ਜਗਤਾਰ ਸਮਾਲਸਰ
ਏਲਨਾਬਾਦ, 26 ਅਕਤੂਬਰ
ਓਟੂ ਹੈੱਡ ਤੋਂ ਨਿਕਲਣ ਵਾਲੀ ਐਸਜੀਸੀ ਫਲੱਡੀ ਨਹਿਰ ਬੀਤੀ ਰਾਤ ਪਿੰਡ ਮਿਠੁਨਪੁਰਾ ਦੀ ਢਾਣੀ ਜੈਕਰਨ ਨੇੜੇ ਟੁੱਟ ਗਈ ਜਿਸ ਕਾਰਨ ਕਰੀਬ 400 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ। ਇਸ ਪਾਣੀ ਨਾਲ ਜਿੱਥੇ 50 ਏਕੜ ਦੇ ਕਰੀਬ ਖੜ੍ਹੀ ਝੋਨੇ ਦੀ ਪੱਕੀ ਫ਼ਸਲ ਖਰਾਬ ਹੋ ਗਈ ਹੈ ਉੱਥੇ ਹੀ ਕਰੀਬ 60 ਏਕੜ ਵਿੱਚ ਬੀਜੀ ਸਰ੍ਹੋਂ ਦੀ ਫ਼ਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਕਿਸਾਨਾਂ ਮੇਹਰ ਚੰਦ ਭਾਂਬੂ ਧਰਮਪਾਲ ਹਰਡੂ, ਅਮਿਤ ਕੁਮਾਰ, ਦਲੀਪ ਭਾਂਬੂ, ਮੇਘਰਾਮ ਸੋਲੰਕੀ, ਸੰਦੀਪ ਕੁਮਾਰ, ਅਨਿਲ ਹਰਡੂ, ਰਾਮ ਸਵਰੂਪ, ਧਰਮਵੀਰ, ਕੁਲਦੀਪ ਆਦਿ ਨੇ ਦੱਸਿਆ ਕਿ ਕਿਸਾਨਾਂ ਨੂੰ ਸਵੇਰੇ ਕਰੀਬ 3 ਵਜੇ ਨਹਿਰ ਟੁੱਟਣ ਦਾ ਪਤਾ ਲੱਗਾ ਜਿਸ ਤੋਂ ਬਾਅਦ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਓਟੂ ਹੈੱਡ ਤੋਂ ਨਹਿਰ ਨੂੰ ਬੰਦ ਕੀਤਾ ਗਿਆ ਪਰ ਪਾਣੀ ਜ਼ਿਆਦਾ ਹੋਣ ਅਤੇ ਨਹਿਰ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਨਹਿਰ ’ਚ ਪਾਣੀ ਰੋਕਣ ਵਿੱਚ ਕਾਫੀ ਸਮਾਂ ਲੱਗ ਗਿਆ। ਇਸ ਕਾਰਨ ਪਾੜ ਨੂੰ ਬੰਨਣ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਕਿਸਾਨਾਂ ਨੇ ਦੱਸਿਆ ਕਿ ਇਸ ਨਹਿਰ ਦੀ ਸਫ਼ਾਈ ਨਾ ਹੋਣ ਕਾਰਨ ਅਤੇ ਜ਼ਿਆਦਾ ਪਾਣੀ ਆਉਣ ਕਾਰਨ ਓਵਰਫਲੋ ਹੋ ਕੇ ਨਹਿਰ ਟੁੱਟੀ ਹੈ। ਨਹਿਰ ਟੁੱਟਣ ਕਾਰਨ ਢਾਣੀਆਂ ਦੇ ਰਸਤੇ ਬੰਦ ਹੋ ਗਏ ਹਨ। ਜਿਸ ਨਾਲ ਢਾਣੀਆਂ ਵਿੱਚ ਰਹਿਣ ਵਾਲੇ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਪਾਣੀ ਕਈ ਢਾਣੀਆਂ ਵਿੱਚ ਵੀ ਦਾਖਲ ਹੋ ਗਿਆ ਹੈ ਜਿਸ ਨਾਲ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਖੇਤਾਂ ਦੇ ਬੋਰਵੈੱਲਾਂ ਵਿੱਚ ਵੀ ਪਾਣੀ ਭਰਨ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਇਸ ਪਾਣੀ ਨਾਲ ਖਰਾਬ ਹੋਈਆਂ ਫ਼ਸਲਾਂ, ਘਰਾਂ ਅਤੇ ਬੋਰਵੈੱਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਵਿਭਾਗ ਦੇ ਜੇਈ
ਨਹਿਰੀ ਵਿਭਾਗ ਦੇ ਜੇਈ ਅਜੇ ਕੁਮਾਰ ਨੇ ਆਖਿਆ ਕਿ ਸੂਚਨਾ ਮਿਲਦਿਆਂ ਹੀ ਨਹਿਰ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਨਹਿਰ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅਤੇ ਨਹਿਰ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਨਹਿਰ ਨੂੰ ਬੰਨ੍ਹਣ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਹੁਣ ਦੋ ਜੇਸੀਬੀ ਮਸ਼ੀਨਾਂ ਅਤੇ ਟਰੈਕਟਰ-ਟਰਾਲੀਆਂ ਲਗਾ ਕੇ ਨਹਿਰ ਨੂੰ ਬੰਨ੍ਹਣ ਦਾ ਕੰਮ ਕੀਤਾ ਜਾ ਰਿਹਾ ਹੈ। ਨਹਿਰ ਵਿੱਚ ਲਗਾਤਾਰ ਪਾਣੀ ਚੱਲਣ ਕਾਰਨ ਨਹਿਰ ਦੀ ਸਫ਼ਾਈ ਨਹੀਂ ਹੋ ਸਕੀ। ਹੁਣ ਜਲਦੀ ਹੀ ਨਹਿਰ ਦੀ ਸਫ਼ਾਈ ਕਰਵਾਈ ਜਾਵੇਗੀ।