ਨਿਜੀ ਪੱਤਰ ਪ੍ਰੇਰਕ
ਅੰਬਾਲਾ, 17 ਅਗਸਤ
ਅੰਬਾਲਾ ਦੇ ਸੈਨਾ ਨਗਰ ਵਿਚ ਚੋਰ ਕੁਰੀਅਰ ਕੰਪਨੀ ਦੇ ਗੋਦਾਮ ਦਾ ਕੈਰੀਅਰ ਤੋੜ ਕੇ 4.64 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਨਕਦੀ ਦੇ ਨਾਲ ਉਹ ਡੀਵੀਆਰ ਵੀ ਲੈ ਗਏ। ਸਵੇਰੇ ਗੋਦਾਮ ਪਹੁੰਚਣ ’ਤੇ ਚੋਰੀ ਦਾ ਪਤਾ ਲੱਗਾ। ਪੁਲੀਸ ਨੇ ਕੁਰੀਅਰ ਕੰਪਨੀ ਦੇ ਹੱਬ ਇੰਚਾਰਜ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਪਟੇਲ ਨਗਰ ਨਿਵਾਸੀ ਹਰਿੰਦਰ ਰਾਣਾ ਨੇ ਦੱਸਿਆ ਕਿ ਉਹ ਸੋਡਾ ਫੈਕਸ ਟੈਕਨਾਲੋਜੀ ਕੰਪਨੀ ਨਾਂ ਦੀ ਕੁਰੀਅਰ ਕੰਪਨੀ ਵਿਚ ਬਤੌਰ ਹੱਬ ਇੰਚਾਰਜ ਕੰਮ ਕਰਦਾ ਹੈ। ਕੰਪਨੀ ਦਾ ਦਫ਼ਤਰ ਸੈਨਾ ਨਗਰ ਧੂਲਕੋਟ ਵਿਚ ਸਥਿਤ ਹੈ। 12 ਤੋਂ 15 ਅਗਸਤ ਤੱਕ ਛੁੱਟੀ ਹੋਣ ਕਰਕੇ 4 ਲੱਖ 63 ਹਜ਼ਾਰ 846 ਦੀ ਨਕਦੀ ਜਮ੍ਹਾਂ ਨਹੀਂ ਸੀ ਹੋ ਸਕੀ ਜੋ ਉਸ ਨੇ ਕੰਪਨੀ ਦੇ ਦਫ਼ਤਰ ਦੇ ਲੌਕਰ ਵਿਚ ਰੱਖੀ ਸੀ। ਕੱਲ੍ਹ ਰਾਤ 9 ਵਜੇ ਦੇ ਕਰੀਬ ਉਹ ਦਫ਼ਤਰ ਬੰਦ ਕਰ ਕੇ ਗਏ ਸਨ। ਬੁੱਧਵਾਰ ਸਵੇਰੇ ਆ ਕੇ ਦੇਖਿਆ ਤਾਂ ਦਫ਼ਤਰ ਦਾ ਸ਼ਟਰ ਤੋੜਿਆ ਹੋਇਆ ਸੀ ਅਤੇ ਲੌਕਰ ਵਿਚੋਂ ਰਕਮ ਸਮੇਤ ਡੀਵੀਆਰ ਗ਼ਾਇਬ ਸੀ। ਪੁਲੀਸ ਨੇ ਇਸ ਸ਼ਿਕਾਇਤ ਦੇ ਅਧਾਰ ’ਤੇ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।