ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 27 ਅਗਸਤ
ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਲਵਾਉਣ ਦੇ ਨਾਂ ’ਤੇ ਦੋ ਜਣਿਆਂ ਨੇ ਮਾਨਵ ਚੌਕ ਨੇੜੇ ਇੱਕ ਸੀਐੱਚਸੀ ਸੈਂਟਰ ਦੇ ਪ੍ਰਬੰਧਕ ਕੋਲੋਂ 10 ਲੱਖ 65 ਹਜ਼ਾਰ ਰੁਪਏ ਠੱਗ ਲਏ ਹਨ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਅੰਬਾਲਾ ਸ਼ਹਿਰ ਪੁਲੀਸ ਨੇ ਰਾਜੇਸ਼ ਕੁਮਾਰ ਕਾਂਸਲ ਵਾਸੀ ਇਸਮਾਈਲਾਬਾਦ ਅਤੇ ਰਾਜੇਸ਼ ਕੁਮਾਰ ਸ਼ਰਮਾ ਵਾਸੀ ਬਰਵਾਲਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਐੱਚਸੀ ਪ੍ਰਬੰਧਕ ਬਲਵੰਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਰਾਜੇਸ਼ ਕੁਮਾਰ ਕਾਂਸਲ ਉਸ ਕੋਲ ਆਨਲਾਈਨ ਕੰਮ ਕਰਵਾਉਣ ਲਈ ਆਇਆ ਸੀ। ਉਸ ਨੇ ਦੱਸਿਆ ਕਿ ਉਹ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਲਗਵਾਉਣ ਦਾ ਕੰਮ ਕਰਦਾ ਹੈ ਅਤੇ ਜ਼ੀਰਕਪੁਰ ਦੇ ਰੰਜਨ ਪਲਾਜ਼ਾ ਵਿੱਚ ਉਸ ਦਾ ਦਫ਼ਤਰ ਹੈ। ਉਸ ਨੇ ਕਿਹਾ ਕਿ ਉਸ ਦੀਆਂ ਗੱਲਾਂ ਵਿੱਚ ਆ ਕੇ ਕੁਝ ਲੋਕਾਂ ਦੇ ਸਕੂਲ ਪ੍ਰਮਾਣ ਪੱਤਰ ਦੇ ਦਿੱਤੇ। ਇੱਕ ਵੇਰ ਫਿਰ ਕਥਿਤ ਦੋਸ਼ੀ ਉਸ ਦੇ ਸੈਂਟਰ ’ਤੇ ਆਇਆ ਅਤੇ ਪ੍ਰਮਾਣ ਪੱਤਰਾਂ ਦੀਆਂ ਫ਼ੋਟੋ ਕਾਪੀਆਂ ਇਹ ਕਹਿ ਕੇ ਲੈ ਗਿਆ ਕਿ ਇਨ੍ਹਾਂ ਸਭ ਲੋਕਾਂ ਨੂੰ ਉਹ 15 ਅਗਸਤ ਤੋਂ ਪਹਿਲਾਂ ਨੌਕਰੀ ਲਗਵਾ ਦੇਵੇਗਾ। ਕਾਗ਼ਜ਼ਾਂ ਦੇ ਨਾਲ ਉਹ 5 ਲੱਖ 15 ਹਜ਼ਾਰ ਰੁਪਏ ਵੀ ਲੈ ਗਿਆ ਅਤੇ ਰਕਮ ਦੇ ਬਦਲੇ ਇੱਕ ਚੈੱਕ ਦੇ ਗਿਆ। ਤਕਰੀਬਨ 4-5 ਮਹੀਨੇ ਬਾਅਦ ਰਾਜੇਸ਼ ਕੁਮਾਰ ਕਾਂਸਲ ਅਤੇ ਰਾਜੇਸ਼ ਕੁਮਾਰ ਸ਼ਰਮਾ ਆਏ ਅਤੇ 5 ਲੱਖ 50 ਹਜ਼ਾਰ ਰੁਪਏ ਹੋਰ ਲੈ ਕੇ ਫ਼ਰਜ਼ੀ ਜੁਆਇਨਿੰਗ ਪੱਤਰ ਦੇ ਗਏ। ਨਵੀਂ ਰਕਮ ਦੇ ਬਦਲੇ ਸ਼ਰਮਾ ਨੇ ਤਿੰਨ ਚੈੱਕ ਦਿੱਤੇ। ਜਦੋਂ ਉਨ੍ਹਾਂ ਜੁਆਇਨਿੰਗ ਪੱਤਰਾਂ ਬਾਰੇ ਪਤਾ ਕੀਤਾ ਤਾਂ ਸਾਰੇ ਜਾਅਲੀ ਨਿਕਲੇ। ਇਸ ਮੌਕੇ ਜਾਂਚ ਅਧਿਕਾਰੀ ਸੁਲਤਾਨ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।