ਅੰਤਰਜੀਤ ਭੱਠਲ
ਵਿਦੇਸ਼ ਜਾਣਾ ਪੰਜਾਬੀਆਂ ਲਈ ਸ਼ੌਕ ਨਾਲੋਂ ਕਿਤੇ ਵੱਧ ਮਜਬੂਰੀ ਹੈ। ਰੁਜ਼ਗਾਰ ਖ਼ਾਤਰ ਵਿਦੇਸ਼ ਜਾਣ ਵਾਲਿਆਂ ਦੇ ਅੰਕੜੇ ਫ਼ਿਕਰਮੰਦ ਕਰਦੇ ਹਨ ਕਿ ਕਿਤੇ ਪੰਜਾਬ ਖ਼ਾਲੀ ਹੀ ਨਾ ਹੋ ਜਾਵੇ। ਪੰਜਾਬ ’ਚੋਂ ਰੋਜ਼ਾਨਾ ਔਸਤਨ ਢਾਈ ਸੌ ਵਿਅਕਤੀ ਜਹਾਜ਼ ਚੜ੍ਹ ਰਹੇ ਹਨ, ਜਿਨ੍ਹਾਂ ਦਾ ਇੱਕੋ ਮਕਸਦ ਵਿਦੇਸ਼ ’ਚ ਰੋਜ਼ੀ-ਰੋਟੀ ਕਮਾਉਣਾ ਹੈ। ਪੰਜਾਬੀ ਰੁਜ਼ਗਾਰ ਦੀ ਤਲਾਸ਼ ’ਚ ਵੱਖ-ਵੱਖ ਦੇਸ਼ਾਂ ਵੱਲ ਗਏ ਹਨ। ਇਮੀਗਰੇਸ਼ਨ ਬਿਊਰੋ ਦੇ ਵੇਰਵੇ ਹਨ ਕਿ ਪਹਿਲੀ ਜਨਵਰੀ 2016 ਤੋਂ ਮਾਰਚ 2021 ਤੱਕ (ਲਗਪਗ ਸਵਾ ਪੰਜ ਸਾਲ ਦੌਰਾਨ) ਪੰਜਾਬ ’ਚੋਂ 4.78 ਲੱਖ ਵਿਅਕਤੀ ਰੁਜ਼ਗਾਰ ਵੀਜ਼ੇ ’ਤੇ ਵਿਦੇਸ਼ ਗਏ, ਜਿਨ੍ਹਾਂ ਵਿਚੋਂ ਕਰੀਬ ਸਾਰੇ ਹੀ ਨੌਜਵਾਨ ਸਨ। ਇਸ ਤਰ੍ਹਾਂ ਇਨ੍ਹਾਂ ਵਰ੍ਹਿਆਂ ਦੌਰਾਨ ਪੰਜਾਬ ’ਚੋਂ ਹਰ ਮਹੀਨੇ ਔਸਤਨ 7,750 ਵਿਅਕਤੀ ਰੁਜ਼ਗਾਰ ਲਈ ਵਿਦੇਸ਼ ਗਏ ਅਤੇ ਇੰਝ ਰੋਜ਼ਾਨਾ ਔਸਤ 250 ਬਣਦੀ ਹੈ।
ਰੋਜ਼ਾਨਾ ਵਿਦੇਸ਼ ਜਾਂਦੇ ਪੰਜਾਬੀ ਨੌਜਵਾਨਾਂ ਤੋਂ ਇੰਝ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਬੁੱਢਿਆਂ ਦਾ ਦੇਸ਼ ਵੱਜਣ ਲੱਗ ਪਵੇਗਾ। ਪੰਜਾਬ ਦੀ ਜਵਾਨੀ ਧੜਾ ਧੜ ਵਿਦੇਸ਼ਾਂ ਵੱਲ ਜਾ ਰਹੀ ਹੈ। ਹਰੇਕ ਨੌਜਵਾਨ ਮੁੰਡਾ-ਕੁੜੀ ਹੁਣ ਬਾਰ੍ਹਵੀਂ ਤੋਂ ਬਾਅਦ ‘ਆਇਲਜ਼’ (ਜਿਸ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿਚ ‘ਆਈਲੈਟਸ’ ਕਿਹਾ ਜਾਂਦਾ ਹੈ) ਕਰਨੀ ਸ਼ੁਰੂ ਕਰ ਦਿੰਦਾ ਹੈ। ਆਇਲਜ਼ ਪਾਸ ਕਰਨ ਤੋਂ ਕੁਝ ਮਹੀਨਿਆਂ ਬਾਅਦ ਹੀ ਉਹ ਪੰਜਾਬ ਨੂੰ ਅਲਵਿਦਾ ਆਖ ਵਿਦੇਸ਼ ਉਡਾਰੀ ਮਾਰ ਜਾਂਦਾ ਹੈ। ਜੇ ਸਾਡੇ ਦੇਸ਼ ਵਿਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਤੇ ਮਿਹਨਤ ਦਾ ਮੁੱਲ ਸਹੀ ਮਿਲਦਾ ਹੁੰਦਾ ਤਾਂ ਉਹ ਕਿਉਂ ਦੇਸ਼ ਛੱਡ ਕੇ ਘਰੋਂ ਦੂਰ ਹੁੰਦੇ। ਇਸ ਵਰਤਾਰੇ ਤੋਂ ਪੰਜਾਬ ਦਾ ਹਰੇਕ ਦਰਦੀ ਤੇ ਬੁੱਧੀਜੀਵੀ ਚਿੰਤਤ ਦਿਖਾਈ ਦੇ ਰਿਹਾ ਹੈ।
ਪੰਜਾਬ ਵਿਚ ਦਿਨੋ-ਦਿਨ ਨੌਜਵਾਨਾਂ ਦੀ ਗਿਣਤੀ ਘਟ ਰਹੀ ਹੈ। ਬਹੁਤੇ ਪਿੰਡਾਂ ਵਿਚ ਵੱਡੀਆਂ-ਵੱਡੀਆਂ ਕੋਠੀਆਂ ਵਿਚ ਇਕੱਲੇ ਬਜ਼ੁਰਗ ਹੀ ਰਹਿ ਰਹੇ ਹਨ, ਜਿਨ੍ਹਾਂ ਦੇ ਧੀ-ਪੁੱਤ ਵਿਦੇਸ਼ਾਂ ਵਿਚ ਹਨ। ਮਾਲਵੇ ਵਿਚੋਂ ਪਹਿਲਾਂ ਕਿਸੇ ਟਾਵੇਂ-ਟਾਵੇਂ ਪਿੰਡ ਦਾ ਕੋਈ ਮੁੰਡਾ ਵਿਦੇਸ਼ ਹੁੰਦਾ ਸੀ। ਹੁਣ ਹਰੇਕ ਪਿੰਡ ਵਿਚ ਅੱਧੋਂ ਵੱਧ ਨੌਜਵਾਨ ਵਿਦੇਸ਼ ਚਲੇ ਗਏ ਹਨ। ਇਸ ਕਾਰਨ ਹਾਲਤ ਇਹ ਹੈ ਕਿ ਦੇਸ਼ ਵਿਚ ਜਿਹੜੇ ਕਾਲਜਾਂ ਵਿਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਦਾਖਲ ਹੁੰਦੇ ਸਨ, ਉਥੇ ਹੁਣ ਬਹੁਤ ਸਾਰੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਕਈ ਕਾਲਜ ਬੰਦ ਹੋਣ ਕਿਨਾਰੇ ਹਨ। ਜਿਨ੍ਹਾਂ ਕੋਲ ਕੋਈ ਵੀ ਸਾਧਨ ਹੈ ਜਾਂ ਜਾਇਦਾਦਾਂ ਹਨ, ਉਹ ਜਾਇਦਾਦਾਂ ਵੇਚ ਕੇ ਵਿਦੇਸ਼ ਜਾ ਰਹੇ ਹਨ। ਇੰਝ ਅੱਜ ਪਿੰਡਾਂ ਵਿਚ ਜਾਇਦਾਦ ਖ਼ਰੀਦਣ ਵਾਲਾ ਗਾਹਕ ਵੀ ਛੇਤੀ ਛੇਤੀ ਲੱਭ ਨਹੀਂ ਰਿਹਾ ਕਿਉਂਕਿ ਵਿਦੇਸ਼ਾਂ ਨੂੰ ਜਾਣ ਵਾਲੇ ਲੋਕਾਂ ਦੀ ਗਿਣਤੀ ਹਰੇਕ ਪਿੰਡ ਵਿਚ ਵਧ ਗਈ ਹੈ। ਇਸ ਸੂਰਤ ਵਿਚ ਪਿੱਛੇ ਰਹਿ-ਗਏ ਬੁੱਢੇ-ਠੇਰਿਆਂ ਦੀ ਸਾਰ ਕੌਣ ਲਵੇਗਾ। ਜਿਨ੍ਹਾਂ ਘਰਾਂ ਵਿਚ ਕੋਈ ਬਜ਼ੁਰਗ ਵੀ ਨਹੀਂ ਬਚਿਆ, ਉਥੇ ਤਾਂ ਕੋਠੀਆਂ ਨੂੰ ਜਿੰਦਰੇ ਵੱਜ ਗਏ ਹਨ ਜਾਂ ਫਿਰ ਬਿਹਾਰੀ-ਨੇਪਾਲੀ ਕੋਠੀਆਂ ਵਿੱਚ ਰਹਿੰਦੇ ਦੇਖ ਭਾਲ ਕਰਦੇ ਹਨ। ਇਨ੍ਹਾਂ ਬੰਦ ਘਰਾਂ ਤੇ ਕੋਠੀਆਂ ਨੂੰ ਐਨਆਰਆਈਜ਼ ਕਈ-ਕਈ ਸਾਲਾਂ ਬਾਅਦ ਪੰਜਾਬ ਵਿਚ ਛੁੱਟੀ ਮਨਾਉਣ ਆਉਣ ’ਤੇ ਖੋਲ੍ਹਦੇ ਹਨ।
ਪਰਵਾਸ ਦੇ ਅਜੋਕੇ ਰੁਝਾਨ ਦਾ ਜੇ ਤੱਥ ਅਧਾਰਤ ਵਿਸ਼ਲੇਸ਼ਣ ਕਰੀਏ ਤਾਂ ਪਤਾ ਚਲੇਗਾ ਕਿ ਆਪਣੀ ਜਨਮ ਤੇ ਕਰਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਵਸੇਬੇ ਕਰਨ ਦੀ ਕੋਈ ਇੱਕ ਵਜ੍ਹਾ ਨਹੀਂ ਬਲਕਿ ਆਰਥਿਕ, ਸਮਾਜਕ, ਮਨੋਵਿਗਿਆਨਕ, ਰਾਜਨੀਤਕ ਅਤੇ ਸਮਾਜ ਵਿੱਚ ਉਭਰ ਰਹੇ ਹਾਲਾਤ ਸਮੇਤ ਅਨੇਕਾਂ ਕਾਰਨ ਹਨ। ਭਾਰਤ ਦੇ ਹੋਰ ਇਲਾਕਿਆਂ ਵਾਂਗ ਪੰਜਾਬ ਵੀ ਖੇਤੀ ਅਧਾਰਤ ਸਮਾਜ ਸੀ ਅਤੇ ਹੁਣ ਵੀ ਹੈ ਪਰ ਹੁਣ ਹਾਲਾਤ ਬਦਲ ਗਏ ਹਨ। ਖੇਤੀ ਅਧਾਰਤ ਪੇਂਡੂ ਵਸੋਂ ਵਾਸਤੇ ਰੋਟੀ ਦਾ ਮਸਲਾ ਖੜ੍ਹਾ ਹੋ ਰਿਹਾ ਹੈ। ਜ਼ਮੀਨ ਦੀ ਜੱਦੀ-ਪੁਸ਼ਤੀ ਵੰਡ ਕਾਰਨ ਵਾਹੀਯੋਗ ਜੋਤਾਂ ਦਾ ਅਕਾਰ ਘਟਣਾ, ਖੇਤੀ ਲਾਗਤਾਂ ਵਿੱਚ ਅਥਾਹ ਵਾਧਾ, ਉਤਪਾਦਨ ਦਾ ਢੁਕਵਾਂ ਮੁੱਲ ਨਾ ਮਿਲਣਾ, ਨਵੇਂ ਖੇਤੀ ਕਾਨੂੰਨ, ਸਮਾਜਿਕ ਜ਼ਰੂਰਤਾਂ ਦੀ ਪੂਰਤੀ ਆਦਿ ਕਰਕੇ ਨਿਰੋਲ ਖੇਤੀ ਅਧਾਰਤ ਪਰਿਵਾਰਾਂ ਦਾ ਗੁਜ਼ਾਰਾ ਦਿਨ-ਬ-ਦਿਨ ਔਖਾ ਹੋ ਰਿਹਾ ਹੈ ਅਤੇ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ। ਪ੍ਰਾਈਵੇਟ ਸੈਕਟਰ ਵਿੱਚ ਰੁਜ਼ਗਾਰ ਦੀ ਖੜੋਤ ਅਤੇ ਪਬਲਿਕ ਸੈਕਟਰ ਵਿੱਚ ਅਸਲੋਂ ਹਨੇਰਾ ਤੇ ਵਧੇਰੇ ਬੱਚਿਆਂ ਦਾ ਖੇਤੀ ਵੱਲ ਝੁਕਾਅ ਨਾ ਹੋਣ ਕਰਕੇ ਵਿਦੇਸ਼ਾਂ ਨੂੰ ਵਹੀਰਾਂ ਤੇਜ਼ ਹੋ ਰਹੀਆਂ ਹਨ।
ਅੱਜ ਸਾਡੇ ਦੇਸ਼ ਦੀ ਰਾਜਨੀਤਕ ਦਸ਼ਾ ਅਤੇ ਦਿਸ਼ਾ ਕਿਸੇ ਤੋਂ ਛੁਪੀ ਨਹੀਂ। ਆਜ਼ਾਦੀ ਦੀ ਪੌਣੀ ਸਦੀ ਬਾਅਦ ਵੀ ਆਮ ਲੋਕ ਬੇਸਹਾਰਾ ਹੀ ਮਹਿਸੂਸ ਕਰ ਰਹੇ ਹਨ। ਪੂੰਜੀਵਾਦੀ ਨਿਜ਼ਾਮ ਦੇ ਗ਼ਲਬੇ ਕਾਰਨ ਪਬਲਿਕ ਸੈਕਟਰ ਦਾ ਖਾਤਮਾ ਹੋ ਰਿਹਾ ਹੈ। ਆਰਥਿਕ ਨਾਬਰਾਬਰੀ ਸਿਖਰਾਂ ਉਤੇ ਪੁੱਜ ਚੁੱਕੀ ਹੈ। ਸਮਾਜ ਵਿੱਚ ਵਧ ਰਿਹਾ ਹਿੰਸਕ ਵਰਤਾਰਾ, ਆਮ ਨਾਗਰਿਕਾਂ ਦੇ ਬਣਦੇ ਹੱਕਾਂ ਤੇ ਸਨਮਾਨ ਦੀ ਅਣਦੇਖੀ, ਚੋਰੀਆਂ, ਕਤਲ, ਬਲਾਤਕਾਰ, ਨਸ਼ਿਆਂ ਕਰਕੇ ਮੌਤਾਂ, ਧਰਮਾਂ ਦੇ ਨਾਮ ’ਤੇ ਉਲਝਣਾਂ, ਘੱਟਗਿਣਤੀਆਂ ਦਾ ਦਮਨ ਆਦਿ ਸਮੱਸਿਆਵਾਂ ਆਮ ਲੋਕਾਂ ਨੂੰ ਮਾਨਸਿਕ ਪੱਖੋਂ ਚਿੰਤਤ ਕਰ ਰਹੀਆਂ ਹਨ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੀ ਜ਼ਬਾਨ ’ਤੇ ਹੈ ਕਿ ‘ਹੁਣ ਏਥੇ ਕੁਝ ਨਹੀਂ ਰਿਹਾ ਬੱਚਿਆਂ ਨੂੰ ਬਾਹਰ ਭੇਜਣਾ ਬਿਹਤਰ ਹੈ’।
ਸੰਪਰਕ: 98729-09776