ਸਤਪਾਲ ਰਾਮਗੜ੍ਹੀਆ
ਪਿਹੋਵਾ, 29 ਦਸੰਬਰ
ਕਸਬੇ ਦੇ ਇੱਕ ਕੀਟਨਾਸ਼ਕ ਵਿਕਰੇਤਾ ਦੇ ਗੋਦਾਮ ’ਤੇ ਛਾਪਾ ਮਾਰ ਕੇ ਖੇਤੀਬਾੜੀ ਵਿਭਾਗ ਦੀ ਟੀਮ ਨੇ 300 ਬੋਰੀਆਂ ਯੂਰੀਆ ਦੀਆਂ ਬਰਾਮਦ ਕੀਤੀਆਂ ਹਨ| ਕਿਸਾਨ ਯੂਨੀਅਨ ਨੇ ਵਿਕਰੇਤਾ ਦੇ ਗੋਦਾਮ ਵਿੱਚ ਯੂਰੀਆ ਦੀ ਮੌਜੂਦਗੀ ਦੀ ਸ਼ਿਕਾਇਤ ਵਿਭਾਗ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਐੱਸ.ਡੀ.ਓ ਨੇ ਪੁਲੀਸ ਟੀਮ ਨਾਲ ਗੋਦਾਮ ਦੀ ਚੈਕਿੰਗ ਕੀਤੀ ਤੇ 300 ਬੋਰੀਆਂ ਯੂਰੀਆ ਖਾਦ ਬਰਾਮ ਕੀਤੀ। ਐੱਸ.ਡੀ.ਓ ਮਨੀਸ਼ ਵਤਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕੀਟਨਾਸ਼ਕ ਵਿਕਰੇਤਾ ਦੇ ਗੋਦਾਮ ਵਿੱਚ ਭਾਰੀ ਮਾਤਰਾ ਵਿੱਚ ਯੂਰੀਆ ਜਮ੍ਹਾਂ ਹੈ, ਜਿਸ ਨੂੰ ਬਰਾਮਦ ਕੀਤਾ ਗਿਆ ਹੈ। ਕਿਸਾਨਾਂ ਨੂੰ ਸ਼ੱਕ ਹੈ ਕਿ ਇੱਥੋਂ ਖਾਦਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਕਿਸਾਨ ਯੂਨੀਅਨ ਦੇ ਆਗੂ ਪ੍ਰਿੰਸ ਵੜੈਚ ਨੇ ਦੋਸ਼ ਲਾਇਆ ਕਿ 3300 ਦੇ ਕਰੀਬ ਯੂਰੀਆ ਦੀਆਂ ਬੋਰੀਆਂ ਕਿਸਾਨਾਂ ਨੂੰ ਸਪਲਾਈ ਕਰਨ ਲਈ ਪਿਹੋਵਾ ਆਈਆਂ ਸਨ। ਜਿਸ ਵਿੱਚੋਂ 300 ਬੋਰੀਆਂ ਗੁਦਾਮ ਵਿੱਚ ਪਈਆਂ ਸਨ ਤੇ 1,500 ਦਾ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੇ ਰਾਤ ਸਮੇਂ ਇਸ ਗੋਦਾਮ ਵਿੱਚੋਂ ਮਾਲ ਦੀ ਵਿਕਰੀ ਹੁੰਦੀ ਵੇਖੀ ਸੀ। ਜਿਸ ਤੋਂ ਬਾਅਦ ਰਾਤ ਨੂੰ ਪੁਲੀਸ ਨੂੰ ਬੁਲਾ ਕੇ ਗੋਦਾਮ ਨੂੰ ਤਾਲਾ ਲਵਾਇਆ ਤੇ ਸਵੇਰੇ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਬੁਲਾ ਕੇ ਗੋਦਾਮ ਦੀ ਚੈਕਿੰਗ ਕਰਵਾਈ। ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਜਿਸ ਖਾਦ ਦੀ ਵਿਭਾਗ ਅਤੇ ਕਿਸਾਨ ਯੂਨੀਅਨ ਰਿਕਵਰੀ ਦੀ ਗੱਲ ਕਰ ਰਹੇ ਹਨ, ਉਹ ਵੀ ਰਿਕਾਰਡ ’ਤੇ ਹੈ। ਐੱਸ.ਡੀ.ਓ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।