ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 8 ਦਸੰਬਰ
ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਪਟਿਆਲਾ ਰੋਡ ’ਤੇ ਪਿਛਲੇ 43 ਸਾਲਾਂ ਤੋਂ ਨਾਜਾਇਜ਼ ਕਾਬਜ਼ ਟਰੱਕ ਯੂਨੀਅਨ ਤੋਂ ਭਾਰੀ ਪੁਲੀਸ ਬਲ ਦੀ ਤਾਇਨਾਤੀ ਵਿੱਚ ਕਬਜ਼ਾ ਲੈ ਲਿਆ ਹੈ। ਕਬਜ਼ਾ ਲੈਣ ਮੌਕੇ ਟਰੱਕ ਯੂਨੀਅਨ ਨੂੰ ਆਉਣ ਵਾਲੀ ਹਰ ਸੜਕ ’ਤੇ ਪੁਲੀਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। 6 ਏਕੜ ਵਿੱਚ ਫੈਲੀ ਟਰੱਕ ਯੂਨੀਅਨ ਵਿੱਚ ਕਬਜ਼ਾ ਲੈਣ ਲਈ 10 ਜੇਸੀਬੀ ਮਸ਼ੀਨਾਂ, 250 ਪੁਲੀਸ ਕਰਮਚਾਰੀਆਂ ਦੇ ਨਾਲ 2 ਉਪ ਪੁਲੀਸ ਕਪਤਾਨ ਅਤੇ 2 ਹੀ ਡਿਊਟੀ ਮੈਜਿਸਟਰੇਟ ਨਿਯੁਕਤ ਕੀਤੇ ਗਏ। ਪ੍ਰਸ਼ਾਸਨ ਵੱਲੋਂ ਮੌਕੇ ’ਤੇ ਇਕ ਡਾਕਟਰਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤਾਇਨਾਤ ਸਨ। ਇਸ ਮੌਕੇ ਟਰੱਕ ਯੂਨੀਅਨ ’ਚ ਨਵੇਂ ਉਸਾਰੇ ਗਏ ਸ਼ਿਵ ਮੰਦਰ ਅਤੇ ਟਰੱਕ ਯੂਨੀਅਨ ਦੀ ਇਮਾਰਤ ਨੂੰ ਜੇਸੀਬੀ ਮਸ਼ੀਨਾਂ ਦੇ ਨਾਲ ਢਾਹ ਦਿੱਤਾ ਗਿਆ। ਦੂਜੇ ਪਾਸੇ ਇਸ ਕਾਰਵਾਈ ਖ਼ਿਲਾਫ਼ ਟਰੱਕ ਯੂਨੀਅਨ ਦੇ ਲੋਕਾਂ ਨੇ ਹਰਿਆਣਾ ਸਰਕਾਰ ਅਤੇ ਵਿਧਾਇਕ ਈਸ਼ਵਰ ਸਿੰਘ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਅਤੇ ਅਣਮਿਥੇ ਸਮੇਂ ਲਈ ਯੂਨੀਅਨ ਵਾਲੀ ਥਾਂ ’ਤੇੇ ਧਰਨੇ ਉਤੇ ਬੈਠ ਗਏ।
ਟਰੱਕ ਯੂਨੀਅਨ ਨੇ ਵਿਧਾਇਕ ’ਤੇ ਦੋਸ਼ ਲਾਏ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਜੋ ਅੱਜ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਗਈ ਹੈ, ਇਹ ਸਾਰੀ ਕਾਰਵਾਈ ਗੂਹਲਾ ਦੇ ਵਿਧਾਇਕ ਈਸ਼ਵਰ ਸਿੰਘ ਨੇ ਆਪਣੀ ਖੁਣਸ ਕੱਢਣ ਦੇ ਲਈ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਵੱਲੋਂ ਕਰਵਾਈ ਗਈ ਇਸ ਕਾਰਵਾਈ ਦੇ ਕਾਰਨ 400 ਘਰਾਂ ਦੇ ਢਿੱਡ ਉਤੇ ਲੱਤ ਵੱਜੀ ਹੈ।
ਮਾਡਰਨ ਬੱਸ ਸਟੈਂਡ ਦਾ ਹੋਵੇਗਾ ਨਿਰਮਾਣ: ਵਿਧਾਇਕ
ਹਲਕਾ ਵਿਧਾਇਕ ਈਸ਼ਵਰ ਸਿੰਘ ਨੇ ਦੱਸਿਆ ਕਿ ਟਰੱਕ ਯੂਨੀਅਨ ਇਸ 6 ਏਕੜ ਥਾਂ ਉੱਤੇ ਪਿਛਲੇ 43 ਸਾਲਾਂ ਤੋਂ ਨਾਜਾਇਜ਼ ਕਾਬਜ਼ ਸੀ ਅਤੇ ਟਰੱਕ ਯੂਨੀਅਨ ਦੇ ਅਹੁਦੇਦਾਰਾਂ ਨੂੰ ਗੱਲਬਾਤ ਦੇ ਲਈ ਕਈ ਵਾਰੀ ਬੁਲਾਇਆ ਵੀ ਗਿਆ ਤੇ ਟਰੱਕ ਯੂਨੀਅਨ ਨੂੰ ਕਿਸੇ ਹੋਰ ਥਾਂ ’ਤੇ ਜਗ੍ਹਾ ਦੇਣ ਦੀ ਗੱਲ ਵੀ ਕਹੀ ਗਈ ਸੀ ਪਰ ਯੂਨੀਅਨ ਦੇ ਅਹੁਦੇਦਾਰ ਜਗ੍ਹਾ ਖਾਲੀ ਨਾ ਕਰਨ ਦੀ ਗੱਲ ’ਤੇ ਅੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ 6 ਏਕੜ ਜ਼ਮੀਨ ਵਿੱਚ ਗੂਹਲਾ ਦੇ ਲੋਕਾਂ ਦੀ ਸੁਵਿਧਾ ਦੇ ਲਈ ਇਕ ਮਾਡਰਨ ਬੱਸ ਸਟੈਂਡ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਦੀ ਹਰਿਆਣਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਵਿਧਾਇਕ ਨੇ ਦੱਸਿਆ ਕਿ ਫਿਰ ਵੀ ਟਰੱਕ ਯੂਨੀਅਨ ਨੂੰ ਕਿਸੇ ਹੋਰ ਪਾਸੇ ਜਗ੍ਹਾ ਦਿੱਤੀ ਜਾਵੇਗੀ।