ਮਨਮੋਹਨ ਬਾਵਾ
ਸੈਰ ਸਫ਼ਰ
ਜੀਰਾ ਦਾ ਨਾਮ ਬੇਸ਼ੱਕ ਬਹੁਤਿਆਂ ਨੇ ਨਹੀਂ ਸੁਣਿਆ ਹੋਵੇਗਾ। ਪਰ ਇਤਿਹਾਸ ’ਚ ਕੁਝ ਦਿਲਚਸਪੀ ਰੱਖਣ ਵਾਲਿਆਂ ਨੇ ਦਿੱਲੀ ਦੀ ਹੁਕਮਰਾਨ ਰਜ਼ੀਆ ਸੁਲਤਾਨ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਅਤੇ ਉਸ ਨਾਲ ਜੁੜਿਆ ਯਾਕੂਤ ਦਾ ਨਾਮ ਵੀ। ਯਾਕੂਤ ਦਿੱਲੀ ਦੀ ਰਜ਼ੀਆ ਸੁਲਤਾਨ ਦਾ ਇਕ ਮਹੱਤਵਪੂਰਨ ਸੈਨਾਪਤੀ ਸੀ ਅਤੇ ਉਸ ਦਾ ਪ੍ਰੇਮੀ ਵੀ ਜਿਸ ਕਾਰਨ ਰਜ਼ੀਆ ਸੁਲਤਾਨ ਨੂੰ ਨਾ ਸਿਰਫ਼ ਆਪਣੇ ਤਖ਼ਤ-ਓ-ਤਾਜ ਤੋਂ ਸਗੋਂ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ। ਪਹਿਲਾਂ ਉਹ ਬੰਬਈ ਤੋਂ ਕੇਰਲ ਵੱਲ ਦੇ ਸਮੁੰਦਰੀ ਤੱਟ ’ਤੇ ਸਥਿਤ ਜੰਜੀਰਾ ਨਾਂ ਦੇ ਕਿਲ੍ਹੇ ਦਾ ਕਿਲ੍ਹੇਦਾਰ ਸੀ ਜੋ ਹੌਲੀ-ਹੌਲੀ ਤਰੱਕੀ ਕਰਦਿਆਂ ਰਜ਼ੀਆ ਸੁਲਤਾਨ ਦੀ ਫ਼ੌਜ ਦਾ ਇਕ ਮਹੱਤਵਪੂਰਨ ਸੈਨਾਪਤੀ ਬਣ ਗਿਆ।
ਮੈਂ ਇਕ ਦਿਨ ਇਸ ਪਾਸੇ ਦੀ ਸੈਰ ਅਤੇ ਜੰਜੀਰਾ ਦਾ ਕਿਲ੍ਹਾ ਵੇਖਣ ਲਈ ਆਪਣੇ ਇਕ ਸਾਥੀ ਰਾਜਕੁਮਾਰ ਨਾਲ ਬੰਬਈ ਪਹੁੰਚਿਆ। ਅਸੀਂ ਦੋ ਤਿੰਨ ਦਿਨ ਬੰਬਈ ਗੁਜ਼ਾਰਦੇ, ਆਪਣਾ ਸਫ਼ਰੀ ਸਾਮਾਨ ਚੁੱਕ ਕੇ ਬੰਬਈ ਦੇ ਗੇਟਵੇ ਆਫ ਇੰਡੀਆ ਪਹੁੰਚਦੇ ਅਤੇ ਉੱਥੋਂ ਇਕ ਮੋਟਰਬੋਟ ’ਚ ਬੈਠ ਕੇ ਅੱਠ-ਦਸ ਕਿਲੋਮੀਟਰ ਦੂਰ ਸਮੁੰਦਰੀ ਤੱਟ ’ਤੇ ਪਹੁੰਚ ਜਾਂਦੇ ਹਾਂ।
ਉਸ ਸਥਾਨ ਤੋਂ ਇਕ ਦੋ ਕਿਲੋਮੀਟਰ ਦੂਰ ਅਲੀ ਬਾਗ਼ ਜਾਣ ਵਾਲੀ ਛੋਟੀ ਜਿਹੀ ਬੱਸ ਖੜ੍ਹੀ ਹੈ। ਅਲੀ ਬਾਗ਼ ਦੇ ਬੱਸ ਅੱਡੇ ’ਤੇ ਨਾਸ਼ਤਾ ਕਰਨ ਤੋਂ ਬਾਅਦ ਜੰਜੀਰਾ/ਮੁਰੁਦ ਜਾਣ ਵਾਲੀ ਬੱਸ ’ਚ ਜਾ ਬੈਠਦੇ ਹਾਂ। ਇਸ ਯਾਤਰਾ ਵਾਲਾ ਸਾਰਾ ਖੇਤਰ ਬਹੁਤ ਰਮਣੀਕ ਹੈ। ਸਾਰੇ ਪਿੰਡ ਮਛੇਰਿਆਂ ਦੇ ਹਨ। ਉੱਥੋਂ ਦੇ ਸਾਰੇ ਔਰਤਾਂ ਅਤੇ ਆਦਮੀ ਸਮੁੰਦਰ ਕੰਢੇ ਕੁਝ ਨਾ ਕੁਝ ਕਰਨ ’ਚ ਰੁੱਝੇ ਹਨ। ਕਿਤੇ ਮੱਛੀਆਂ ਫੜ੍ਹਨ ਵਾਲੇ ਵੱਡੇ-ਵੱਡੇ ਜਾਲ ਰੇਤ ’ਤੇ ਪਏ ਸੁੱਕ ਰਹੇ ਹਨ, ਕਿਤੇ ਮਛੇਰਨਾਂ ਆਪਣੇ ਟੋਕਰੀਆਂ ’ਚ ਮੱਛੀਆਂ ਪਾ ਕੇ ਬੰਬਈ ਭੇਜਣ ਦੀ ਤਿਆਰੀ ਕਰ ਰਹੀਆਂ ਹਨ। ਸਮੁੰਦਰੀ ਕੰਢਿਆਂ ਅਤੇ ਪਿੰਡਾਂ ’ਚ ਨਾਰੀਅਲ ਦੇ ਉੱਚੇ-ਉੱਚੇ ਰੁੱਖ ਵਿਖਾਈ ਦੇ ਰਹੇ ਹਨ। ਪੰਜ ਛੇ ਘੰਟਿਆਂ ਬਾਅਦ ਅਸੀਂ ਮੁਰੁਦ ਨਾਮ ਦੇ ਇਕ ਛੋਟੇ ਜਿਹੇ ਕਸਬੇ ’ਚ ਪਹੁੰਚ ਕੇ ਰਿਕਸ਼ਾ ਚਾਲਕ ਨੂੰ ਕਹਿੰਦੇ ਹਾਂ ਕਿ ਅਸਾਂ ਕਿਸੇ ਮਹਿੰਗੇ ਹੋਟਲ ’ਚ ਨਹੀਂ ਰੁਕਣਾ, ਕਿਸੇ ਸਸਤੀ ਜਿਹੀ ਜਗ੍ਹਾ ਲੈ ਚੱਲ। ਛੁੱਟੀ ਵਾਲੇ ਦਿਨ ਬੰਬਈ ਤੋਂ ਸੈਂਕੜੇ ਦੀ ਗਿਣਤੀ ’ਚ ਸੈਲਾਨੀ ਆਪਣੀਆਂ ਕਾਰਾਂ ’ਚ ਬੈਠ ਕੇ ਕਿਸੇ ਪੱਕੀ ਸੜਕ ਤੋਂ ਹੋ ਕੇ ਅਤੇ ਕਾਫ਼ੀ ਲੰਬਾ ਚੱਕਰ ਕੱਟ ਕੇ ਇੱਥੇ ਆਉਂਦੇ ਹਨ। ਐਤਵਾਰ ਨਾ ਹੋਣ ਕਰਕੇ ਸਿਵਾਏ ਸਾਡੇ ਦੋਵਾਂ ਦੇ ਹੋਰ ਕੋਈ ਸੈਲਾਨੀ ਨਜ਼ਰ ਨਹੀਂ ਆਉਂਦਾ। ਸਾਰੇ ਹੋਟਲ ਸਮੁੰਦਰ ਦੇ ਕੰਢੇ ’ਤੇ ਹਨ ਅਤੇ ਹਰ ਹੋਟਲ ਦਾ ਪੱਛਮੀ ਪਾਸਾ ਸਮੁੰਦਰ ਕੰਢੇ ਪਸਰੀ ਹੋਈ ਰੇਤ (ਬੀਚ) ਉਪਰ ਜਾ ਉਤਰਦਾ ਹੈ।
ਜਿਸ ਥਾਂ ਸਾਡਾ ਰਿਕਸ਼ੇ ਵਾਲਾ ਸਾਨੂੰ ਲੈ ਕੇ ਰੁਕਦਾ ਹੈ ਉਹ ਐਨ ਮੇਰੀ ਮਨਪਸੰਦ ਵਾਲਾ ਸਥਾਨ ਹੈ। ਇਸ ਦੀ ਪਹਿਲੀ ਖ਼ਾਸੀਅਤ ਇਹ ਹੈ ਕਿ ਇਹ ਹੋਟਲ ਨਹੀਂ। ਇਕ ਖੁੱਲ੍ਹੇ ਜਿਹੇ ਦਲਾਨ ’ਚ ਦੋ ਕਮਰੇ ਹਨ। ਇਕ ਥੱਲੇ ਅਤੇ ਦੂਸਰਾਂ ਇੱਟਾਂ ਦੀਆਂ ਪੌੜੀਆਂ ਚੜ੍ਹ ਕੇ ਉਪਰਲੀ ਮੰਜ਼ਿਲ ’ਤੇ। ਕਮਰਾ ਵਿਖਾਉਣ ਵਾਲੀ ਕਾਫ਼ੀ ਪੱਕੇ ਰੰਗ ਅਤੇ ਤਿੱਖੇ ਨੈਣ ਨਕਸ਼ਾਂ ਵਾਲੀ ਕੁੜੀ ਹੈ। ਬਾਅਦ ’ਚ ਪਤਾ ਲੱਗਦਾ ਹੈ ਕਿ ਉਹ ਕਿਸੇ ਮੁਸਲਮਾਨ ਕਬੀਲੇ ਨਾਲ ਸੰਬੰਧ ਰੱਖਦੀ ਹੈ। ਕੁੜੀ ਦਾ ਨਾਮ ਸਮੀਰਾ ਹੈ। ਇਹ ਨਾਮ ਮੈਨੂੰ ਇੰਨਾ ਚੰਗਾ ਲੱਗਿਆ ਕਿ ਕੁਝ ਸਾਲਾਂ ਬਾਅਦ ਸ਼ੇਰ ਸ਼ਾਹ ਸੂਰੀ ਨਾਵਲ ਦੀ ਇਕ ਪਾਤਰ ਦਾ ਨਾਮ ਵੀ ਮੈਂ ਸਮੀਰਾ ਹੀ ਰੱਖ ਲਿਆ। ਕਮਰੇ ਦਾ ਫਰਸ਼ ਇੱਟਾਂ ਦਾ ਹੈ ਅਤੇ ਸਾਡੇ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਹੀ ਇਸ ਨੂੰ ਪਾਣੀ ਨਾਲ ਧੋਤਾ ਲੱਗਦਾ ਹੈ। ਇੱਟਾਂ ’ਚੋਂ ਆ ਰਹੀ ਖ਼ੁਸ਼ਬੂ ਇਕ ਘਰੇਲੂ ਜਿਹਾ ਮਾਹੌਲ ਬਣਾ ਰਹੀ ਹੈ। ਸਾਡੇ ਪੁੱਛਣ ’ਤੇ ਸਮੀਰਾ ਉਸ ਦਾ ਕਿਰਾਇਆ 125 ਰੁਪਏ ਦੱਸਦੀ ਹੈ। ਇਸ ਤੋਂ ਪਹਿਲਾਂ ਵੇਖੇ ਟੂਰਿਸਟ ਰੈਸਟ ਹਾਊਸ ਦਾ ਕਿਰਾਇਆ 500 ਰੁਪਏ ਤੋਂ ਉੱਪਰ ਸੀ। ਮੇਰਾ ਸਾਥੀ ਰਾਜਕੁਮਾਰ ਹੱਦ ਦਾ ਕੰਜੂਸ ਹੈ। ਉਹ ਸਮੀਰਾ ਨੂੰ ਕਿਰਾਇਆ ਘੱਟ ਕਰਨ ਲਈ ਆਖਦਾ ਹੈ। ਸੁਣ ਕੇ ਸਮੀਰਾ ਦੇ ਮੁਖ ’ਤੇ ਉਦਾਸੀ ਪਸਰ ਜਾਂਦੀ ਹੈ। ਮੈਂ ਰਾਜਕੁਮਾਰ ਨੂੰ ਝਿੜਕਦਿਆਂ ਪੰਜਾਬੀ ’ਚ ਕਹਿੰਦਾ ਹਾਂ, ‘‘ਚੁੱਪ ਕਰ! ਇਨ੍ਹਾਂ ਨੂੰ ਵੀ ਕੁਝ ਕਮਾਉਣ ਦੇ!’’
ਅਸੀਂ ਆਪਣਾ ਸਾਮਾਨ ਹਾਲੇ ਰੱਖਿਆ ਹੀ ਸੀ ਕਿ ਸਮੀਰਾ ਪੁੱਛਦੀ ਹੈ, ‘‘ਚਾਏ ਪੀਓਗੇ?’’ ਇਸ ਤੋਂ ਪਹਿਲਾਂ ਕਿ ਰਾਜਕੁਮਾਰ ਨਾਂਹ ਆਖੇ, ਮੈਂ ਹਾਂ ਕਹਿ ਦੇਂਦਾ ਹਾਂ। ਸਮੀਰਾ ਦੇ ਚਲੀ ਜਾਣ ਤੋਂ ਬਾਅਦ ਮੈਂ ਪੌੜੀਆਂ ਕੋਲ ਆ ਕੇ ਬਾਹਰ ਆਲੇ-ਦੁਆਲੇ ਵੱਲ ਤੱਕਦਾ ਹਾਂ।
ਸਾਡੇ ਇਕ ਪਾਸੇ ਰੇਤਲੇ ਮੈਦਾਨ ਜਿਹੇੇ ’ਚ ਤਾੜ ਅਤੇ ਖਜੂਰ ਦੇ ਰੁੱਖ ਹਨ। ਮੈਦਾਨ ਦਾ ਦੱਖਣੀ ਹਿੱਸਾ ਸਮੁੰਦਰ ਦੇ ਤੱਟ ਵੱਲ ਜਾਂਦਾ ਦਿਸਦਾ ਹੈ। ਇਕ ਪਾਸੇ ਦੋ ਕੁ ਘਰ ਵੀ ਹਨ। ਸੌ ਦੋ ਸੌ ਸਾਲ ਪੁਰਾਣੇ, ਇਕ ਮੰਜ਼ਿਲਾ। ਘਰਾਂ ਸਾਹਮਣੇ ਕਾਲੇ ਕੱਪੜੇ ਪਾਈ ਦੋ ਤਿੰਨ ਤੀਵੀਆਂ ਬੈਠੀਆਂ ਹਨ। ਇਹ ਸਮੀਰਾ ਦੀ ਮਾਂ ਅਤੇ ਭੂਆ ਜਾਂ ਭੈਣਾਂ ਹਨ। ਸਮੀਰਾ ਦੇ ਉੱਥੇ ਪਹੁੰਚਦੇ ਹੀ ਉਹ ਤੀਵੀਆਂ ਉਸ ਨੂੰ ਕੁਝ ਪੁੱਛ ਰਹੀਆਂ ਦਿਸਦੀਆਂ ਹਨ। ਉਨ੍ਹਾਂ ਦੇ ਸਵਾਲ ਜਵਾਬ ਤੋਂ ਮੈਂ ਇਹ ਸਮਝ ਸਕਦਾ ਹਾਂ ਕਿ ਉਹ ਸਮੀਰਾ ਤੋਂ ਸਾਡੇ ਬਾਰੇ ਪੁੱਛ ਰਹੀਆਂ ਹਨ।
ਅਸੀਂ ਸਿਰਫ਼ ਸੈਲਾਨੀ ਨਹੀਂ, ਉਨ੍ਹਾਂ ਦੀ ਰੋਜ਼ੀ ਰੋਟੀ ਹਾਂ। ਬਾਅਦ ’ਚ ਜੋ ਪਤਾ ਚੱਲਿਆ ਉਹ ਗੱਲ ਕਾਫ਼ੀ ਲੰਮੀ ਹੈ। ਖ਼ੈਰ! ਉਨ੍ਹਾਂ ’ਚੋਂ ਇਕ ਤੀਵੀਂ ਉੱਠਦੀ ਹੈ। ਉਹ ਕਾਫ਼ੀ ਲੰਮੀ ਅਤੇ ਪਤਲੀ ਹੈ। ਇਹ ਵੀ ਸਮੀਰਾ ਵਾਂਗ ਕਾਫ਼ੀ ਪੱਕੇ ਰੰਗ ਦੀ ਹੈ। ਕਿਸੇ ਖ਼ਾਸ ਕਬੀਲੇ ਦੀ ਜਿਨ੍ਹਾਂ ਦਾ ਸੰਬੰਧ ਕੋਂਕਣ ਤੱਟ ’ਤੇ ਵਸਦੇ ਲੋਕਾਂ ਨਾਲ ਬਿਲਕੁਲ ਨਹੀਂ ਦਿਸਦਾ।
ਥੋੜ੍ਹੀ ਦੇਰ ਬਾਅਦ ਸਮੀਰਾ ਤਾਂਬੇ ਦੀ ਇਕ ਥਾਲੀ ਉੱਤੇ ਰੱਖੇ ਹੋਏ ਪਿੱਤਲ ਦੇ ਦੋ ਗਲਾਸਾਂ ’ਚ ਸਾਡੇ ਲਈ ਚਾਹ ਅਤੇ ਬਾਜਰੇ ਦੀਆਂ ਮੋਟੀਆਂ ਅੱਧੀਆਂ-ਅੱਧੀਆਂ ਰੋਟੀਆਂ ਲੈ ਕੇ ਆ ਜਾਂਦੀ ਹੈ। ਸਾਨੂੰ ਵੀ ਭੁੱਖ ਲੱਗੀ ਹੋਈ ਸੀ। ਰੋਟੀਆਂ ਕੁਝ ਮਿੱਠੀਆਂ, ਪਰ ਮਿੱਠੇ ਦਾ ਸੁਆਦ ਨਾ ਖੰਡ ਅਤੇ ਨਾ ਗੁੜ ਦਾ। ਇਹ ਤਾੜ ਦੇ ਗੁੜ ਦੀਆਂ ਅਤੇ ਸੁਆਦਲੀਆਂ ਹਨ।
ਚਾਹ ਪੀ ਕੇ ਅਸੀਂ ਪੌੜੀਆਂ ਉਤਰਦੇ ਅਤੇ ਸਮੁੰਦਰ ਕੰਢੇ ਵੱਲ ਰੇਤ ’ਤੇ ਪੈਰ ਧਰਦਿਆਂ ਉਤਰ ਜਾਂਦੇ ਹਾਂ। ਇਨ੍ਹੀਂ ਦਿਨੀਂ ਉੱਥੇ ਕੋਈ ਸੈਲਾਨੀ ਨਹੀਂ, ਰੇਤਲਾ ਕੰਢਾ ਦੂਰ ਤੱਕ ਪਸਰਿਆ ਹੋਇਆ ਅਤੇ ਸਾਫ਼ ਹੈ। ਸਮੁੰਦਰ ਦਾ ਪਾਣੀ ਕਾਫ਼ੀ ਦੂਰ ਹੈ। ਸਮੁੰਦਰ ਦੇ ਪਾਣੀ ਅਤੇ ਲਹਿਰਾਂ ਦਾ ਸਬੰਧ ਦਿਨ, ਰਾਤ, ਸਵੇਰ, ਸ਼ਾਮ ਅਤੇ ਚੰਦਰਮਾ ਨਾਲ ਕਾਫ਼ੀ ਗੂੜ੍ਹਾ ਹੁੰਦਾ ਹੈ। ਉਸੇ ਦੇ ਹਿਸਾਬ ਨਾਲ ਪਾਣੀ ਕੰਢਿਆਂ ’ਤੇ ਫੈਲਦਾ ਅਤੇ ਸੁੰਗੜਦਾ ਹੈ।
ਅਸੀਂ ਕਦੇ ਸਮੁੰਦਰ ਦੀਆਂ ਕੰਢੇ ਵੱਲ ਆ ਰਹੀਆਂ ਲਹਿਰਾਂ ’ਤੇ ਨੰਗੇ ਪੈਰ ਸੈਰ ਕਰਦੇ ਰਹੇ, ਕਦੇ ਰੇਤ ਉੱਤੇ। ਇਸ ਤਰ੍ਹਾਂ ਦੇ ਸਮੁੰਦਰ ਕੰਢੇ ਜਿੱਥੇ ਕੋਈ ਭੀੜ-ਭੜੱਕਾ ਨਾ ਹੋਵੇ, ਤੁਸੀਂ ਇਕੱਲੇ ਹੋਵੋ ਤਾਂ ਸਮੁੰਦਰ ਦੇ ਪਾਣੀ ਦਾ ਕੰਢੇ ਤੱਕ ਆ ਕੇ ਪਸਰਨਾ ਅਤੇ ਮੁੜ ਪਾਣੀ ’ਚ ਜਾ ਮਿਲਣਾ ਇਕ ਬਹੁਤ ਸ਼ਾਂਤ ਅਤੇ ਉਦਾਸ ਜਿਹਾ ਵਾਤਾਵਰਨ ਪੈਦਾ ਕਰਦਾ ਹੈ।
ਸੂਰਜ ਛਿਪਦਿਆਂ ਤਿੰਨੇ ਔਰਤਾਂ ਰੇਤਲੇ ਕੰਢੇ ਕੋਲ ਤਾੜ ਦੇ ਲੰਮੇ ਲੰਮੇ ਰੁੱਖਾਂ ਦੇ ਤਣਿਆਂ ਕੋਲ ਆ ਖੜ੍ਹਦੀਆਂ ਹਨ। ਸਮੁੰਦਰ ਦਾ ਪਾਣੀ ਦਿਸਹੱਦੇ ਤੱਕ ਪਸਰਿਆ ਹੋਇਆ ਹੈ। ਦਿਸਹੱਦੇ ’ਚੋਂ ਇਕ ਨਿਸ਼ਾਨ ਉਭਰਦਾ ਨਜ਼ਰ ਆਉਂਦਾ ਹੈ। ਨਿਸ਼ਾਨ ਕਿਨਾਰੇ ਵੱਲ ਵਧਦਾ ਆ ਰਿਹਾ ਹੈ। ਹੋਰ ਨੇੜੇ ਆਉਣ ’ਤੇ ਪਤਾ ਲੱਗਦਾ ਹੈ ਕਿ ਇਹ ਕਿਸ਼ਤੀਆਂ ਹਨ। ਕਿਸ਼ਤੀਆਂ ਕਿਨਾਰੇ ’ਤੇ ਆਣ ਲੱਗਦੀਆਂ ਹਨ ਤਾਂ ਤਿੰਨੇ ਔਰਤਾਂ ਉਨ੍ਹਾਂ ਵੱਲ ਤੁਰ ਪੈਂਦੀਆਂ ਹਨ। ਇਨ੍ਹਾਂ ਦੇ ਪਤੀ ਸਵੇਰ ਵੇਲੇ ਕਿਸ਼ਤੀਆਂ ’ਚ ਬੈਠ ਕੇ ਮੱਛੀਆਂ ਫੜਨ ਲਈ ਆਪਣੇ ਜਾਲ ਲੈ ਕੇ ਨਿਕਲੇ ਸਨ। ਤਿੰਨੇ ਔਰਤਾਂ ਮੱਛੀਆਂ ਨੂੰ ਆਪਣੇ ਟੋਕਰਿਆਂ ’ਚ ਭਰ ਕੇ ਖ਼ੁਸ਼ੀ-ਖ਼ੁਸ਼ੀ ਆਪਣੇ ਘਰਾਂ ਵੱਲ ਤੁਰ ਪੈਂਦੀਆਂ ਹਨ। ਮਛੇਰੇ ਜਾਲ ਇਕੱਠੇ ਕਰ ਕੇ ਅਤੇ ਕਿਸ਼ਤੀਆਂ ਨੂੰ ਖਿੱਚ ਕੇ ਰੇਤ ਵੱਲ ਘਸੀਟ ਲਿਆਉਂਦੇ ਹਨ। ਕੁਝ ਦੇਰ ਬਾਅਦ ਇਹ ਮੱਛੀਆਂ ਗੱਟੂਆਂ (ਛੋਟੇ ਟਰੱਕਾਂ) ਰਾਹੀਂ ਬੰਬਈ ਦੇ ਬਾਜ਼ਾਰਾਂ ’ਚ ਪਹੁੰਚ ਜਾਣਗੀਆਂ ਅਤੇ ਬਾਜ਼ਾਰਾਂ ’ਚੋਂ ਬੰਬਈ ਵਾਸੀਆਂ ਦੇ ਘਰਾਂ ਦੀਆਂ ਰਸੋਈਆਂ ਅਤੇ ਥਾਲੀਆਂ ਵਿਚ…। ਰਾਤ ਨੂੰ ਸੌਣ ਲੱਗਿਆਂ ਸਮੁੰਦਰ ਦੀਆਂ ਲਹਿਰਾਂ ਦਾ ਕੰਢਿਆਂ ਨਾਲ ਆ ਕੇ ਟਕਰਾਉਣਾ ਅਤੇ ਵਾਪਸ ਜਾਣਾ ਅਜਿਹੀਆਂ ਆਵਾਜ਼ਾਂ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਆਪੋ ਆਪਣੇ ਮਨ ਦੇ ਮੌਸਮ ਮੁਤਾਬਿਕ ਸ਼ਾਂਤਮਈ, ਸੋਗਮਈ ਜਾਂ ਰੁਮਾਨੀ ਕਿਹਾ ਜਾ ਸਕਦਾ ਹੈ।
ਸਾਡੇ ਇਸ ਰੈਣ ਬਸੇਰੇ ਤੋਂ ਜ਼ਰਾ ਕੁ ਦੂਰ ਸਥਾਨਕ ਬਾਜ਼ਾਰ ਹੈ ਅਤੇ ਉਸ ਬਾਜ਼ਾਰ ’ਚ ਕੁਝ ਰੈਸਤਰਾਂ ਵੀ। ਸਮੀਰਾ ਹੀ ਸਾਨੂੰ ਇਸ ਬਾਰੇ ਦੱਸਦਿਆਂ ਆਖਦੀ ਹੈ ਕਿ ਸਾਡੀ ਪਸੰਦ ਦਾ ਖਾਣਾ ਉੱਥੇ ਮਿਲ ਜਾਏਗਾ। ਰਾਤ ਨੂੰ ਅਸੀਂ ਉਸੇ ਬਾਜ਼ਾਰ ’ਚ ਜਾ ਕੇ ਖਾਣਾ ਖਾਂਦੇ ਹਾਂ। ਅਗਲੀ ਸਵੇਰ ਅਸੀਂ ਨਾਸ਼ਤਾ ਕਰਦੇ ਅਤੇ ਇਕ ਆਟੋ ਰਿਕਸ਼ਾ ’ਚ ਬੈਠ ਕੇ ਇਕ ਟਾਪੂ ਉੱਤੇ ਬਣੇ ਜੰਜੀਰੇ ਦੇ ਕਿਲ੍ਹੇ ਕੋਲ ਜਾ ਪਹੁੰਚਦੇ ਹਾਂ।
ਜੰਜੀਰਾ ਦਾ ਕਿਲ੍ਹਾ ਸਮੁੰਦਰ ਦੇ ਵਿਚਕਾਰ ਦੋ ਕੁ ਕਿਲੋਮੀਟਰ ਦੀ ਦੂਰੀ ’ਤੇ ਹੈ ਜਿੱਥੇ ਅਸੀਂ ਇਕ ਕਿਸ਼ਤੀ ਦੁਆਰਾ ਪਹੁੰਚਦੇ ਹਾਂ। ਅੰਦਰ ਜਾਣ ਲਈ ਇਕ ਲੁਕਵਾਂ ਜਿਹਾ ਦਰਵਾਜ਼ਾ ਹੈ, ਜੋ ਕੰਢੇ ’ਤੇੇ ਖੜ੍ਹਿਆਂ ਚੰਗੀ ਤਰ੍ਹਾਂ ਨਹੀਂ ਦਿਸਦਾ। ਇਸ ਕਿਲ੍ਹੇ ਨੂੰ 1100 ਈਸਵੀ ’ਚ ਅਹਿਮਦਨਗਰ ਦੇ ਵਜ਼ੀਰ ਮਲਿਕ ਅੰਬਰ ਨੇ ਬਣਵਾਇਆ ਸੀ। ਮਲਿਕ ਅੰਬਰ ਸਿੱਧੀ ਕਬੀਲੇ ਤੋਂ ਸੀ। ਇਹ ਸਿੱਧੀ ਮੂਲ ਤੌਰ ’ਤੇ ਅਫ਼ਰੀਕਾ ਦੇ ਪੂਰਬੀ ਕੰਢੇ ’ਤੇ ਸਥਿਤ ਐਬੇਸੀਨੀਆਂ ਦੇ ਰਹਿਣ ਵਾਲੇ ਹਨ। 1700 ਈਸਵੀ ਤੋਂ ਲੈ ਕੇ 1947 ਤੋਂ ਕੁਝ ਸਾਲ ਬਾਅਦ ਤਕ ਇਸ ਕਿਲ੍ਹੇ ’ਚ 1500 ਤੋਪਾਂ ਹੁੰਦੀਆਂ ਸਨ। ਐਬੇਸੀਨੀਆ ਦੇ ਤਕਰੀਬਨ ਇਕ ਹਜ਼ਾਰ ਪਰਿਵਾਰ ਇਸ ਸਥਾਨ ’ਤੇ ਰਹਿੰਦੇ ਸਨ।
ਇਨ੍ਹਾਂ ਸਿੱਧੀਆਂ ਦਾ ਦੱਖਣ ਦੇ ਇਤਿਹਾਸ ’ਚ ਕਾਫ਼ੀ ਯੋਗਦਾਨ ਰਿਹਾ ਹੈ। ਇਨ੍ਹਾਂ ਅਫ਼ਰੀਕੀ ਹਬਸ਼ੀਆਂ ’ਚ ਸਭ ਤੋਂ ਮਹੱਤਵਪੂਰਨ ਨਾਮ ਮਲਿਕ ਅੰਬਰ ਦਾ ਹੈ। ਮਲਿਕ ਅੰਬਰ ਦੇ ਸਮੇਂ ਅਤੇ ਉਸ ਤੋਂ ਬਾਅਦ ਅਫ਼ਰੀਕਾ ਦੇ ਇਸ ਛੋਟੇ ਜਿਹੇ ‘ਐਬੇਸੀਨੀਆ’ ਨਾਮ ਦੇ ਖਿੱਤੇ ’ਚੋਂ ਬਹੁਤ ਸਾਰੇ ਲੋਕ ਪਰਵਾਸ ਕਰ ਕੇ ਦੱਖਣੀ ਭਾਰਤ ’ਚ ਪਹੁੰਚਦੇ ਅਤੇ ਮੁਸਲਿਮ ਸੁਲਤਾਨਾਂ ਦੀਆਂ ਫ਼ੌਜਾਂ ’ਚ ਵਾਧਾ ਕਰਦੇ ਰਹੇ। ਇਨ੍ਹਾਂ ’ਚੋਂ ਕਈ ਤਾਂ ਇੰਨੇ ਸ਼ਕਤੀਸ਼ਾਲੀ ਹੋ ਗਏ ਕਿ ਆਪਣੀਆਂ ਹਕੂਮਤਾਂ ਕਾਇਮ ਕਰ ਲਈਆਂ। ਇਨ੍ਹਾਂ ’ਚੋਂ ਕਈ ਹਿੰਦੂ ਰਾਜਿਆਂ ਦੇ ਸੈਨਾਪਤੀ ਅਤੇ ਵਜ਼ੀਰ ਬਣਦੇ ਰਹੇ। ਹਿੰਦੋਸਤਾਨ ਦੇ ਇਤਿਹਾਸ ਵਿਚ ਸਭ ਤੋਂ ਪ੍ਰਸਿੱਧ ਵਿਅਕਤੀ 1230 ਈਸਵੀ ਦੇ ਆਸ-ਪਾਸ ਆਇਆ ਜਮਾਲ-ਅਲ-ਦੀਨ ਯਾਕੂਤ ਸੀ ਜੋ ਹਿੰਦੋਸਤਾਨ ਦੀ ਮਲਿਕਾ ਰਜ਼ੀਆ ਸੁਲਤਾਨ ਦੇ ਪ੍ਰੇਮੀ ਵਜੋਂ ਪ੍ਰਸਿੱਧ ਹੋਇਆ। ਜੰਜੀਰਾ ਦੇ ਇਸ ਕਿਲ੍ਹੇ ਅਤੇ ਹਬਸ਼ੀ ਗੁਲਾਮ ਸੈਨਿਕਾਂ ਦਾ ਇੰਨਾ ਰੋਹਬ ਸੀ ਕਿ ਸਮੁੰਦਰੀ ਡਾਕੂ ਵੀ ਇਨ੍ਹਾਂ ਨੂੰ ਵੇਖਦਿਆਂ ਹੀ ਆਪਣੀਆਂ ਕਿਸ਼ਤੀਆਂ ਵਾਪਸ ਮੋੜ ਲੈਂਦੇ ਸਨ।
ਰਜ਼ੀਆ ਸੁਲਤਾਨ ਅਤੇ ਯਾਕੂਤ ਦੀ ਪ੍ਰੇਮ ਕਹਾਣੀ ਹਿੰਦੋਸਤਾਨ ਦੇ ਇਤਿਹਾਸ ’ਚ ਕਾਫ਼ੀ ਮਹੱਤਤਾ ਰੱਖਦੀ ਹੈ। ਰਜ਼ੀਆ ਦਿੱਲੀ (ਹਿੰਦੋਸਤਾਨ) ਦੇ ਤਤਕਾਲੀ ਸੁਲਤਾਨ ਅਲਤਮਸ਼ ਦੀ ਧੀ ਸੀ। ਅਲਤਮਸ ਨੇ ਆਪਣੇ ਜਿਉਂਦਿਆਂ ਹੀ ਆਪਣੇ ਕਿਸੇ ਪੁੱਤਰ ਨੂੰ ਸੁਲਤਾਨ ਬਣਨ ਦੇ ਨਾਕਾਬਲ ਵੇਖ ਕੇ ਆਪਣੀ ਧੀ ਰਜ਼ੀਆ ਨੂੰ ਆਪਣੀ ਮੌਤ ਤੋਂ ਬਾਅਦ ਦੀ ‘ਸੁਲਤਾਨ’ ਐਲਾਨ ਦਿੱਤਾ। ਦਿੱਲੀ ਦੇ ਤੁਰਕ ਵਜ਼ੀਰਾਂ ਨੂੰ ਇਸ ਫ਼ੈਸਲੇ ਤੋਂ ਕੋਈ ਇਤਰਾਜ਼ ਨਹੀਂ ਸੀ। ਪਰ ਉਨ੍ਹਾਂ ਤੋਂ ਇਹ ਬਰਦਾਸ਼ਤ ਨਾ ਹੋਇਆ ਕਿ ਉਹ ਕਿਸੇ ‘ਖ਼ਾਲਸ’ ਤੁਰਕ ਸਿਪਾਹਸਲਾਰ ਨੂੰ ਅਣਗੌਲਿਆਂ ਕਰ ਕੇ ਇਕ ‘ਹਬਸ਼ੀ’ ਨੂੰ ਆਪਣੇ ਪ੍ਰੇਮੀ ਦੇ ਤੌਰ ’ਤੇ ਚੁਣ ਲਵੇ। ਇਨ੍ਹਾਂ ਚਾਲੀ ਤੁਰਕ ਸਰਦਾਰਾਂ ’ਚੋਂ ਹਰ ਕੋਈ ਇਹੀ ਇੱਛਾ ਰੱਖਦਾ ਸੀ ਕਿ ‘ਕਿੰਨਾ ਚੰਗਾ ਹੋਵੇ ਜੋ ਰਜ਼ੀਆ ਨੂੰ ‘ਮੈਂ’ ਪਸੰਦ ਆ ਜਾਵਾਂ ਅਤੇ ਉਸ ਨਾਲ ਵਿਆਹ ਕਰਾ ਕੇ ਮੈਂ ਹੀ ਸੁਲਤਾਨ ਬਣ ਜਾਵਾਂ!’ ਇਸ ਕਾਰਨ ਉਨ੍ਹਾਂ ਨੇ ਬਗ਼ਾਵਤ ਕਰ ਦਿੱਤੀ। ਰਜ਼ੀਆ ਅਤੇ ਯਾਕੂਤ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਕਿਸ ਪਾਸੇ ਵੱਲ ਭੱਜੇ ਅਤੇ ਕਿਸ ਕੋਲ ਜਾ ਕੇ ਪਨਾਹ ਲਈ, ਇਸ ਬਾਰੇ ਸਭ ਇਤਿਹਾਸਕਾਰ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹਨ। ਜ਼ਿਆਦਾਤਰ ਇਤਿਹਾਸਕਾਰ ਉਨ੍ਹਾਂ ਦੇ ਬਠਿੰਡੇ ਦੇ ਕਿਲ੍ਹੇਦਾਰ ਕੋਲ ਪਨਾਹ ਲੈਣ ਦੀ ਗੱਲ ਕਰਦੇ ਹਨ।
ਮੈਨੂੰ ਯਾਦ ਆਇਆ ਕਿ ਮੈਂ ਦੋ ਤਿੰਨ ਸਾਲ ਤੱਕ ਦਿੱਲੀ ਦੀ ਜਾਮਾ ਮਸਜਿਦ ਕੋਲ ਇਕ ਆਰਟ ਸਟੂਡੀਓ ’ਚ ਕੰਮ ਕਰਦਾ ਰਿਹਾ ਸਾਂ। ਇਸ ਯਾਤਰਾ ਤੋਂ ਚਾਰ-ਪੰਜ ਸਾਲ ਬਾਅਦ ਮੈਨੂੰ ਪਤਾ ਲੱਗਿਆ ਕਿ ਜਾਮਾ ਮਸਜਿਦ ਤੋਂ ਤੁਰਕਮਾਨ ਦਰਵਾਜ਼ੇ ਤੱਕ ਜਾਂਦੀ ਗਲੀ ’ਚ ਰਜ਼ੀਆ ਸੁਲਤਾਨ ਦੀ ਕਬਰ ਹੈ। ਇਕ ਦਿਨ ਮੈਂ ਉਸ ਮੀਲ ਕੁ ਲੰਮੀ ਗਲੀ ’ਚ ਰਜ਼ੀਆ ਦੀ ਕਬਰ ਲੱਭਣ ਲਈ ਤੁਰ ਪੈਂਦਾ ਹਾਂ। ਜਦੋਂ ਮੈਂ ਉਸ ਦੀ ਕਬਰ ਕੋਲ ਪਹੁੰਚਦਾ ਹਾਂ ਤਾਂ ਹੈਰਾਨੀ ਵੀ ਹੁੰਦੀ ਹੈ ਅਤੇ ਦੁੱਖ ਵੀ। ਦਿੱਲੀ ਦੇ ਹਰ ਬਾਦਸ਼ਾਹ ਸੁਲਤਾਨ ਦੀ ਕਬਰ ਉੱਤੇ ਮਕਬਰਾ ਬਣਿਆ ਹੁੰਦਾ ਹੈ, ਛੋਟਾ ਜਾਂ ਵੱਡਾ। ਜਿੱਥੇ ਹੌਜ਼ ਖ਼ਾਸ ਦੀ ਕਲੋਨੀ ’ਚ ਮੈਂ ਰਹਿੰਦਾ ਹਾਂ ਉਸ ਦੇ ਅੱਧਾ ਕਿਲੋਮੀਟਰ ਦੇ ਖੇਤਰ ’ਚ ਘੱਟ ਤੋਂ ਘੱਟ ਪੰਝੀ-ਤੀਹ ਬੇਨਾਮ ਜਿਹੇ ਆਦਮੀ ਔਰਤਾਂ ਦੇ ਮਕਬਰੇ ਬਣੇ ਹੋਏ ਹਨ। …ਤੇ ਰਜ਼ੀਆ ਸੁਲਤਾਨ ਦਾ ਮਕਬਰਾ ਤਾਂ ਕੀ, ਉਸ ਗਲੀ ’ਚ ਇਕ ਖੁੱਲ੍ਹੀ ਜਿਹੀ ਕਬਰ ਹੈ ਜਿਸ ਉੱਤੇ ਕਬੂਤਰ ਬੈਠੇ ਬਿੱਠਾਂ ਕਰ ਰਹੇ ਸਨ। ਯਾਕੂਤ ਦੀ ਮੌਤ ਕਿੱਥੇ ਹੋਈ? ਅਤੇ ਕੋਈ ਕਬਰ ਹੈ ਜਾਂ ਨਹੀਂ? ਇਸ ਦਾ ਵੀ ਕੋਈ ਪਤਾ ਨਹੀਂ।
ਗੱਲ ਕਿੱਧਰ ਦੀ ਕਿੱਧਰ ਤੁਰ ਪਈ। ਜੰਜੀਰਾ ਦੀ ਯਾਤਰਾ ਦੀ ਗੱਲ ਕਰੀਏ। ਰਾਤ ਪਈ ’ਤੇ ਇਹ ਮਛੇਰੇ ਤਾੜ ਦੇ ਰੁੱਖਾਂ ਵਿਚਕਾਰ ਖਿਲਰੀ ਰੇਤ ਉੱਤੇ ਅੱਗ ਦੁਆਲੇ ਗੋਲ ਦਾਇਰੇ ’ਚ ਬੈਠ ਕੇ ਨੀਰਾ (ਸਥਾਨਕ ਸ਼ਰਾਬ) ਪੀਂਦੇ ਅਤੇ ਗੱਲਾਂ ਕਰਦੇ ਰਹਿੰਦੇ ਹਨ। ਕੁਝ ਲਿਖਦਿਆਂ ਮੈਂ ਇਹ ਵੀ ਸੋਚ ਰਿਹਾ ਹਾਂ ਕਿ ਸਾਡੇ ਦੇਸ਼ ’ਚ ਜਿਸ ਨੂੰ ਸੈਰ-ਸਪਾਟੇ ਦਾ ਸ਼ੌਕ ਹੈ, ਉਸ ਦਾ ਇਹ ਸ਼ੌਕ ਸਿਵਾਏ ਹਿੰਦੋਸਤਾਨ ਦੇ, ਬਾਹਰ ਗਿਆਂ ਵੀ ਪੂਰਾ ਹੋ ਜਾਂਦਾ ਹੈ। ਕਸ਼ਮੀਰ, ਲੇਹ ਲੱਦਾਖ ਤੋਂ ਲੈ ਕੇ ਕੰਨਿਆਕੁਮਾਰੀ, ਮਦਰਾਸ ਤੱਕ ਬਹੁਤ ਕੁਝ ਵੱਖਰਾ ਦੇਖਣ, ਅਨੁਭਵ ਕਰਨ ਲਈ ਮਿਲ ਜਾਂਦਾ ਹੈ। ਕਦੇ-ਕਦੇ ਇਕੋ ਖੇਤਰ ’ਚ ਜਿਵੇਂ ਮੈਂ ਮੁਰੁਦ ਜੰਜੀਰਾ ’ਚ ਆ ਕੇ ਵੇਖ ਰਿਹਾ ਹਾਂ।
ਜੰਜੀਰਾ ਦਾ ਕਿਲ੍ਹਾ ਸਾਗਰ ਤੱਟ ਤੋਂ ਬਹੁਤੀ ਦੂਰ ਨਹੀਂ ਅਤੇ ਅਸੀਂ ਇਕ ਕਿਸ਼ਤੀ ਰਾਹੀਂ ਅੱਧੇ ਕੁ ਘੰਟੇ ’ਚ ਕਿਲ੍ਹੇ ਦੇ ਇਕ ਲੁਕਵੇਂ ਜਿਹੇ ਦਰਵਾਜ਼ੇ ਕੋਲ ਪਹੁੰਚ ਕੇ ਉੱਤਰ ਜਾਂਦੇ ਹਾਂ। ਇਹ ਕਿਲ੍ਹਾ ਇਕ ਪਥਰੀਲੇ ਸਮੁੰਦਰੀ ਟਾਪੂ ਉੱਤੇ ਬਣਿਆ ਹੋਇਆ ਹੈ। ਕਿਲ੍ਹੇ ਦੇ ਅੰਦਰ ਉਹ ਸਭ ਕੁਝ ਹੈ ਜੋ ਇਕ ਛੋਟੀ ਜਿਹੀ ਸੈਨਾ ਦੀ ਟੁਕੜੀ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੋੜੀਂਦਾ ਸੀ। ਚਾਰੇ ਪਾਸੇ ਬਹੁਤ ਸਾਰੀਆਂ ਤੋਪਾਂ ਹਨ। ਇਸ ਕਿਲ੍ਹੇ ਉੱਤੇ ਹਮਲਾ ਕਰ ਕੇ ਨਾ ਦਿੱਲੀ ਦੇ ਸੁਲਤਾਨ ਫ਼ਤਹਿ ਹਾਸਲ ਕਰ ਸਕੇ ਤੇ ਨਾ ਹੀ ਮਰਾਠੇ ਅਤੇ ਅੰਗਰੇਜ਼। ਆਖ਼ਰ ਅੰਗਰੇਜ਼ਾਂ ਨੇ ਇਸ ਕਿਲ੍ਹੇ ’ਚ ਰਹਿ ਰਹੇ ਸਿੱਧੀਆਂ ਨਾਲ ਇਕ ਸਮਝੌਤਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਮੁੰਦਰ ਕੰਢੇ ਜ਼ਮੀਨ, ਘਰ ਅਤੇ ਕੁਝ ਰੁਪਏ ਦੇ ਕੇ ਵਸਾ ਦਿੱਤਾ।
ਇੱਥੋਂ ਮੈਂ ਆਪਣੀ ਬੀਵੀ ਨੂੰ ਆਪਣੇ ਇੱਥੇ ਪਹੁੰਚ ਜਾਣ ਬਾਰੇ ਦੱਸਣ ਲਈ ਟੈਲੀਫੋਨ ਕਰਨਾ ਹੈ। ਕਮਰਿਆਂ ਦੇ ਥੱਲੇ ਇਕ ਪਾਸੇ ਟੈਲੀਫੋਨ ਬੂਥ ਹੈ। ਬਾਕਾਇਦਾ ਬੂਥ ਤਾਂ ਨਹੀਂ, ਪਰ ਇਕ ਮੇਜ਼ ਉੱਤੇ ਪਏ ਟੈਲੀਫੋਨ ਦੁਆਰਾ ਫੋਨ ਕੀਤਾ ਜਾ ਸਕਦਾ ਹੈ। ਮੇਜ਼ ਕੋਲ ਇਕ ਕੁਰਸੀ ’ਤੇ ਉਹ ਸਿੱਧੀ ਕੁੜੀ ਸਮੀਰਾ ਬੈਠੀ ਹੈ। ਮੈਂ ਉਸ ਦੇ ਕੋਲ ਪਈ ਕੁਰਸੀ ’ਤੇ ਬੈਠ ਕੇ ਆਪਣੀ ਬੀਵੀ ਨੂੰ ਫੋਨ ਕਰਦਾ ਹਾਂ। ਇਸ ਵਿਚਕਾਰ ਸਮੀਰਾ ਦੇ ਕਿਸੇ ਨਾਲ ਗੱਲਾਂ ਕਰਨ ਦੀ ਆਵਾਜ਼ ਵੀ ਮੇਰੀ ਬੀਵੀ ਨੂੰ ਸੁਣਾਈ ਦਿੰਦੀ ਹੈ। ਉਹ ਸਮਝਦੀ ਹੈ ਕਿ ਮੈਂ ਕਿਸੇ ਕੁੜੀ ਨਾਲ ਜੰਜੀਰਾ ਆਇਆ ਹੋਇਆ ਹਾਂ। ਕਮਰੇ ਦੇ ਕਿਰਾਏ ਦੇ ਕਿੰਨੇ ਪੈਸੇ ਬਣਦੇ ਹਨ, ਜੋ ਸਮੀਰਾ ਦੱਸਦੀ ਹੈ, ਉਹ ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ। ਮੈਂ ਆਪਣੇ ਪਰਸ ’ਚੋਂ ਕੁਝ ਨੋਟ ਕੱਢ ਕੇ ਆਪਣੀ ਹਥੇਲੀ ’ਤੇ ਰੱਖਦਾ ਹਾਂ ਅਤੇ ਹੱਥ ਉਸ ਵੱਲ ਵਧਾ ਦਿੰਦਾ ਹਾਂ। ਉਹ ਹੌਲੀ-ਹੌਲੀ ਕੁਝ ਨੋਟ ਚੁੱਕ ਲੈਂਦੀ ਹੈ। ਉਸ ਤੋਂ ਬਾਅਦ ਮੈਂ ਉਸ ਨੂੰ ਪੰਜਾਹ ਰੁਪਏ ਦਿੰਦਿਆਂ ਕਹਿੰਦਾ ਹਾਂ ਕਿ ਇਹ ਆਪਣੇ ਕੋਲ ਹੀ ਰੱਖ ਲਵੇ, ਆਪਣੀ ਮਾਂ ਨੂੰ ਨਾ ਦੇਵੇ। ਹੁਣ ਕਈ ਵਰ੍ਹੇ ਬੀਤ ਗਏ। ਕਦੇ ਕਦੇ ਫੁਰਸਤ ਦੇ ਪਲਾਂ ’ਚ, ਸ਼ਾਮ ਦੇ ਘੁਸਮੁਸੇ ’ਚ ਇਨ੍ਹਾਂ ਮਛੇਰਿਆਂ ਦੀਆਂ ਹਿੰਦ ਮਹਾਂਸਾਗਰ ’ਚ ਤੈਰਦੀਆਂ ਕੰਢੇ ਵੱਲ ਆ ਰਹੀਆਂ ਕਿਸ਼ਤੀਆਂ, ਹੱਥਾਂ ’ਚ ਟੋਕਰੀਆਂ ਫੜੀ ਸਾਗਰ ਕੰਢੇ ਖੜ੍ਹ ਕੇ ਉਨ੍ਹਾਂ ਦੀ ਉਡੀਕ ਕਰਦੀਆਂ ਸਿੱਧੀ ਔਰਤਾਂ, ਆਕਾਸ਼ ’ਚ ਚਿੱਟੇ ਚਿੱਟੇ ਬਗ਼ਲੇ ਉਡਾਰੀਆਂ ਮਾਰਦੇ, ਸਮੁੰਦਰ ਕੰਢੇ ਚਮਕਦੀ ਰੇਤ ਦਾ ਸੁਪਨਮਈ ਦ੍ਰਿਸ਼ ਅੱਖਾਂ ਸਾਹਮਣੇ ਘੁੁੰਮਣ ਲੱਗਦਾ ਹੈ। ਸਮੀਰਾ ਦੇ ਇਹ ਸ਼ਬਦ ਵੀ ਯਾਦ ਆਉਂਦੇ ਹਨ: ‘ਫੇਰ ਆਉਣਾ, ਆਪਣੇ ਬੀਵੀ ਬੱਚਿਆਂ ਨੂੰ ਲੈ ਕੇ…।’’