿਆਲਾਂ ਦੇ
ਸੁੰਨੇ ਹੋ ਗਏ ਡੇਰੇ
ਘਰ ਵਿਚ ਜੰਗ ਹੋਈ
ਰਾਮ ਤੀਰਥ ਦੇ ਨੇੜੇ
ਡੈਣ ਸਿਆਸਤ ਦੀ
ਕਰ ਗਈ ਕਤਲ ਚੁਫ਼ੇਰੇ
ਓਸ ਬੰਨੇ
ਸੁਰਜੀਤ ਪਾਤਰ
ਓਸ ਬੰਨੇ ਸੁਹਣਾ-ਜਿਹਾ ਵਸਦਾ ਗਰਾਂ ਸੀ
ਪਿੱਪਲਾਂ ਤੇ ਬੋਹੜਾਂ ਨਿੰਮਾਂ ਟਾਹਲੀਆਂ ਦੀ ਛਾਂ ਸੀ
ਰਾਹਵਾਂ ਉੱਤੇ ਸਾਡੇ ਨਿੱਕੇ ਪੈਰਾਂ ਦੀਆਂ ਪੈੜਾਂ ਸਨ
ਦਰਾਂ ’ਚ ਖਲੋ ਕੇ ਮਾਵਾਂ ਮੰਗਦੀਆਂ ਖ਼ੈਰਾਂ ਸਨ
ਰਾਮਾ ਗਾਮਾ ਜੀਤਾ ਮੇਰੇ ਆੜੀਆਂ ਦੇ ਨਾਂ ਸੀ
ਕਹਿਰ ਦੀਆਂ ਐਸੀਆਂ ਹਨ੍ਹੇਰੀਆਂ ਸੀ ਝੁੱਲੀਆਂ
ਬੰਦਿਆਂ ਦੀ ਛੱਡ ਓਥੇ ਕੌਮਾਂ ਰਾਹਵਾਂ ਭੁੱਲੀਆਂ
ਪੁੱਤ ਕਿੱਥੇ ਰਾਹ ਭੁੱਲੇ ਰੋਂਦੀ ਕਿੱਥੇ ਮਾਂ ਸੀ
ਹਰ ਬੰਦੇ ਵਿੱਚੋਂ ਕੋਈ ਨਿਕਲਿਆ ਹੋਰ ਸੀ
ਬੜਾ ਓਥੇ ਮਜ਼ਹਬਾਂ ਤੇ ਧਰਮਾਂ ਦਾ ਸ਼ੋਰ ਸੀ
ਰੱਬ ਦਾ ਤਾਂ ਓਥੇ ਕਿਤੇ ਨਾਂ ਨਾ ਨਿਸ਼ਾਂ ਸੀ
ਪਾਗਲਾਂ ਤੂੰ ਰੋਨਾਂ ਏਂ ਕਿ ਪੈੜਾਂ ਮਿਟ ਗਈਆਂ ਨੇ
ਝੱਖੜ ਸੀ ਏਦਾਂ ਦਾ ਕਿ ਰਾਹਵਾਂ ਉੜ ਗਈਆਂ ਨੇ
ਅੰਨ੍ਹੇ ਹੋ ਗਏ ਬੰਦੇ ਕੋਈ ਧੀ ਸੀ ਨਾ ਮਾਂ ਸੀ
ਰੂਹ ਸਾਡੀ ਓਥੇ ਰਹਿ ਗਈ, ਪਲ ਬੜੇ ਥੋੜ੍ਹੇ ਸੀ
ਜਾਨਾਂ ਹੀ ਬਚਾ ਕੇ ਅਸੀਂ ਮਸੀਂ ਓਥੋਂ ਦੌੜੇ ਸੀ
ਰੁੱਖਾਂ ਨਾਲੋਂ ਛਾਵਾਂ ਟੁੱਟ ਜਾਣ ਦਾ ਸਮਾਂ ਸੀ
ਹਾਲੇ ਵੀ ਤਾਂ ਪਿੰਡ ਸਾਡਾ ਵੱਸਦਾ ਈ ਹੋਵੇਗਾ
ਸਾਡੇ ਬਾਰੇ ਗੱਲਾਂਬਾਤਾਂ ਦੱਸਦਾ ਈ ਹੋਵੇਗਾ
ਉਹ ਏਥੋਂ ਚਲੇ ਗਏ ਜਿਨ੍ਹਾਂ ਦੀ ਇਹ ਥਾਂ ਸੀ
ਜਦੋਂ ਕਦੀ ਮਿਲ਼ਾਂਗੇ ਤਾਂ ਸੀਨੇ ਲੱਗ ਰੋਣਗੇ
ਵਿਹੜਿਆਂ ਦੇ ਰੁੱਖ ਵੀ ਉਡੀਕਦੇ ਤਾਂ ਹੋਣਗੇ
ਜਿਨ੍ਹਾਂ ਦਿਆਂ ਤਣਿਆਂ ਤੇ ਖੁਣੇ ਅਸਾਂ ਨਾਂ ਸੀ।
ਵਾਹਗਾ
ਅਹਿਮਦ ਸਲੀਮ
ਸਾਡੇ ਵਿਚਕਾਰ ਫੁੱਲ ਨੇ
ਤੇ ਕੰਧ ਫੇਰ ਕੰਧ ਏ
ਭਾਵੇਂ ਫੁੱਲਾਂ ਦੀ ਹੋਵੇ
ਸਾਡੇ ਵਿਚਕਾਰ ਖ਼ਤ ਨੇ
ਤੇ ਉਹ ਸਾਡੇ ਵਿਛੋੜੇ ਦੀ ਪੀੜ ਜਗਾ ਦੇਂਦੇ
ਸਾਡੇ ਵਿਚਕਾਰ ਹੰਝੂ ਨੇ
ਤੇ ਉਹ ਸਾਨੂੰ ਧੁੰਦਲਾ ਦਿੰਦੇ ਇਕ ਦੂਜੇ ਦੀਆਂ ਅੱਖਾਂ ਵਿਚ
ਤੇ ਦਰਦ ਏ
ਸਾਡੇ ਵਿਚਕਾਰ ਥਲਾਂ ਵਾਂਕਰ ਗੰਢਿਆ ਹੋਇਆ
ਸਾਡੇ ਵਿਚਕਾਰ ਪਿਆਰ ਏ
ਸਾਨੂੰ ਇਕ ਤੋਂ ਦੋ ਕਰਦਾ ਹੋਇਆ
ਜੀਅ ਕਰਦਾ ਏ ਕਮੀਨੇ ਸੱਜਣ
ਤੈਨੂੰ ਗਲ਼ ਲਗ ਕੇ ਨਫ਼ਰਤ ਕਰਾਂ ਤੇ ਰੋਵਾਂ
ਸੱਗੀਆਂ ਪੁਲ਼ ਨੈਨਸੁੱਖ
ਅਮਰਜੀਤ ਚੰਦਨ
ਇਹ ਸੁੱਕੀ ਰਾਵੀ ਦਾ ਪੁਲ਼ ਹੈ
ਇਸਦੇ ਥੱਲੇ ਉੱਤੇ ਸ਼ਹਿਰ ਦੀਆਂ ਕੁੱਲ
ਆਵਾਜ਼ਾਂ ਵੱਗਣ
ਕੰਢੇ ਉੱਛਲਣ
ਅਜ਼ਾਨ ਦਾ ਵੇਲਾ ਅਜ਼ਾਬ ਹੈ ਬਣਿਆ
ਕਿਸ ਬਲ਼ਦੀ ਸ਼ੈਅ ਦਾ ਧੂੰਆਂ ਉੱਠਦਾ
ਸਾਹ ਘੁੱਟਦਾ ਹੈ ਨਜ਼ਰ ਨਾ ਆਵੇ
ਕੁੱਲ ਲਾਊਡ ਸਪੀਕਰ ਬੋਲਣ
ਰੱਬ ਨੂੰ ਕੁਛ ਆਖ ਸੁਣਾਵਣ
ਕੁਛ ਵੀ ਸੁਣਦਾ ਨਹੀਂ ਹੈ
ਆਵਾਜਾਈ ਵਾਹੋਦਾਹੀ ਹਾਲਦੁਹਾਈ
ਕਿਸਨੇ ਸ਼ਹਿਰ ’ਤੇ ਹਮਲਾ ਕੀਤਾ
ਕੌਣ ਅਬਦਾਲੀ ਫਿਰ ਚੜ੍ਹਿਆ ਹੈ ਅੱਤ ਮਚਾਵਣ
ਪਨਾਹਗੀਰ ਦੀ ਹੀਰ
ਬਰਕਤ ਰਾਮ ਯੁਮਨ
ਕਰੀਂ ਯਾਦ ਅਪਣੀ ਕਦੇ ਪਨਾਹਗੀਰਾ,
ਤੂੰ ਤੇ ਚਮਕਦਾ ਸੈਂ ਆਬੋ-ਤਾਬ ਅੰਦਰ।
ਦੌਲਤ, ਹੁਸਨ, ਹਕੂਮਤਾਂ ਰਹਿੰਦੀਆਂ ਸਨ,
ਸਜਦੇ ਕਰਦੀਆਂ ਤੇਰੀ ਜਨਾਬ ਅੰਦਰ।
ਵਾਹੀ, ਵਣਜ, ਮੁਲਾਜ਼ਮਤ, ਦਸਤਕਾਰੀ,
ਹਰ ਇਕ ਮਦ ਸੀ ਤੇਰੇ ਹਿਸਾਬ ਅੰਦਰ।
ਰਾਂਝਾ ਤਖ਼ਤ ਹਜ਼ਾਰੇ ਦਾ ਚੌਧਰੀ ਸੀ,
ਤੂੰ ਸੈਂ ਚੌਧਰੀ ਸਾਰੇ ਪੰਜਾਬ ਅੰਦਰ।
ਤੇਰੀ ਧੁੰਮ ਤ੍ਰਿੰਞਣਾਂ ਵਿਚ ਹੈ ਸੀ,
ਤੇਰੇ ਨਾਲ ਮਹਿਫ਼ਲ ਹਰ ਇਕ ਸੱਜਦੀ ਸੀ।
ਤੇਰੇ ਨਾਲ ਸੀ ਰੌਣਕ ਅਖਾੜਿਆਂ ਦੀ,
ਤੇਰੀ ਵੰਝਲੀ ਜੱਗ ਵਿਚ ਵੱਜਦੀ ਸੀ।
ਮੌਜੂ ਨਾਮ ਅਖੰਡ ਪੰਜਾਬ ਦਾ ਸੀ,
ਤੇ ਜ੍ਹਿਦੇ ਨਾਲ਼ ਗਿਆ ਇਕਬਾਲ ਤੇਰਾ।
ਦਗ਼ੇਬਾਜ਼ ਭਰਾਵਾਂ ਨੇ ਨਾਲ਼ ਧੋਖੇ,
ਦੱਬ ਲਿਆ ਜ਼ਮੀਨ ਤੇ ਮਾਲ ਮੇਰਾ।
ਜਿਹੜੇ ਆਪਣੇ ਜੇਹੇ ਕੁਝ ਲਗਦੇ ਸਨ
ਉਨ੍ਹਾਂ ਦੇ ਨਕਸ਼ ਵੀ ਯਾਦ ਨਈਂ ਰਹੇ
ਜਿਨ੍ਹਾਂ ਘਰਾਂ ’ਚ ਉਮਰਾਂ ਬੀਤੀਆਂ ਸਨ
ਉਨ੍ਹਾਂ ਘਰਾਂ ਦੇ ਰਸਤੇ ਵੀ ਯਾਦ ਨਈਂ ਰਹੇ
ਭੁਲ ਗਏ ਉਹ ਮੁਖੜੇ ਖ਼੍ਵਾਬ ਵਰਗੇ
ਕੋਈ ਗੱਲ ਨਈਂ ਯਾਦ ਉਨ੍ਹਾਂ ਦਿਲਬਰਾਂ ਦੀ
ਕਦੀ ਬਾਰੀਆਂ ਵਿਚ ਕਦੀ ਮਹਿਫ਼ਲਾਂ ਵਿਚ
ਉਨ੍ਹਾਂ ਅੱਖਾਂ ਦੇ ਜਲਵੇ ਵੀ ਯਾਦ ਨਈਂ ਰਹੇ
ਐਡੇ ਮਸਤ ਹਾਂ ਆਪਣੇ ਆਪ ਦੇ ਵਿਚ
ਐਡੇ ਗੁੰਮ ਹਾਂ ਆਪਣੀ ਜ਼ਾਤ ਦੇ ਵਿਚ
ਜਿਨ੍ਹਾਂ ਵੇਲਿਆਂ ਨੂੰ ਹੁਣੇ ਹਿਸਾਬ ਦਿੱਤਾ
ਉਹ ਹਸ਼ਰ ਦੇ ਵੇਲੇ ਵੀ ਯਾਦ ਨਈਂ ਰਹੇ
ਇਹ ਵੀ ਸਾਲ ਨੇ ਅਜਬ ਮੁਹੱਬਤਾਂ ਦੇ
ਅਸੀਂ ਭੁੱਲ ਗਏ ਉਹ ਵੀ ਭੁੱਲ ਗਿਆ
ਗਿਲੇ ਓਸ ਦੇ ਕੌਲ ਕਰਾਰ ਦੇ ਕੀ
ਸਾਨੂੰ ਆਪਣੇ ਹੀ ਵਾਅਦੇ ਯਾਦ ਨਈਂ ਰਹੇ
ਕੋਈ ਅਮਲ ਮੁਨੀਰ ਨਹੀਂ ਮਿਟ ਸਕਦਾ
ਏਸ ਬਾਗ਼ ਦੀ ਮਹਿਕ ਸਦਾ ਉਡਦੀ ਏ
ਉਨ੍ਹਾਂ ਕੰਮਾਂ ਨੇ ਸਾਡਾ ਨਿਸ਼ਾਨ ਹੋਣਾ
ਜਿਨ੍ਹਾਂ ਕੰਮਾਂ ਦੇ ਵੇਲੇ ਵੀ ਯਾਦ ਨਈਂ ਰਹੇ
* * *
ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ
ਐਹ ਗੱਲਾਂ ਹੁਣ ਕਰਨ ਦੀਆਂ ਨਹੀਂ
ਵੇਲ਼ੇ ਲੰਘ ਗਏ ਹੁਣ ਤੌਬਾ ਵਾਲੇ
ਰਾਤਾਂ ਹੁਣ ਹਉਕੇ ਭਰਨ ਦੀਆਂ ਨਹੀਂ
ਜੋ ਹੋਇਆ ਤੇ ਐਹ ਹੋਣਾ ਹੀ ਸੀ
ਤੇ ਹੋਣੀਆਂ ਰੋਕੇ ਰੁਕਦੀਆਂ ਨਹੀਂ
ਇਕ ਵਾਰੀ ਜਦੋਂ ਸ਼ੁਰੂ ਹੋ ਜਾਵੇ
ਤੇ ਗੱਲ ਫਿਰ ਐਵੇਂ ਮੁੱਕਦੀ ਨਹੀਂ
ਕੁਝ ਉਂਜ ਵੀ ਰਾਹਵਾਂ ਔਖੀਆਂ ਸੀ
ਕੁਝ ਗਲ਼ ਵਿਚ ਗ਼ਮ ਦਾ ਤੌਕ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ
ਮੁਨੀਰ ਨਿਆਜ਼ੀ
(ਇਸ ਸਫ਼ੇ ਦੀਆਂ ਕਵਿਤਾਵਾਂ ਪੁਸਤਕ ‘ਸੰਨ ਸੰਤਾਲੀ: ਪੰਜਾਬ ਦੇ ਉਜਾੜੇ ਦੀ ਸ਼ਾਇਰੀ’, ਸੰਪਾਦਕ ਅਮਰਜੀਤ ਚੰਦਨ, ਵਿਚੋਂ ਧੰਨਵਾਦ ਸਹਿਤ)