ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 12 ਜਨਵਰੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਕੁਰੂਕਸ਼ੇਤਰ ਵਿੱਚ ਸਵਾਮੀ ਵਿਵੇਕਾਨੰਦ ਦੀ ਜੈਯੰਤੀ ਮੌਕੇ ਸੂਬਾ ਪਧਰੀ ਵਿਵੇਕਾਨੰਦ ਯੁਵਾ ਮਹਾਸੰਮੇਲਨ ਵਿੱਚ ਪੁੱਜੇ ਅਤੇ ‘ਮਿਸ਼ਨ 60 ਹਜ਼ਾਰ’ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਮਿਸ਼ਨ 60 ਹਜ਼ਾਰ’ ਤਹਿਤ 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ 60 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਉਹ ਸੂਬੇ ਵਿੱਚੋਂ 7500 ਨੌਜਵਾਨਾਂ ਨੂੰ ‘ਵਣ ਮਿੱਤਰ’ ਬਣਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ 19ਵੀਂ ਸਦੀ ਵਿਚ ਦੇਸ਼ਵਾਸੀਆਂ ਵਿਚ ਸਵਾਭਿਮਾਨ ਅਤੇ ਮਾਣ ਦੀ ਲੋਅ ਜਗਾਈ ਅਤੇ ਉਨ੍ਹਾਂ ਸਵਾਮੀ ਜੀ ਦਾ ਜੀਵਨ ਸਾਰਿਆਂ ਲਈ ਪ੍ਰੇਰਣਾਦਾਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਰੁੱਪ ਸੀ ਅਤੇ ਡੀ ਦੇ 60 ਹਜ਼ਾਰ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਆਉਣ ਵਾਲੇ ਕੁੱਝ ਮਹੀਨੇ ਵਿਚ ਪੂਰੀ ਹੋਵੇਗੀ ਅਤੇ ਐੱਚਕੇਆਰਐੱਨ ਰਾਹੀਂ 15 ਹਜ਼ਾਰ ਕੰਟਰੈਕਟ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਉਦਯੋਗਿਕ ਸੰਸਥਾਵਾਂ ਲਈ 10 ਹਜ਼ਾਰ ਨੌਜਵਾਨਾਂ ਨੁੰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ, ਸੀਐੱਸਸੀ ਲਈ 7500 ਈ-ਸੇਵਾ ਮਿੱਤਰ ਨਿਯੁਕਤ ਕੀਤੇ ਜਾਣਗੇ ਅਤੇ ਵਿਦੇਸ਼ੀ ਸਹਿਯੋਗ ਵਿਭਾਗ ਰਾਹੀਂ 5 ਹਜ਼ਾਰ ਅਜਿਹੇ ਨੌਜਵਾਨਾਂ ਨੂੰ ਵਿਦੇਸ਼ ਵਿਚ ਰੁਜ਼ਗਾਰ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਸੰਸਦ ਮੈਂਬਰ ਅਤੇ ਭਾਜਪਾ ਸੂਬਾਈ ਪ੍ਰਧਾਨ ਨਾਇਬ ਸਿੰਘ ਸੈਨੀ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਸਰਸਵਤੀ ਵਾਟਿਕਾ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ‘ਤੇ ਤਿੰਨ ਪੜਾਆਂ ਵਿੱਚ 3.68 ਕਰੋੜ ਰੁਪਏ ਖਰਚ ਕੀਤੇ ਜਾਣਗੇ।