ਪ੍ਰਿੰ. ਸਰਵਣ ਸਿੰਘ
ਇਕਬਾਲ ਸਿੰਘ ਜੱਬੋਵਾਲੀਆ ਨੇ ਵੱਖ ਵੱਖ ਖਿਡਾਰੀਆਂ ਬਾਰੇ ਪੰਜਾਹ ਤੋਂ ਉਪਰ ਰੇਖਾ ਚਿੱਤਰ ਲਿਖੇ ਹਨ। ਉਹ ਪਹਿਲਾਂ ਕਹਾਣੀਆਂ ਵੀ ਲਿਖਦੇ ਸਨ ਪਰ ਫਿਰ ਖੇਡਾਂ ਬਾਰੇ ਲਿਖਣ ਲੱਗ ਪਏ। ਉਨ੍ਹਾਂ ਨੂੰ ਲਿਖਣ ਦੀ ਚੇਟਕ ਸਿੱਖ ਨੈਸ਼ਨਲ ਕਾਲਜ, ਬੰਗਾ ਵਿਚ ਉਸ ਵਕਤ ਲੱਗੀ, ਜਦੋਂ ਉਹ ਉੱਥੇ ਪੜ੍ਹਦਾ ਸੀ। ਉਦੋਂ ਸ਼ਮਸ਼ੇਰ ਸਿੰਘ ਸੰਧੂ ਉਥੇ ਬਤੌਰ ਅਧਿਆਪਕ ਤਾਇਨਾਤ ਸਨ ਅਤੇ ਵਿਦਿਆਰਥੀਆਂ ਨੂੰ ਪੜ੍ਹਨ-ਲਿਖਣ ਲਈ ਵਾਹਵਾ ਪ੍ਰੇਰਦੇ ਸਨ। ਇਸੇ ਪ੍ਰੇਰਨਾ ਵਿਚੋਂ ਹੀ ਇਕਬਾਲ ਨੇ ਆਪਣੀ ਪਹਿਲੀ ਰਚਨਾ ਕਹਾਣੀ ਦੇ ਰੂਪ ਵਿਚ ਲਿਖੀ; ਫਿਰ ਤਾਂ ਚੱਲ ਸੋ ਚੱਲ। 1984 ਤੋਂ ਉਹ ਅਮਰੀਕਾ ਵਿਚ ਹਨ। ਉਨ੍ਹਾਂ ਅਮਰੀਕਾ ਵਿਚ ਟੈਕਸੀ ਚਲਾਉਂਦਿਆਂ ਬਹੁਤ ਸਾਰੇ ਖਿਡਾਰੀਆਂ ਬਾਬਤ ਸੋਚਿਆ ਅਤੇ ਫਿਰ ਲਿਖਿਆ। ਅੱਜਕੱਲ੍ਹ ਉਹ ਅਮਰੀਕਾ ਤੋਂ ਛਪਦੇ ਹਫਤਾਵਾਰੀ ਪਰਚੇ ‘ਪੰਜਾਬ ਟਾਈਮਜ਼’ ਵਿਚ ਲਗਾਤਾਰ ਲਿਖ ਰਹੇ ਹਨ। ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਇਕਬਾਲ ਜੱਬੋਵਾਲੀਆਂ ਬਾਰੇ ਗੱਲਾਂ ਕੀਤੀਆਂ ਹਨ।
ਇਕਬਾਲ ਜੱਬੋਵਾਲੀਆ ਭਲਵਾਨਾਂ ਤੇ ਕੌਡਿਆਲਾਂ ਦਾ ਲੇਖਕ ਹੈ। ਆਪ ਵੀ ਜੁੱਸੇ ਵੱਲੋਂ ਭਲਵਾਨ ਈ ਲੱਗਦੈ। ਉਹ ਪੰਜਾਹ ਤੋਂ ਵੱਧ ਖਿਡਾਰੀਆਂ ਦੇ ਰੇਖਾ ਚਿੱਤਰ ਲਿਖ ਕੇ ਖੇਡ ਲੇਖਕਾਂ ਵਿਚ ਸ਼ਾਮਲ ਹੋ ਚੁੱਕੈ। ਪਹਿਲਾਂ ਉਸ ਨੇ ਕਹਾਣੀਆਂ ਲਿਖੀਆਂ, ਗੀਤ ਲਿਖੇ ਤੇ ਗੀਤਕਾਰਾਂ ਬਾਰੇ ਲਿਖਿਆ। ਬੰਗੇ ਤੋਂ ਨਿਕਲਦੇ ਪਰਚੇ ‘ਨਿਸ਼ਾਨੀ’ ਵਿਚ ਕੁਝ ਹਾਸ ਵਿਅੰਗ ਲੇਖ ਛਪਵਾਏ। ਨਵਾਂ ਸ਼ਹਿਰ ਨੇੜੇ ਪਿੰਡ ਜੱਬੋਵਾਲ ਦਾ ਜੰਮਪਲ ਹੋਣ ਕਰ ਕੇ ਆਪਣੇ ਨਾਂ ਨਾਲ ‘ਜੱਬੋਵਾਲੀਆ’ ਜੋੜ ਲਿਆ। ਅੱਜਕੱਲ੍ਹ ਉਹ ਨਿਊ ਯਾਰਕ ਵਿਚ ਰਹਿ ਰਿਹੈ। ਉਹਦੀਆਂ ਖੇਡ ਲਿਖਤਾਂ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਆਸਟਰੇਲੀਆ ਦੇ ਪੰਜਾਬੀ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ। ਸਿ਼ਕਾਗੋ ਦੇ ਅਖ਼ਬਾਰ ‘ਪੰਜਾਬ ਟਾਈਮਜ਼’ ਦਾ ਉਹ ਖੇਡ ਕਾਲਮਨਵੀਸ ਹੈ।
ਉਸ ਨੇ ਮਹਾਂਬਲੀ ਕਿੱਕਰ ਸਿੰਘ ਦੇਵੇ ਹਿੰਦ, ਰੁਸਤਮੇ ਜ਼ਮਾਂ ਗਾਮਾ, ਰੁਸਤਮੇ ਹਿੰਦ ਹਰਬੰਸ ਸਿੰਘ ਰਾਏਪੁਰ ਡੱਬਾ, ਰੁਸਤਮੇ ਹਿੰਦ ਮਿਹਰਦੀਨ, ਹਿੰਦ ਕੇਸਰੀ ਸੁਖਵੰਤ ਸਿੰਘ ਸਿੱਧੂ, ਪਦਮਸ੍ਰੀ ਕਰਤਾਰ ਸਿੰਘ, ਫਰੀ ਸਟਾਈਲ ਰੈਸਲਰ ਜੋਗਿੰਦਰ ਟਾਈਗਰ, ਬਿੱਲਾ ਅੰਬਰਸਰੀਆ, ਪਹਿਲਵਾਨ ਬੁੱਧ ਸਿੰਘ, ਸਰਬਣ ਰਾਮਾ-ਖੇਲਾ, ਬਲਵੀਰ ਸਿੰਘ ਸ਼ੀਰੀ, ਦਰਸ਼ਨ ਜੱਬੋਵਾਲੀਆ, ਗੁਰਮੁੱਖ ਸਿੰਘ, ਓਲੰਪੀਅਨ ਅਮਰ ਢੇਸੀ, ਕੁਸ਼ਤੀ ਕੋਚ ਪੀਆਰ ਸੋਂਧੀ, ਅਮਨਦੀਪ ਵਿੱਕੀ, ਮਨਦੀਪ ਸੋਂਧੀ, ਸੰਦੀਪ ਹਰਿਆਣਾ, ਜੈਲਾ ਰਾਏਪੁਰ ਡੱਬਾ, ਕੇਵਲ ਕੈਲੇ, ਰੰਗਾ ਪਹਿਲਵਾਨ, ਜਸਵਿੰਦਰ ਜੌਹਲ ਅਤੇ ਕੁਝ ਹੋਰ ਪਹਿਲਵਾਨਾਂ ਦੇ ਰੇਖਾ ਚਿੱਤਰ ਉਲੀਕੇ ਹਨ।
ਕਬੱਡੀ ਖਿਡਾਰੀ ਸਰਵਣ ਰਮੀਦੀ, ਪ੍ਰੀਤਾ ਨਡਾਲੀਆ, ਅਜੀਤ ਸਠਿਆਲੀਆ, ਭੱਜੀ ਸੰਧਵਾਂ, ਬੋਲਾ ਪੱਤੜੀਆ, ਘੁੱਗਾ ਸ਼ੰਕਰੀਆ, ਮੱਖਣ ਧਾਲੀਵਾਲ, ਕਮਲ ਪੰਡਤ, ਗੁਰਜੀਤ ਪੁਰੇਵਾਲ, ਸ਼ਿਵਦੇਵ ਸਿੰਘ, ਪਾਲਾ ਸ਼ੰਕਰੀਆ, ਸਿ਼ੰਦਾ ਬਹਿਰਾਮੀਆ, ਹਰਜਿੰਦਰ ਠਾਣਾ, ਤੀਰਥ ਗ਼ਾਖਲ, ਲਹਿੰਬਰ ਲੰਬੜ, ਮੋਹਣਾ ਸੰਘਾ, ਬਾਜ਼, ਚੰਨਾ, ਪਾਲੀ ਸਰਹਾਲੀਆ, ਸੰਨੀ ਕੰਦੋਲਾ, ਕਾਰੀ ਕਪੂਰਥਲੀਆ, ਹਰੀ ਮੱਲਪੁਰੀਆ, ਬਰਤਾਨੀਆ ਦੀ ਕਬੱਡੀ ਦਾ ਬਾਬਾ ਬੋਹੜ ਮਹਿੰਦਰ ਸਿੰਘ ਮੌੜ, ਨਿਊ ਯਾਰਕ ਦਾ ਕਬੱਡੀ ਪ੍ਰੋਮੋਟਰ ਮਹਿੰਦਰ ਸਿੱਧੂ ਅਤੇ ਕਬੱਡੀ ਦੇ ਬੁਲਾਰੇ ਸਰਵਣ ਸਿੰਘ ਤੇ ਮੱਖਣ ਸਿੰਘ ਹਕੀਮਪੁਰ ਬਾਰੇ ਲੇਖ ਲਿਖੇ ਹਨ। ਉਹ ਖ਼ੁਦ ਵੀ ਕਬੱਡੀ ਦਾ ਬੁਲਾਰਾ ਹੈ।
ਉਸ ਨੇ ਫੁੱਟਬਾਲ ਖਿਡਾਰੀ ਜਰਨੈਲ ਸਿੰਘ ਪਨਾਮੀਆ, ਪੰਜਾਬ ਦਾ ਪੇਲੇ ਇੰਦਰ ਸਿੰਘ, ਅਰਜਨ ਅਵਾਰਡੀ ਗੁਰਦੇਵ ਸਿੰਘ ਗਿੱਲ, ਨਿਰੰਜਨ ਦਾਸ ਮੰਗੂਵਾਲ, ਹਰਦੇਵ ਸਿੰਘ ਕਾਹਮਾ, ਪਰਮਜੀਤ ਕਾਹਮਾ, ਛੰਨਾ ਕਾਹਮਾ, ਸਰਬਜੀਤ ਮੰਗੂਵਾਲ ਤੇ ਗੁਰਜਿੰਦਰ ਸੰਨੀ ਮੰਗੂਵਾਲ ਬਾਰੇ ਵੀ ਲਿਖਿਆ। ਹਾਕੀ ਦੇ ਖਿਡਾਰੀ ਸੁਰਿੰਦਰ ਸਿੰਘ ਸੋਢੀ, ਭਾਰਤੀ ਹਾਕੀ ਟੀਮ ਦੀ ਖਿਡਾਰਨ ਤੇ ਕੋਚ ਸਰੋਜ ਬਾਲਾ, ਇੰਦਰਜੀਤ ਸਿੰਘ ਰੋਪੜ, ਅਥਲੀਟ ਨਰਿੰਦਰ ਸਿੰਘ ਸਰਹਾਲ ਕਾਜ਼ੀਆਂ ਅਤੇ ਜਲੰਧਰ ਜਿ਼ਲ੍ਹੇ ਦੀਆਂ ਸਕੂਲੀ ਬੱਚਿਆਂ ਦੀਆਂ ਖੇਡਾਂ ਦੇ ਪ੍ਰਧਾਨ ਹੈੱਡਮਾਸਟਰ ਗਿਆਨ ਸਿੰਘ ਬਾਰੇ ਵੀ ਕਲਮ ਚਲਾਈ। ਫਲਾਈਂਗ ਸਿੱਖ ਮਿਲਖਾ ਸਿੰਘ, ਬਾਡੀ ਬਿਲਡਰ ਪ੍ਰੇਮ ਚੰਦ ਡੇਗਰਾ ਤੇ ਓਲੰਪੀਅਨ ਵੇਟ ਲਿਫਟਰ ਜਸਵੀਰ ਕਰਨਾਣਾ ਦੇ ਰੇਖਾ ਚਿੱਤਰ ਵੀ ਲਿਖੇ।
ਜਦੋਂ ਉਹ ਸਿੱਖ ਨੈਸ਼ਨਲ ਕਾਲਜ ਬੰਗੇ ਪੜ੍ਹਨ ਲੱਗਾ, ਉਦੋਂ ਸ਼ਮਸ਼ੇਰ ਸਿੰਘ ਸੰਧੂ ਵੀ ਉਥੇ ਪੰਜਾਬੀ ਪੜ੍ਹਾਉਣ ਲੱਗ ਪਿਆ ਸੀ। ਸੰਧੂ ਨੇ ਸਿਲੇਬਸ ਦੀ ਪੜ੍ਹਾਈ ਕਰਾਉਣ ਦੇ ਨਾਲ ਵਿਦਿਆਰਥੀਆਂ ਨੂੰ ਪਹਿਲਵਾਨਾਂ, ਗੀਤਕਾਰਾਂ, ਗਾਇਕਾਂ ਤੇ ਫਿਲਮੀ ਕਲਾਕਾਰਾਂ ਦੀਆਂ ਗੱਲਾਂ ਵੀ ਸੁਣਾਈ ਜਾਣੀਆਂ; ਖ਼ਾਸ ਕਰ ਕੇ ਦੋਹਾਂ ਦਾਰੇ ਪਹਿਲਵਾਨਾਂ ਦੀਆਂ ਅਤੇ ਗੀਤਕਾਰ ਦੀਦਾਰ ਸੰਧੂ ਦੀਆਂ। ਵਿਚੇ ਆਪਣੇ ਲੰਗੋਟੀ-ਵਟ ਯਾਰ ਪਾਸ਼ ਦੀਆਂ ਗੱਲਾਂ ਕਰੀ ਜਾਣੀਆਂ। ਪਾਸ਼ ਹੀ ਸੀ ਜੀਹਨੇ ਸਿਗਰਟ ਦੇ ਕਸ਼ ਨਾਲ ਉਹਤੋਂ ਬੰਗੇ ਦੀ ਲੈਕਚਰਾਰੀ ਛੁਡਵਾਈ। ਫਿਰ ਉਹ ਪੱਤਰਕਾਰੀ ਦੇ ਰਾਹ ਪੈ ਕੇ ਗੀਤਕਾਰੀ ਦੀ ਸੜਕੇ ਚੜ੍ਹ ਗਿਆ। ਸੰਧੂ ਨੇ ਕਾਲਜ ਵਿਚ ਸਾਹਿਤ ਸਭਾ ਬਣਾ ਕੇ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਲਿਖਣ ਦੀ ਚਿਣਗ ਲਾ ਦਿੱਤੀ ਸੀ। ਉਥੋਂ ਹੀ ਇਕਬਾਲ ਨੂੰ ਲਿਖਣ ਦੀ ਚੇਟਕ ਲੱਗ ਗਈ। ਉਹ ਪਿੰਡੋਂ ਬੱਸ ਤੇ ਆਉਂਦਾ ਜਾਂਦਾ ਰਾਹ ਵਿਚ ਵਾਪਰਦੀਆਂ ਘਟਨਾਵਾਂ ਨੀਝ ਨਾਲ ਵੇਖਦਾ। ਇਕ ਦਿਨ ਅਜਿਹੀ ਘਟਨਾ ਵਾਪਰੀ ਕਿ ਉਸ ਉਤੇ ਕਹਾਣੀ ਲਿਖ ਦਿੱਤੀ ਜਿਸ ਦਾ ਨਾਂ ਰੱਖਿਆ ‘ਬੱਸ’। ਇਹ ਉਸ ਦੀ ਪਹਿਲੀ ਰਚਨਾ ਸੀ ਜੋ ਕਾਲਜ ਦੇ ਮੈਗਜ਼ੀਨ ਵਿਚ ਛਪੀ। ਫਿਰ ਉਸ ਨੇ ਦਸ ਬਾਰਾਂ ਕਹਾਣੀਆਂ ਲਿਖੀਆਂ ਪਰ ਕੋਈ ਕਹਾਣੀ ਸੰਗ੍ਰਹਿ ਨਾ ਛਪਵਾ ਸਕਿਆ। ਇਹੋ ਹਾਲ ਉਸ ਦੀ ਖੇਡ ਪੁਸਤਕ ਦਾ ਹੈ।
1984 ਵਿਚ ਉਹ ਅਮਰੀਕਾ ਉਡਾਰੀ ਮਾਰ ਗਿਆ ਤੇ ਕੰਮਾਂ-ਕਾਰਾਂ ਦੇ ਕਾਂਟੇ ਬਦਲਦਾ ਨਿਊ ਯਾਰਕ ਵਿਚ ਟੈਕਸੀ ਚਲਾਉਣ ਲੱਗ ਪਿਆ। ਪਿੰਡ ਪਰਤਿਆ ਤਾਂ ਇਲਾਕੇ ਦੇ ਮਸ਼ਹੂਰ ਪਹਿਲਵਾਨ ਰੁਸਤਮੇ ਹਿੰਦ ਹਰਬੰਸ ਸਿੰਘ ਰਾਏਪੁਰ ਡੱਬਾ ਨੂੰ ਮਿਲਣ ਚਲਾ ਗਿਆ। ਉਨ੍ਹਾਂ ਬਾਰੇ ਕੁਝ ਲਿਖਣ ਦੀ ਇੱਛਾ ਪਰਗਟ ਕੀਤੀ ਤੇ ਕਿਹਾ- ‘ਮੈਂ ਪਹਿਲਵਾਨਾਂ ਤੇ ਖਿਡਾਰੀਆਂ ਬਾਰੇ ਲਿਖਣਾ ਚਾਹੁੰਨਾਂ’। ਉਸ ਵੇਲੇ ਉਹਦਾ ਵੱਡਾ ਭਰਾ ਹੈੱਡਮਾਸਟਰ ਗਿਆਨ ਸਿੰਘ ਵੀ ਉਹਦੇ ਨਾਲ ਸੀ। ਪਹਿਲਵਾਨ ਨੇ ਇਕਬਾਲ ਨੂੰ ਥਾਪੜਾ ਦਿੰਦਿਆਂ ਕਿਹਾ, “ਭਲਵਾਨਾਂ ਤੇ ਖਿਡਾਰੀਆਂ ਬਾਰੇ ਲਿਖਣਾ ਚਾਹੁੰਨੈ ਤਾਂ ਚੰਗੀਆਂ ਗੱਲਾਂ ਈ ਲਿਖੀਂ। ਪਹਿਲਵਾਨ ਅਖਾੜਿਆਂ ਵਿਚ ਭਗਤੀ ਕਰਨ ਵਾਲੇ ਭਗਤ ਹੁੰਦੇ ਨੇ। ਉਨ੍ਹਾਂ ਭਗਤਾਂ ਬਾਰੇ ਲਿਖਦਿਆਂ ਸੱਚੋ-ਸੱਚ ਲਿਖੀਂ। ਨਾਲੇ ਜੁਆਨਾਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਲਈ ਪ੍ਰੇਰੀਂ ਅਤੇ ਨੇਕ ਬੰਦੇ ਬਣਨ ਦੀ ਲਗਨ ਲਾਈਂ।”
ਹਰਬੰਸ ਸਿੰਘ ਦਾ ਜਨਮ 1902 ਵਿਚ ਬੰਗੇ ਨੇੜਲੇ ਪਿੰਡ ਰਾਏਪੁਰ ਡੱਬਾ ਵਿਚ ਪਹਿਲਵਾਨ ਕਾਹਨ ਸਿੰਘ ਦੇ ਘਰ ਹੋਇਆ ਸੀ। ਅੱਠ ਸਾਲ ਦੀ ਉਮਰ ਵਿਚ ਉਹ ਨਿਊਜ਼ੀਲੈਂਡ ਚਲਾ ਗਿਆ। ਉਡਾਰ ਹੋਇਆ ਤਾਂ ਉਸ ਨੂੰ ਜਲੰਧਰ ਦੇ ਪਹਿਲਵਾਨ ਅੱਲਾ ਬਖ਼ਸ਼ ਦੀ ਨਿਗਰਾਨੀ ਹੇਠ ਪਹਿਲਵਾਨ ਬਣਾਉਣ ਲਈ ਪਿੰਡ ਭੇਜ ਦਿੱਤਾ ਗਿਆ। ਤਕੜਾ ਪਹਿਲਵਾਨ ਬਣ ਕੇ ਉਹ ਨਿਊਜ਼ੀਲੈਂਡ, ਆਸਟਰੇਲੀਆ, ਫਿਜ਼ੀ, ਇੰਡੋਨੇਸ਼ੀਆ, ਸਿੰਗਾਪੁਰ, ਮਲਾਇਆ, ਥਾਈਲੈਂਡ, ਫਿਲਪਾਈਨ ਤੇ ਚੀਨ ਵਿਚ ਕੁਸ਼ਤੀਆਂ ਦੇ ਮੁਕਾਬਲੇ ਲੜਨ ਚਲਾ ਗਿਆ। ਪੜ੍ਹਿਆ ਬੇਸ਼ਕ ਦਸ ਜਮਾਤਾਂ ਹੀ ਸੀ ਪਰ ਗਿਆਨ ਉਸ ਨੂੰ ਸਾਰੀ ਦੁਨੀਆ ਦਾ ਸੀ। ਇਸੇ ਕਰ ਕੇ ਉਸ ਨੂੰ ‘ਫਿਲਾਸਫਰ ਪਹਿਲਵਾਨ’ ਕਿਹਾ ਜਾਣ ਲੱਗਾ ਸੀ। ਉਸ ਨੇ ਆਪਣੇ ਪੁੱਤਰ ਕਸ਼ਮੀਰਾ ਸਿੰਘ ਨੂੰ ਵੀ ਪਹਿਲਵਾਨ ਬਣਾਇਆ ਜੋ ਐੱਮਏ ਕਰ ਕੇ ਕਾਲਜਾਂ ਦਾ ਪ੍ਰੋਫੈ਼ਸਰ ਤੇ ਪ੍ਰਿੰਸੀਪਲ ਬਣਿਆ। ਅੱਗੋਂ ਕਸ਼ਮੀਰਾ ਸਿੰਘ ਦਾ ਲੜਕਾ ਸੰਨੀ ਗਿੱਲ ਵੀ ਬਾਬੇ ਦੀ ਦੇਖ ਰੇਖ ਵਿਚ ਨਾਮਵਰ ਪਹਿਲਵਾਨ ਬਣਿਆ ਜਿਸ ਨੇ ਭਾਰਤ ਕੇਸਰੀ, ਹਿੰਦ ਕੇਸਰੀ, ਭਾਰਤ ਕੁਮਾਰ ਤੇ ਕਾਇਦੇ-ਆਜ਼ਮ ਦੇ ਕੁਸ਼ਤੀ ਟਾਈਟਲ ਜਿੱਤੇ। ਉਹ ਪਹਿਲਵਾਨ ਦਾਰਾ ਸਿੰਘ ਰੰਧਾਵਾ ਦੀ ਧੀ ਬੀਬੀ ਲਵਲੀਨ ਕੌਰ ਨਾਲ ਵਿਆਹਿਆ ਹੋਇਐ।
ਪਹਿਲਵਾਨ ਹਰਬੰਸ ਸਿੰਘ ਦੀਆਂ ਨਸੀਹਤਾਂ ਪੱਲੇ ਬੰਨ੍ਹ ਕੇ ਇਕਬਾਲ ਜੱਬੋਵਾਲੀਆ ਨਿਊ ਯਾਰਕ ਪਰਤ ਗਿਆ। ਉਥੇ ਉਹ ਹੁਣ ਤਕ ਟੈਕਸੀ ਚਲਾਉਂਦਾ ਲਿਖੀ ਵੀ ਜਾਂਦੈ ਤੇ ਖੇਡ ਮੇਲੇ ਵੀ ਦੇਖੀ ਜਾਂਦੈ। ਪੇਸ਼ ਹੈ ਉਹਦੀਆਂ ਲਿਖਤਾਂ ਦੀ ਵੰਨਗੀ:
ਕੁਸ਼ਤੀ ਕੋਚ ਪਿਆਰਾ ਰਾਮ ਸੋਂਧੀ
ਕੁਸ਼ਤੀ ਦੇ ਨੈਸ਼ਨਲ ਚੀਫ਼ ਕੋਚ ਰਹੇ ਪੀਆਰ ਸੋਂਧੀ ਦਾ ਜਨਮ 8 ਅਕਤੂਬਰ 1947 ਨੂੰ ਪਹਿਲਵਾਨਾਂ ਦੇ ਪਿੰਡ ਰਾਏਪੁਰ ਡੱਬਾ ਵਿਚ ਸ਼੍ਰੀ ਜਗਤ ਰਾਮ ਦੇ ਘਰ ਮਾਤਾ ਸ਼੍ਰੀਮਤੀ ਧਾਂਤੀ ਦੇਵੀ ਦੀ ਕੁੱਖੋਂ ਹੋਇਆ। ਉਸ ਦੇ ਨਾਨਕੇ ਜਗਤਪੁਰ ਹਨ। ਅੱਜ ਕੱਲ੍ਹ ਉਹ ਫਗਵਾੜੇ ਰਹਿ ਰਿਹੈ। ਉਸ ਨੇ ਪ੍ਰਾਇਮਰੀ ਦੀ ਪੜ੍ਹਾਈ ਪਿੰਡੋਂ ਕੀਤੀ ਤੇ ਪੰਜਵੀਂ ਤੋਂ ਦਸਵੀਂ ਤੱਕ ਮੁਕੰਦਪੁਰ ਪੜ੍ਹਿਆ। ਸਿੱਖ ਨੈਸ਼ਨਲ ਕਾਲਜ ਬੰਗੇ ਤੋਂ ਬੀਏ ਕੀਤੀ। ਕੁਸ਼ਤੀ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ। ਰਾਏਪੁਰ ਡੱਬਾ ਦੁਆਬੇ ਦੇ ਤਕੜੇ ਮੱਲਾਂ ਦਾ ਪਿੰਡ ਹੋਣ ਵਜੋਂ ਮਸ਼ਹੂਰ ਹੈ। ਕਈ ਪੀੜ੍ਹੀਆਂ ਪਹਿਲਾਂ ਉਥੋਂ ਦਾ ਪਹਿਲਵਾਨ ਦੈਆ ਸਿੰਘ ਦਿਉ ਕੱਦ ਪਹਿਲਵਾਨ ਸੀ ਜਿਸ ਦੀ ਮਹਾਰਾਜਾ ਰਣਜੀਤ ਸਿੰਘ ਵੀ ਕਦਰ ਕਰਦਾ ਸੀ। ਪਹਿਲਵਾਨ ਦਾਰਾ ਸਿੰਘ ਰੰਧਾਵਾ ਦਾ ਉਸਤਾਦ ਹਰਬੰਸ ਸਿੰਘ ਵੀ ਰੁਸਤਮੇ ਹਿੰਦ ਪਹਿਲਵਾਨ ਹੋਇਐ ਜਿਸ ਨੇ ਦੂਜੇ ਮੁਲਕਾਂ ਦੇ ਪਹਿਲਵਾਨਾਂ ਨੂੰ ਹਰਾ ਕੇ ਪਹਿਲਵਾਨ ਗਾਮੇ ਨੂੰ ਲਲਕਾਰਿਆ ਸੀ। ਉਸੇ ਉਸਤਾਦ ਪਹਿਲਵਾਨ ਦੇ ਥਾਪੜੇ ਨਾਲ ਸੋਂਧੀ ਵੀ ਅਖਾੜਿਆਂ ਵਿਚ ਕੁੱਦਣ ਲੱਗਾ ਸੀ।
1971 ਵਿਚ ਪਟਿਆਲੇ ਤੋਂ ਕੁਸ਼ਤੀ ਕੋਚਿੰਗ ਦਾ ਡਿਪਲੋਮਾ ਕਰਦੇ ਹੀ ਸੋਂਧੀ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਗੁਰਦਾਸਪੁਰ ਵਿਖੇ ਕੋਚ ਦੀ ਨੌਕਰੀ ਮਿਲ ਗਈ। 1972 ਵਿਚ ਗੁਰਦਾਸਪੁਰ ਤੋਂ ਖੇਡਾਂ ਦੇ ਸ਼ਹਿਰ ਜਲੰਧਰ ਦੀ ਬਦਲੀ ਹੋਣ ਨਾਲ ਵੱਡੇ ਪਹਿਲਵਾਨਾਂ ਦੀ ਸੰਗਤ ਮਿਲਣ ਲੱਗੀ। ਸੋਂਧੀ ਦਾ ਦਾਇਰਾ ਵਸੀਹ ਹੋ ਗਿਆ। ਕੁਸ਼ਤੀ ਕੋਚਾਂ ਵਿਚ ਭੱਲ ਬਣ ਗਈ। 1975-76 ਵਿਚ ਕੁਸ਼ਤੀਆਂ ਦੀ ਮਾਡਰਨ ਤਕਨੀਕ ਸਿੱਖਣ ਲਈ ਉਹ ਈਸਟ ਜਰਮਨੀ ਚਲਾ ਗਿਆ ਜਿਥੇ ਸੋਲਾਂ ਮਹੀਨਿਆਂ ਵਿਚ ਅਡਵਾਂਸ ਡਿਪਲੋਮੇ ਦਾ ਵਿਸ਼ੇਸ਼ ਕੋਰਸ ਪਾਸ ਕੀਤਾ। ਕੋਰਸ ਕਰ ਕੇ ਤਰੱਕੀ ਮਿਲੀ ਤੇ ਐੱਨਆਈਐੱਸ ਬੰਗਲੌਰ ਵਿਚ ਬਦਲੀ ਹੋ ਗਈ। ਉਸ ਨੇ ਕੋਚਿੰਗ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਜਿ਼ਆਦਾਤਰ ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿਚ ਪਹਿਲਵਾਨ ਤਿਆਰ ਕੀਤੇ। ਉਹਦੇ ਚੰਡੇ ਪਹਿਲਵਾਨਾਂ ਨੂੰ ਪੰਜਾਬ ਪੁਲੀਸ , ਸੈਨਾ, ਰੇਲਵੇ ਤੇ ਹੋਰ ਮਹਿਕਮਿਆਂ ਵਾਲੇ ਲੈ ਜਾਂਦੇ ਰਹੇ। ਉਨ੍ਹਾਂ ਨੂੰ ਰੁਜ਼ਗਾਰ ਨਾਲ ਕੁਸ਼ਤੀ ਦੀ ਟ੍ਰੇਨਿੰਗ ਤੇ ਕੰਪੀਟੀਸ਼ਨ ਵੀ ਮਿਲਦਾ। ਭਾਰਤ ਵਲੋਂ ਓਲੰਪੀਅਨ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ ਤੇ ਰਾਜੀਵ ਤੋਮਰ ਵਰਗੇ ਉਹਦੀ ਵਧੀਆ ਕੋਚਿੰਗ ਸਦਕਾ ਬੀਜਿੰਗ (ਪੇਈਚਿੰਗ) ਦੀਆਂ ਉਲੰਪਿਕ ਖੇਡਾਂ-2008 ਵਿਚ ਹਿੱਸਾ ਲੈਣ ਗਏ ਜਿਥੇ ਸੁਸ਼ੀਲ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
ਦਰਸ਼ਨ ਖਟਕੜ ਨੇ ਕੁਸ਼ਤੀ ਕੋਚ ਸੋਂਧੀ ਨੂੰ ਪਹਿਲਵਾਨੀ ਦੀ ਬੌਧਿਕ ਵਿਰਾਸਤ ਦਾ ਮਾਲਕ ਲਿਖਿਆ। ਲਿਖਿਆ ਕਿ ਉਸ ਨੇ ਆਖ਼ਰਕਾਰ ਹਿਮਾਲਾ ਦੀ ਉਹ ਚੋਟੀ ਸਰ ਕਰ ਲਈ ਜਿਸ ਤੇ ਚੜ੍ਹ ਕੇ ਐਵਰੈਸਟ ਤਕ ਪੁੱਜਣ ਦਾ ਰਾਹ ਸੌਖਾ ਹੋ ਜਾਂਦਾ ਹੈ। ਕੋਚ ਸੋਂਧੀ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿਚੋਂ ਇਕ ਹੈ ਜਿਸ ਬਾਰੇ ਕਿਹਾ ਜਾਂਦੈ- ‘ਹਾਸ਼ਮ ਫਤਿਹ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ’। ਸੋਂਧੀ ਦੀ ਹਿੰਮਤ ਹੀ ਹੈ ਜਿਸ ਸਦਕਾ ਭਾਰਤ 1952 ਦੀਆਂ ਉਲੰਪਿਕ ਖੇਡਾਂ ਮਗਰੋਂ 2008 ਦੀਆਂ ਉਲੰਪਿਕ ਖੇਡਾਂ ਵਿਚ ਕੁਸ਼ਤੀ ਦਾ ਕਾਂਸੀ ਮੈਡਲ ਜਿੱਤਣ ਵਿਚ ਕਾਮਯਾਬ ਹੋਇਆ। ਇਨਾ ਹੀ ਨਹੀਂ ਤਿੰਨਾਂ ਪਹਿਲਵਾਨਾਂ ਵਿਚੋਂ ਦੋ ਭਾਰਤੀ ਪਹਿਲਵਾਨ ਪਹਿਲੀ ਵਾਰ ਕੁਆਰਟਰ ਫਾਈਨਲ ਸਟੇਜ ਤਕ ਪਹੁੰਚੇ। ਇਸ ਇਤਿਹਾਸਕ ਪ੍ਰਾਪਤੀ ਨਾਲ ਕੋਚ ਸੋਂਧੀ ਦਾ ਸ਼ੁਮਾਰ ਕੌਮਾਂਤਰੀ ਪੱਧਰ ਦੇ ਕੋਚਾਂ ਵਿਚ ਹੋਣਾ ਸ਼ੁਰੂ ਹੋ ਗਿਆ।
ਸੋਂਧੀ ਨੇ 1980 ਤੋਂ 2011 ਤੱਕ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਪਹਿਲਵਾਨ ਪੈਦਾ ਕਰ ਕੇ ਕਈ ਸਾਲ ਦੇਸ਼ ਦੇ ਝੰਡੇ ਬੁਲੰਦ ਰੱਖੇ। ਅੰਤਰ-ਰਾਸ਼ਟਰੀ ਪਹਿਲਵਾਨ ਗੁਰਮੁੱਖ ਸਿੰਘ, ਕਿਹਰ, ਸੁਮੇਰ, ਬੇਅੰਤ ਸਿੰਘ, ਸ਼ਤੀਸ਼ ਕੁਮਾਰ, ਸਨੀ ਗਿੱਲ, ਹਰਜੀਤ ਰਾਏਪੁਰ ਡੱਬਾ, ਰਾਜਬਿੰਦਰ ਨਾਥ, ਅਮਨਦੀਪ, ਸ਼ਿੰਗਾਰਾ ਸਿੰਘ, ਸ਼ਤੀਸ਼ ਕੁਮਾਰ, ਸਲਵਿੰਦਰ ਸਿੰਘ, ਸੁਨੀਲ ਦੱਤਾ, ਹਰਦੀਪ ਕੁਮਾਰ, ਰਣਧੀਰ ਸਿੰਘ, ਜਗਦੀਪ ਸਿੰਘ, ਯੋਗੇਸ਼ਵਰ ਦੱਤ ਤੇ ਆਸਟਰ੍ਰਲੀਆ ਵੱਲੋਂ 84 ਕਿਲੋਗਰਾਮ ਵਜ਼ਨ ਵਰਗ ਵਿਚ ਬੀਜਿੰਗ ਉਲੰਪਿਕ ਵਾਸਤੇ ਸਿਲੈਕਟ ਹੋਣ ਵਾਲੇ ਸੰਦੀਪ ਕੁਮਾਰ ਤੇ ਹੋਰ ਨਾਮਵਰ ਪਹਿਲਵਾਨ ਤਿਆਰ ਕੀਤੇ। ਸ਼ੁਰੂਆਤੀ ਦੌਰ ਵਿਚ ਪਹਿਲਵਾਨ ਕਰਤਾਰ ਸਿੰਘ ਤੇ ਬੁੱਧ ਸਿੰਘ ਵਰਗੇ ਪਹਿਲਵਾਨਾਂ ਨੂੰ ਸਕੂਲਾਂ ਦੇ ਕੋਚਿੰਗ ਕੈਪਾਂ ਵਿਚ ਕੋਚਿੰਗ ਦਿੱਤੀ। ਬੁਸਾਨ ਦੀਆਂ ਏਸਿ਼ਆਈ ਖੇਡਾਂ ਵਿਚ ਭਾਰਤੀ ਕੁਸ਼ਤੀ ਟੀਮ ਦੇ ਮੁੱਖ ਕੋਚ ਵਜੋਂ ਭੂਮਿਕਾ ਨਿਭਾਈ। ਉਸ ਦੀ ਕੋਚਿੰਗ ਹੇਠ 2002 ਵਿਚ ਮਾਨਚੈਸਟਰ ਦੀਆਂ ਕਾਮਨਵੈਲਥ ਖੇਡਾਂ ਵਿਚੋਂ 55 ਕਿਲੋਗਰਾਮ ਵਿਚ ਕ੍ਰਿਸ਼ਨ ਕੁਮਾਰ ਨੇ ਗੋਲਡ ਮੈਡਲ, 66 ਕਿਲੋਗਰਾਮ ਵਿਚ ਰਮੇਸ਼ ਕੁਮਾਰ ਨੇ ਗੋਲਡ ਮੈਡਲ ਅਤੇ 120 ਕਿਲੋਗਰਾਮ ਭਾਰ ਵਿਚ ਪਲਵਿੰਦਰ ਚੀਮਾ ਨੇ ਗੋਲਡ ਮੈਡਲ ਜਿੱਤੇ। ਸੁਤਿੰਦਰ ਤੋਮਰ ਨੇ 60 ਕਿਲੋਗਰਾਮ ਵਿਚ ਸਿਲਵਰ ਮੈਡਲ ਜਿੱਤਿਆ। ਅਨੁਜ ਕੁਮਾਰ ਨੇ 84 ਕਿਲੋਗਰਾਮ ਵਿਚ ਸਿਲਵਰ ਮੈਡਲ ਅਤੇ ਅਨਿਲ ਕੁਮਾਰ ਨੇ 96 ਕਿਲੋਗਰਾਮ ਵਜ਼ਨ ਵਰਗ ਵਿਚ ਸਿਲਵਰ ਮੈਡਲ ਜਿੱਤੇ।
ਉਹ ਭਾਰਤੀ ਪਹਿਲਵਾਨਾਂ ਨੂੰ ਚੁਤਾਲੀ ਮੁਲਕਾਂ ਵਿਚ ਕੋਚਿੰਗ ਕੈਂਪਾਂ ਤੇ ਕੁਸ਼ਤੀ ਮੁਕਾਬਲਿਆਂ ਵਿਚ ਲੈ ਕੇ ਗਿਆ। ਉਸ ਦਾ ਬੇਟਾ ਅਮਨਦੀਪ ਸੋਂਧੀ ਪੰਜਾਬ ਕੇਸਰੀ, ਭਾਰਤ ਕੁਮਾਰ, ਭਾਰਤ ਕੇਸਰੀ ਤੇ ਸ਼ੇਰ-ਏ-ਹਿੰਦ ਦੇ ਖਿ਼ਤਾਬ ਜਿੱਤ ਚੁੱਕੈ। 2002 ਵਿਚ ਜਲੰਧਰ ਹੋਈਆਂ ਭਾਰਤ ਮੱਲ ਸਮਰਾਟ ਕੁਸ਼ਤੀਆਂ ਵਿਚ ਅਮਨਦੀਪ ਵਿੱਕੀ ਨੇ ਪਰਮਿੰਦਰ ਡੂੰਮਛੇੜੀ ਤੇ ਹਰਵਿੰਦਰ ਆਮਲਗੀਰ ਦੇ ਜੇਤੂ ਰੱਥ ਰੋਕੇ। ਇਕੇ ਦਿਨ ਦੋਵੇਂ ਵੱਡੀਆਂ ਕੁਸ਼ਤੀਆਂ ਜਿੱਤੀਆਂ। ਅਮਨਦੀਪ ਕਾਮਨਵੈਲਥ ਖੇਡਾਂ ਦਾ ਸਿਲਵਰ ਮੈਡਲ ਜੇਤੂ ਵੀ ਹੈ। ਉਹ ਬੁਲਗਾਰੀਆ, ਇਰਾਨ ਤੇ ਕਈ ਹੋਰ ਦੇਸ਼ਾਂ ਵਿਚ ਮੁਕਾਬਲੇ ਲੜ ਕੇ ਭਾਰਤ ਲਈ ਕਈ ਮੈਡਲ ਜਿੱਤ ਚੁੱਕੈ। ਉਸ ਨੇ ਪੀਏਪੀ ਜਲੰਧਰ ਵਿਚ ਸਬ ਇੰਸਪੈਕਟਰ ਦੀ ਸੇਵਾ ਨਿਭਾਉਣ ਨਾਲ ਕੁਸ਼ਤੀਆਂ ਵਿਚ ਮਹਿਕਮੇ ਦਾ ਨਾਂ ਉਚਾ ਕੀਤਾ। ਇਸ ਵਕਤ ਉਹ ਪੁਲੀਸ &ਨਬਸਪ;ਅਕੈਡਮੀ ਫ਼ਿਲੌਰ ਵਿਖੇ ਨਵੇਂ ਪੁਲੀਸ ਅਫ਼ਸਰਾਂ ਨੂੰ ਕਾਨੂੰਨ ਦੀ ਪੜਾ੍ਹਈ ਕਰਾ ਰਿਹੈ।
ਨੈਸ਼ਨਲ ਕੁਸ਼ਤੀ ਕੋਚ ਹੋਣ ਦੀਆਂ ਸ਼ਾਨਦਾਰ ਸੇਵਾਵਾਂ ਤੋਂ 2011 ਵਿਚ ਮੁਕਤ ਹੋ ਕੇ ਸੋਂਧੀ ਨੇ 2013 ਵਿਚ ਫ਼ਗਵਾੜਾ ਵਿਖੇ ‘ਰਾਏਪੁਰ ਡੱਬਾ ਉਲੰਪਿਕ ਅਖਾੜਾ` ਸਥਾਪਤ ਕੀਤਾ ਹੋਇਐ। ਉਥੇ 70-75 ਛੋਟੇ ਵੱਡੇ ਪਹਿਲਵਾਨ ਸਵੇਰੇ ਸ਼ਾਮ ਕੁਸ਼ਤੀਆਂ ਸਿੱਖਣ ਆਉਂਦੇ ਹਨ। ਛੋਟੀ ਉਮਰ ਦੇ ਹੋਣਹਾਰ ਪਹਿਲਵਾਨ ਤਿਆਰ ਹੋ ਰਹੇ ਨੇ। ਮੈਡਲ ਜਿੱਤ ਕੇ ਕੋਚ ਸਾਹਿਬ ਤੇ ਅਖਾੜੇ ਦਾ ਨਾਂ ਰੌਸ਼ਨ ਕਰ ਰਹੇ ਨੇ। ਮੰਨਣਹਾਣੇ ਦੇ ਸਾਲਾਨਾ ਦੰਗਲ ਦੀ ਰੂਪ-ਰੇਖਾ ਤਿਆਰ ਕਰਨ ਤੇ ਮੁਕਾਬਲੇ ਕਰਾਉਣ ਵਿਚ ਸੋਂਧੀ ਦਾ ਬੜੇ ਸਾਲਾਂ ਤੋਂ ਸਹਿਯੋਗ ਮਿਲਦਾ ਆ ਰਿਹੈ। ਜਿਥੇ ਉਹ ਕੋਚਿੰਗ ਤੇ ਪ੍ਰਬੰਧਕ ਹੋਣ ਦੀਆਂ ਡਿਊਟੀਆਂ ਨਿਭਾਉਣ ਦਾ ਮਾਹਿਰ ਹੈ, ਉਥੇ ਛਿੰਝਾਂ ਦਾ ਵਧੀਆ ਬੁਲਾਰਾ ਵੀ ਹੈ। ਪੇਂਡੂ ਉਲੰਪਿਕ ਕਹੀਆਂ ਜਾਂਦੀਆਂ ਹਕੀਮਪੁਰ ਦੀਆਂ ਪੁਰੇਵਾਲ ਖੇਡਾਂ ਵਿਚ ਕੁਸ਼ਤੀ ਮੁਕਾਬਲਿਆਂ ਦਾ ਮਾਈਕ ਉਹਦੇ ਹੱਥ ਹੁੰਦੈ। ਉਸ ਨੂੰ ਕੁਸ਼ਤੀਆਂ ਦਾ ਹਰਫਨਮੌਲਾ ਕੋਚ ਕਿਹਾ ਜਾ ਸਕਦੈ। ਭਾਰਤੀ ਕੁਸ਼ਤੀ ਕੋਚਿੰਗ ਦੇ ਇਤਿਹਾਸ ਵਿਚ ਉਸ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।
ਕਬੱਡੀ ਦੀ ਸ਼ਾਨ ਸਿ਼ਵਦੇਵ ਸਿੰਘ
ਜਦੋਂ ਕਦੇ ਕਬੱਡੀ ਦੀ ਗੱਲ ਚਲਦੀ ਹੈ ਤਾਂ ਸ਼ਿਵਦੇਵ ਸਿੰਘ ਐੱਸਪੀ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਉਹ ਸਰਵਣ ਪੁੱਤ ਹੈ। ਉਸ ਦਾ ਜਨਮ ਪਾਲਾ ਸਿੰਘ ਦੇ ਘਰ ਮਾਤਾ ਧੰਨ ਕੌਰ ਦੀ ਕੁੱਖੋਂ 10 ਫਰਵਰੀ 1955 ਨੂੰ ਪਿੰਡ ਫਤਿਹਗੜ੍ਹ, ਜਿ਼ਲ੍ਹਾ ਕਪੂਰਥਲਾ ਵਿਚ ਹੋਇਆ। ਉਸ ਨੇ ਪ੍ਰਾਇਮਰੀ ਦੀ ਪੜ੍ਹਾਈ ਆਪਣੇ ਪਿੰਡੋਂ ਕਰ ਕੇ, ਹਾਈ ਸਕੂਲ ਦੀ ਪੜ੍ਹਾਈ ਲਈ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਬੇਗੋਵਾਲ ਵਿਚ ਦਾਖਲਾ ਲਿਆ। ਕਬੱਡੀ ਦਾ ਸ਼ੌਕ ਹੋਣ ਕਰ ਕੇ ਉਥੋਂ ਉਹ ਸਪੋਰਟਸ ਸਕੂਲ ਜਲੰਧਰ ਚਲਾ ਗਿਆ ਪਰ ਕੁਝ ਮਹੀਨਿਆਂ ਬਾਅਦ ਹੀ ਬੇਗੋਵਾਲ ਹਾਈ ਸਕੂਲ ਦੇ ਹੈੱਡਮਾਸਟਰ ਨਿਰੰਜਨ ਸਿੰਘ ਸਪੋਰਟਸ ਸਕੂਲ ਤੋਂ ਮੁੜ ਬੇਗੋਵਾਲ ਲੈ ਆਏ ਜਿਥੇ ਉਹ ਸਕੂਲ ਦੀ ਟੀਮ ਦਾ ਕਪਤਾਨ ਬਣਿਆ। ਖੇਡਾਂ ਖੇਡਣ ਨਾਲ ਉਹ ਪੜ੍ਹਾਈ ਵਿਚ ਵੀ ਹੁਸ਼ਿਆਰ ਰਿਹਾ ਤੇ ਦਸਵੀਂ ਤੱਕ ਜਮਾਤ ਦਾ ਮਨੀਟਰ ਬਣਦਾ ਰਿਹਾ। ਅੱਠਵੀਂ ਦੇ ਇਮਤਿਹਾਨ ਵਿਚ ਪੰਜਾਬ ਵਿਚੋਂ ਮੈਰਿਟ ਹਾਸਲ ਕੀਤੀ ਜਿਸ ਕਰ ਕੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਦਸਵੀਂ ਜਮਾਤ ਤੱਕ ਵਜ਼ੀਫਾ ਮਿਲਦਾ ਰਿਹਾ।
ਮੈਟ੍ਰਿਕ ਕਰਨ ਪਿਛੋਂ ਸਪੋਰਟਸ ਕਾਲਜ ਜਲੰਧਰ ਚਲੇ ਗਿਆ। ਹਾਲੇ ਤਿੰਨ ਕੁ ਮਹੀਨੇ ਹੀ ਸਪੋਰਟਸ ਕਾਲਜ ਵਿਚ ਲਾਏ ਸਨ ਕਿ ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਖੁੱਲ੍ਹਣ ਕਰ ਕੇ ਬੇਗੋਵਾਲ ਵਾਲੇ ਫਿਰ ਲੈ ਆਏ। ਬੇਗੋਵਾਲ ਕਾਲਜ ਨੂੰ ਪੰਚਾਇਤੀ ਰਾਜ ਖੇਡ ਪਰਿਸ਼ਦ ਵੱਲੋਂ ਕੋਚਿੰਗ ਸੈਂਟਰ ਬਣਾਇਆ ਗਿਆ। ਸਠਿਆਲੇ ਵਾਲਾ ਅਜੀਤ ਬੱਲ ਉਥੇ ਕੋਚ ਆ ਲੱਗਾ। ਉਹ ਸਵੇਰੇ ਸੱਤ ਵਜੇ ਗਰਾਊਂਡ ਵਿਚ ਪੁੱਜ ਜਾਂਦਾ ਜਿਥੇ ਖਿਡਾਰੀਆਂ ਲਈ ਦੁੱਧ ਦਾ ਢੋਲ ਭਰ ਕੇ ਰੱਖਿਆ ਹੁੰਦਾ। ਸਿ਼ਵਦੇਵ ਨੇ ਕੋਚ ਦੇ ਦੱਸੇ ਪ੍ਰੋਗਰਾਮ ਅਨੁਸਾਰ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਕਬੱਡੀ ਦਾ ਜਨੂਨ ਹਮੇਸ਼ਾ ਉਹਦੇ ਸਿਰ ਤੇ ਚੜ੍ਹਿਆ ਰਹਿੰਦਾ। ਜਿਥੇ ਆਪ ਮਿਹਨਤ ਕਰਨੀ, ਉਥੇ ਸਾਥੀ ਖਿਡਾਰੀਆਂ ਨੂੰ ਵੀ ਕਰਾਉਣੀ। ਉਸ ਨੇ ਨੈਸ਼ਨਲ ਸਟਾਈਲ, ਪੰਜਾਬ ਸਟਾਈਲ ਤੇ ਢੇਰੀ ਵਾਲੀ ਤਿੰਨੇ ਤਰ੍ਹਾਂ ਦੀ ਕਬੱਡੀ ਖੇਡੀ ਅਤੇ ਕਾਲਜ ਕਬੱਡੀ ਟੀਮ ਦੀ ਕਪਤਾਨੀ ਕੀਤੀ।
1973-74 ਵਿਚ ਉਸ ਨੂੰ ਗੁਰੂ ਨਾਨਕ ਕਾਲਜ ਨਡਾਲੇ ਵਾਲੇ ਲੈ ਗਏ। ਉਥੇ ਦੋ ਸਾਲ ਪੜ੍ਹਾਈ ਕੀਤੀ ਤੇ ਕਾਲਜ ਟੀਮ ਦਾ ਕਪਤਾਨ ਬਣਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਦਾ ਵੀ ਕਪਤਾਨ ਬਣਿਆ। ਬੀਏ ਕਰਨ ਪਿਛੋਂ ਉਹ ਪੰਜਾਬ ਪੁਲੀਸ ਵਿਚ ਭਰਤੀ ਹੋ ਗਿਆ। ਉਸ ਨੇ ਮਨ ਵਿਚ ਧਾਰ ਲਈ ਕਿ ਪੁਲੀਸ ਮਹਿਕਮੇ ਲਈ ਮੈਡਲ ਜਿੱਤਣੇ ਹਨ। ਤਿੰਨ ਤਿੰਨ ਘੰਟੇ ਸਵੇਰੇ-ਸ਼ਾਮ ਗਰਾਊਂਡ ਵਿਚ ਸਖ਼ਤ ਮਿਹਨਤ ਕਰਦਾ। ਪੰਜਾਬ ਪੁਲੀਸ ਦੀ ਟੀਮ ਏਨੀ ਤਕੜੀ ਬਣ ਗਈ ਕਿ ਸਤਾਰਾਂ ਅਠਾਰਾਂ ਸਾਲ ਆਲ ਇੰਡੀਆ ਪੁਲੀਸ ਚੈਂਪੀਅਨਸ਼ਿਪ ਜਿੱਤੀ। ਬਲਵਿੰਦਰ ਫਿੱਡੂ, ਮਹਿੰਦਰ ਮੋਹਣ, ਅਮਰਜੀਤ, ਸਤਨਾਮ, ਸੁਖਵਿੰਦਰ ਜੂਨੀਅਰ, ਸੁਖਵਿੰਦਰ ਸੀਨੀਅਰ, ਸੁਖ, ਹਰਵਿੰਦਰ ਡੱਲੀ, ਅਵਤਾਰ, ਸੁਰਜੀਤ ਗੱਛਾ, ਮਾਸਟਰ ਮੂਰਤਾ ਸਿੰਘ ਤੇ ਪ੍ਰਧਾਨ ਸਿੰਘ, ਸ਼ਿਵਦੇਵ ਦੇ ਸਾਥੀ ਖਿਡਾਰੀ ਹੁੰਦੇ ਸਨ। ਪੰਜਾਬ ਪੁਲੀਸ ਟੀਮ ਦਾ ਉਹ ਆਪ ਕੋਚ, ਕੈਪਟਨ ਤੇ ਇੰਚਾਰਜ, ਸਭ ਕੁਝ ਸੀ।
1977 ਵਿਚ ਉਹ ਇੰਗਲੈਂਡ ਜਾਣ ਵਾਲੀ ਟੀਮ ਵਿਚ ਚੁਣਿਆ ਗਿਆ। ਉਥੇ ਸਾਰੇ ਹੀ ਜਿੱਤੇ। ਸਰਬਣ ਸਿੰਘ ਬੱਲ ਉਨ੍ਹਾਂ ਦਾ ਕੋਚ ਸੀ। ਇਕ ਵਾਰ ਉਨ੍ਹਾਂ ਨੇ ਗੋਆ ਖੇਡਣ ਜਾਣਾ ਸੀ। ਦੱਖਣੀ ਭਾਰਤ ਅਤੇ ਮਹਾਰਾਸ਼ਟਰ ਦੇ ਖੇਡ ਮੈਦਾਨਾਂ ਵਿਚ ਬਾਰੀਕ ਰੋੜੀਆਂ ਹੁੰਦੀਆਂ ਸਨ ਜਿਸ ਕਰ ਕੇ ਖਿਡਾਰੀਆਂ ਦੇ ਪੈਰ ਫਟ ਸਕਦੇ ਸਨ। ਮਰਹੱਟੇ ਖਿਡਾਰੀ ਰੋੜੀ ਵਾਲੀਆਂ ਗਰਾਊਂਡਾਂ ਵਿਚ ਖੇਡਣ ਦੇ ਮਾਹਰ ਸਨ। ਉਨ੍ਹਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਪੁਲੀਸ ਦੀ ਟੀਮ ਨੂੰ ਲਾਅਨ ਟੈਨਿਸ ਦੀ ਕੰਕਰੀਟ ਵਾਲੀ ਗਰਾਊਂਡ ਵਿਚ ਤਿੰਨ ਮਹੀਨੇ ਤਿਆਰੀ ਕਰਵਾਈ ਤਾਂ ਖਿਡਾਰੀਆਂ ਦੇ ਪੈਰ ਪੱਕ ਗਏ। ਕੋਚ ਨੇ ਇਹ ਵੀ ਦੱਸਿਆ ਗਿਆ ਕਿ ਸੱਟ ਲੱਗਣ ਤੋਂ ਬਚਣ ਲਈ ਥੱਲੇ ਨਹੀਂ ਡਿਗਣਾ। ਫੇਰ ਕੀ ਸੀ, ਜਿਹੜਾ ਆਵੇ, ਉਪਰੇ ਉਪਰ ਹਵਾ ਵਿਚ ਚੁੱਕੀ ਗਏ। ਹਜ਼ਾਰਾਂ ਦਰਸ਼ਕਾਂ ਦੇ ਇਕੱਠ ਵਿਚ ਪੰਜਾਬੀਆਂ ਦੀ ਧੰਨ ਧੰਨ ਹੋ ਗਈ।
1982 ਵਿਚ ਕਬੱਡੀ ਏਸ਼ੀਅਨ ਖੇਡਾਂ ਵਿਚ ਸ਼ਾਮਲ ਕਰਵਾਉਣ ਦਾ ਮੁੱਢ ਬੰਨ੍ਹਣ ਲਈ ਇੰਡੀਆ ਦੀਆਂ ਦੋ ਟੀਮਾਂ ਤਿਆਰ ਕੀਤੀਆਂ ਜਿਨ੍ਹਾਂ ਦਾ ਦਿਲੀ ਏਸ਼ੀਆਡ ਵਿਚ ਪ੍ਰਦਰਸ਼ਨ ਕੀਤਾ ਗਿਆ। ਅਗਲੀਆਂ ਏਸਿ਼ਆਈ ਖੇਡਾਂ ਵਿਚ ਕਬੱਡੀ ਬਤੌਰ ਸਪੋਰਟ ਸ਼ਾਮਲ ਕਰ ਲਈ ਗਈ। 1984 ਵਿਚ ਸਿ਼ਵਦੇਵ ਬੰਬੇ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਵਿਚ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ। 1987 ਵਿਚ ਏਸ਼ੀਅਨ ਫੈਡਰੇਸ਼ਨ ਗੇਮਜ਼ ਵਿਚ ਫਿਰ ਕਪਤਾਨ ਬਣਿਆ। ਰੂਸ ਵਿਚ ਕਬੱਡੀ ਦੇ ਪ੍ਰਦਰਸ਼ਨੀ ਮੈਚ ਖੇਡੇ ਅਤੇ ਕਬੱਡੀ ਦਾ ਦਾਇਰਾ ਵਧਾਇਆ। 1988 ਵਿਚ ਉਸ ਨੂੰ ਫਿਰ ਭਾਰਤੀ ਟੀਮ ਵਲੋਂ ਇੰਗਲੈਂਡ ਖੇਡਣ ਜਾਣ ਦਾ ਮੌਕਾ ਮਿਲਿਆ। ਉਸ ਨੇ ਨੈਸ਼ਨਲ ਚੈਂਪੀਅਨਸ਼ਿਪਾਂ ਵਿਚੋਂ 4 ਗੋਲਡ, 7 ਸਿਲਵਰ ਤੇ 4 ਬਰਾਂਜ਼ ਮੈਡਲ ਜਿੱਤੇ। 1977 ਵਿਚ ਸਬ ਇੰਸਪੈਕਟਰ, 1986 ਵਿਚ ਇੰਸਪੈਕਟਰ, 1993 ਵਿਚ ਡੀਐੱਸਪੀ ਅਤੇ 2002 ਵਿਚ ਐੱਸਪੀ ਦਾ ਅਹੁਦਾ ਸੰਭਾਲਿਆ। ਉਹ 8 ਸਾਲ ਪੰਜਾਬ ਪੁਲੀਸ ਖੇਡਾਂ ਦਾ ਸਕੱਤਰ ਰਿਹਾ ਤੇ 39 ਸਾਲ ਨੌਕਰੀ ਕਰਨ ਪਿਛੋਂ 28 ਫਰਵਰੀ 2015 ਵਿਚ ਰਿਟਾਇਰ ਹੋਇਆ। ਉਸ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਪੁਲੀਸ ਮੈਡਲ ਨਾਲ ਸਨਮਾਨਤ ਕੀਤਾ।
ਸ਼ਿਵਦੇਵ ਸਿੰਘ ਨੇ ਪੰਜਾਬ ਦੇ ਪੰਜ ਵਿਸ਼ਵ ਕਬੱਡੀ ਕੱਪਾਂ ਵਿਚ ਟੈਕਨੀਕਲ ਡਾਇਰੈਕਟਰ ਦੀ ਡਿਊਟੀ ਨਿਭਾਈ। 2014 ਦੇ ਪੰਜਵੇਂ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ ਹਾਲੇ ਵੀ ਚਰਚਾ ਵਿਚ ਹੈ ਜਿਸ ਨੂੰ ਯੂਟਿਊਬ ਤੋਂ ਲੱਖਾਂ ਕਰੋੜਾਂ ਲੋਕ ਵੇਖ ਚੁੱਕੇ ਹਨ। ਇਹ ਮੈਚ ਕਾਫੀ ਵਾਦ ਵਿਵਾਦੀ ਰਿਹਾ। ਓਲੰਪੀਅਨ ਪਰਗਟ ਸਿੰਘ ਦੀ ਦੇਖ ਰੇਖ ਹੇਠ ਬਣੀ ਟੈਕਨੀਕਲ ਕਮੇਟੀ ਵਿਚ ਪ੍ਰਿੰ. ਸਰਵਣ ਸਿੰਘ ਤੇ ਸਿ਼ਵਦੇਵ ਸਿੰਘ ਵੀ ਸ਼ਾਮਲ ਸਨ। ਅਕਸਰ ਵੇਖਿਆ ਜਾਂਦੈ ਕਿ ਖਿਡਾਰੀ ਹਾਰ ਜਾਣ ਪਿੱਛੋਂ ਪੱਖਪਾਤ ਦੇ ਇਲਜ਼ਾਮ ਲਾਉਂਦੇ ਹਨ। ਐਸਾ ਹੀ ਭਾਰਤ-ਪਾਕਿ ਫਾਈਨਲ ਮੈਚ ਪਿੱਛੋਂ ਹੋਇਆ। ਐੱਸਪੀ ਸਿ਼ਵਦੇਵ ਸਿੰਘ ਦੀ ਛਬੀ ਨਿਰਪੱਖ, ਇਮਾਨਦਾਰ ਤੇ ਅਨੁਸਾਸ਼ਨਬੱਧ ਖੇਡ ਪ੍ਰਬੰਧਕ ਹੋਣ ਦੀ ਬਣੀ ਹੋਈ ਸੀ। ਉਸ ਦਾ ਖ਼ੁਦ ਖੇਡਣ, ਖਿਡਾਉਣ ਤੇ ਖੇਡ ਪ੍ਰਬੰਧਕ ਹੋਣ ਦਾ ਚਾਲੀ ਵਰ੍ਹੇ ਲੰਮਾ ਤਜਰਬਾ ਸੀ।
ਟੀਮਾਂ ਦਾਇਰੇ ਵਿਚ ਆਈਆਂ ਤਾਂ ਸਿ਼ਵਦੇਵ ਨੇ ਪਾਕਿਸਤਾਨੀ ਟੀਮ ਦੇ ਕਪਤਾਨ ਸ਼ਫੀਕ ਚਿਸ਼ਤੀ ਦੇ ਲਿਸ਼ਕਦੇ ਪਟੇ ਵੇਖਦਿਆਂ ਉਨ੍ਹਾਂ ਨੂੰ ਹੱਥ ਲਾ ਕੇ ਟੋਹਿਆ। ਉਸ ਦਾ ਕਹਿਣਾ ਸੀ ਕਿ ਉਹਦਾ ਹੱਥ ਤੇਲ ਨਾਲ ਗੱਚ ਹੋ ਗਿਆ। ਨਿਯਮਾਂ ਅਨੁਸਾਰ ਪਿੰਡੇ ਜਾਂ ਵਾਲਾਂ ਨੂੰ ਤੇਲ ਲਾ ਕੇ ਆਏ ਖਿਡਾਰੀਆਂ ਨੂੰ ਲਾਲ ਕਾਰਡ ਵਿਖਾ ਕੇ ਮੈਚ ਖੇਡਣ ਤੋਂ ਬੈਨ ਕਰ ਦੇਣਾ ਬਣਦਾ ਸੀ। ਵਿਸ਼ਵ ਭਰ ਦੇ ਕਰੋੜਾਂ ਲੋਕ ਟੀਵੀ ਤੋਂ ਮੈਚ ਵੇਖਣ ਦੀ ਇੰਤਜ਼ਾਰ ਕਰ ਰਹੇ ਸਨ। ਉਸ ਸਥਿਤੀ ਵਿਚ ਤੌਲੀਆਂ ਨਾਲ ਪਿੰਡੇ ਪੂੰਝੇ ਗਏ ਪਰ ਤੇਲ ਪੂਰੀ ਤਰ੍ਹਾਂ ਪੂੰਝਿਆ ਨਾ ਜਾ ਸਕਿਆ। ਕੁਝ ਰੇਡਰ ਬੁਰੀ ਤਰ੍ਹਾਂ ਫਸ ਕੇ ਵੀ ਜੱਫੇ ਵਿਚੋਂ ਤਿਲ੍ਹਕ ਜਾਂਦੇ ਰਹੇ। ਪਾਣੀ ਪੀਣ ਦੀ ਬਰੇਕ ਸਮੇਂ ਪਾਕਿਸਤਾਨੀ ਟੀਮ ਦੇ ਖੇਮੇ ਵਿਚੋਂ ਫੜੀ ਪਲਾਸਟਿਕ ਦੀ ਬੋਤਲ ਸਿ਼ਵਦੇਵ ਸਿੰਘ ਨੇ ਤਕਨੀਕੀ ਕਮੇਟੀ ਦੀ ਮੀਟਿੰਗ ਵਿਚ ਪੇਸ਼ ਕੀਤੀ। ਦੱਸਿਆ ਕਿ ਉਸ ਵਿਚ ਨਾਰੀਅਲ ਦਾ ਤੇਲ ਤੇ ਬੇਬੀ ਆਇਲ ਪਾ ਕੇ ਗਰਮ ਪਾਣੀ ਪਾਇਆ ਹੋਇਆ ਸੀ। ਉਥੋਂ ਫਿਰ ਸਹਿਜੇ ਹੀ ਪਿੰਡੇ ਤੇ ਲੱਗ ਸਕਦਾ ਸੀ। ਸਿ਼ਵਦੇਵ ਸਿੰਘ ਨੇ ਜਦੋਂ ਉਹ ਬੋਤਲ ਲੈਣੀ ਚਾਹੀ ਤਾਂ ਬੋਤਲ ਵਾਲਾ ਭੱਜ ਪਿਆ ਸੀ ਪਰ ਇਕ ਜੁਆਨ ਨੇ ਪਿੱਛੇ ਭੱਜ ਕੇ ਬੋਤਲ ਕਾਬੂ ਕਰ ਲਈ ਸੀ। ਇਕ ਤਿਹਾਈ ਬਚੀ ਬੋਤਲ ਅਸੀਂ ਸੁੰਘੀ ਤਾਂ ਬੇਬੀ ਆਇਲ ਤੇ ਨਾਰੀਅਲ ਦਾ ਮੁਸ਼ਕ ਆਇਆ ਸੀ। ਉਦੋਂ ਤਕ ਨਾਰੀਅਲ ਦਾ ਤੇਲ ਜੰਮ ਕੇ ਥੱਲੇ ਬੈਠ ਚੁੱਕਾ ਸੀ। ਸਿ਼ਵਦੇਵ ਵੱਲੋਂ ਪੇਸ਼ ਕੀਤੇ ਇਸ ਸਬੂਤ ਨਾਲ ਪਾਕਿਸਤਾਨੀ ਟੀਮ ਦਾ ਇਤਰਾਜ਼ ਰੱਦ ਕਰ ਦਿੱਤਾ ਗਿਆ ਸੀ।
ਅੱਜਕੱਲ੍ਹ ਸਿ਼ਵਦੇਵ ਸਿੰਘ ਨਿਊ ਯਾਰਕ ਵਿਚ ਪੰਜਾਬੀ ਖੇਡ ਮੇਲਿਆਂ ਦੇ ਅੰਗ ਸੰਗ ਵਿਚਰ ਰਿਹੈ ਅਤੇ ਆਪਣੇ ਸਾਊ ਸੁਭਾਅ ਕਰ ਕੇ ਸ਼ੋਭਾ ਖੱਟ ਰਿਹੈ। ਉਹ ਪੰਜਾਬੀਆਂ ਦਾ ਮਾਣ ਹੈ ਤੇ ਨਿਊ ਯਾਰਕ ਦੀ ਸ਼ਾਨ!
ਸੰਪਰਕ: +1-905-799-1661