ਆਤਿਸ਼ ਗੁਪਤਾ
ਚੰਡੀਗੜ੍ਹ, 2 ਨਵੰਬਰ
ਮੁੱਖ ਅੰਸ਼
- ਪੰਚਕੂਲਾ ’ਚ ਸਭ ਤੋਂ ਵੱਧ 86.6 ਫ਼ੀਸਦ ਅਤੇ ਝੱਜਰ ’ਚ ਸਭ ਤੋਂ ਘੱਟ 76.5 ਫ਼ੀਸਦ ਵੋਟਿੰਗ ਹੋਈ
- 9 ਜ਼ਿਲ੍ਹਿਆਂ ਵਿੱਚ 2607 ਸਰਪੰਚਾਂ ਅਤੇ 25968 ਪੰਚਾਂ ਲਈ ਪਈਆਂ ਵੋਟਾਂ
ਹਰਿਆਣਾ ਵਿੱਚ ਪੰਚਾਇਤੀ ਚੋਣਾਂ ਦੇ ਪਹਿਲੇ ਗੇੜ ਤਹਿਤ 9 ਜ਼ਿਲ੍ਹਿਆਂ ਦੇ 2607 ਸਰਪੰਚਾਂ ਤੇ 25,968 ਪੰਚਾਂ ਦੀ ਚੋਣ ਲਈ ਵੋਟਿੰਗ ਦਾ ਅਮਲ ਅੱਜ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹਾ ਨੂਹ ’ਚ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਪੋਲਿੰਗ ਸਟੇਸ਼ਨ ’ਤੇ ਪਥਰਾਅ ਤੇ ਗੋਲੀ ਚੱਲਣ ਦੀਆਂ ਵੀ ਰਿਪੋਰਟਾਂ ਹਨ। ਉਂਜ ਪਹਿਲੇ ਗੇੜ ’ਚ 81 ਫੀਸਦ ਪੋਲਿੰਗ ਹੋਈ। ਪੋਲਿੰਗ ਮਗਰੋਂ ਦੇਰ ਸ਼ਾਮ ਵੋਟਾਂ ਦੀ ਗਿਣਤੀ ਦਾ ਅਮਲ ਵੀ ਸ਼ੁਰੂ ਹੋ ਗਿਆ। ਕੁੱਲ 22 ਜ਼ਿਲ੍ਹਿਆਂ ਵਿੱਚੋਂ ਜਿਨ੍ਹਾਂ 9 ਜ਼ਿਲ੍ਹਿਆਂ ’ਚ ਅੱਜ ਵੋਟਾਂ ਪਈਆਂ ਉਨ੍ਹਾਂ ਵਿੱਚ ਭਿਵਾਨੀ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂਹ, ਪੰਚਕੂਲਾ, ਪਾਣੀਪਤ ਅਤੇ ਯਮੁਨਾਨਗਰ ਸ਼ਾਮਲ ਹਨ। ਉਂਜ ਸਭ ਤੋਂ ਵੱਧ ਵੋਟਾਂ ਪੰਚਕੂਲਾ (86.6 ਫ਼ੀਸਦ) ਤੇ ਸਭ ਤੋਂ ਘੱਟ ਝੱਜਰ (76.6 ਫ਼ੀਸਦ) ਵਿੱਚ ਪਈਆਂ। ਇਸੇ ਤਰ੍ਹਾਂ ਯਮੁਨਾਨਗਰ ਵਿੱਚ 83.7 ਫ਼ੀਸਦ, ਪਾਣੀਪਤ 82.4 ਫ਼ੀਸਦ, ਨੂੰਹ 81 ਫ਼ੀਸਦ, ਭਿਵਾਨੀ 78.9 ਫ਼ੀਸਦ, ਜੀਂਦ 79.9 ਫ਼ੀਸਦ, ਕੈਥਲ 78 ਤੇ ਮਹਿੰਦਰਗੜ੍ਹ ਵਿੱਚ 80 ਫ਼ੀਸਦ ਵੋਟਾਂ ਪਈਆਂ।
ਜਾਣਕਾਰੀ ਅਨੁਸਾਰ ਸਰਪੰਚ ਅਤੇ ਪੰਚਾਂ ਦੀ ਚੋਣ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਹੋਈ, ਜਿਸ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਅੱਜ ਸਵੇਰ ਸਮੇਂ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਨੂਹ, ਕੈਥਲ, ਨਾਰਨੌਲ, ਝੱਜਰ, ਮੇਵਾਤ, ਮਹਿੰਦਰਗੜ੍ਹ, ਭਿਵਾਨੀ, ਜੀਂਦ ਦੇ ਵੱਖ-ਵੱਖ ਇਲਾਕਿਆਂ ਵਿੱਚ ਹਿੰਸਕ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ। ਜ਼ਿਲ੍ਹਾ ਨੂਹ ਦੇ ਪਿੰਡ ਚਾਂਦੜਾਕਾ ਵਿਖੇ ਪੋਲਿੰਗ ਸਟੇਸ਼ਨ ’ਤੇ ਪਥਰਾਅ ਹੋਇਆ। ਇਸ ਦੌਰਾਨ ਗੋਲੀ ਚੱਲਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇਸ ਹਿੰਸਕ ਝੜਪ ਦੌਰਾਨ ਇਕ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸੇ ਤਰ੍ਹਾਂ ਝੱਜਰ ਦੇ ਪਿੰਡ ਜਾਹਿਦਪੁਰ ਦੇ ਪੋਲਿੰਗ ਸਟੇਸ਼ਨ ’ਤੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਤੇ ਈਵੀਐੱਮ ਤੋੜ ਦਿੱਤੀ ਗਈ। ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਪੰਚਾਇਤਾਂ ਚੋਣਾਂ ਦੌਰਾਨ ਜ਼ਿਲ੍ਹਾ ਕੈਥਲ ਦੇ ਪਿੰਡ ਪਾਂਡਵਾਂ ਵਿੱਚ ਪੋਲਿੰਗ ਸਟੇਸ਼ਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰ ਲਿਆ ਗਿਆ, ਜਿਸ ਤੋਂ ਬਾਅਦ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਚੰਡੀਗੜ੍ਹ-ਹਿਸਾਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਇਸ ਤੋਂ ਇਲਾਵਾ ਵੀ ਹਰਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਹਿੰਸਕ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਧਰ ਹਰਿਆਣਾ ਦੇ ਚੋਣ ਅਧਿਕਾਰੀ ਅਤੇ ਪੁਲੀਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਸੂਬੇ ਵਿੱਚ ਸਰਪੰਚ ਅਤੇ ਪੰਚ ਦੀਆਂ ਚੋਣਾਂ ਦੇ ਪਹਿਲੇ ਗੇੜ ਵਿੱਚ ਇੱਕ ਦੋ ਘਟਨਾਵਾਂ ਨੂੰ ਛੱਡ ਕੇ ਚੋਣਾਂ ਸ਼ਾਂਤਮਈ ਢੰਗ ਨਾਲ ਹੋਈਆਂ ਹਨ।
ਦੱਸਣਾ ਬਣਦਾ ਹੈ ਕਿ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਤਿੰਨ ਗੇੜ ਵਿੱਚ ਸਿਰੇ ਚੜ੍ਹਨਗੀਆਂ। ਇਨ੍ਹਾਂ 9 ਜ਼ਿਲ੍ਹਿਆਂ ਵਿੱਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ 30 ਅਕਤੂਬਰ ਨੂੰ ਹੋ ਚੁੱਕੀਆਂ ਹਨ। ਸੂਬੇ ਵਿੱਚ ਕੁੱਲ 6220 ਗ੍ਰਾਮ ਪੰਚਾਇਤਾਂ ਹਨ, ਜਿੱਥੇ 6220 ਸਰਪੰਚ ਅਤੇ 61993 ਪੰਚਾਂ ਦੀ ਚੋਣ ਕੀਤੀ ਜਾਵੇਗੀ। ਜਦੋਂ ਕਿ ਸੂਬੇ ਵਿੱਚ ਪੰਚਾਇਤੀ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਦੂਜੇ ਗੇੜ ਦੀ ਵੋਟਿੰਗ 9 ਨਵੰਬਰ ਅਤੇ ਗਰਾਮ ਪੰਚਾਇਤਾਂ ਦੀ ਵੋਟਿੰਗ 12 ਨਵੰਬਰ ਨੂੰ ਹੋਵੇਗੀ। ਇਸੇ ਤਰ੍ਹਾਂ ਤੀਜੇ ਗੇੜ ਵਿੱਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 22 ਨਵੰਬਰ ਅਤੇ ਗਰਾਮ ਪੰਚਾਇਤਾਂ ਲਈ 25 ਨਵੰਬਰ ਨੂੰ ਵੋਟਿੰਗ ਹੋਵੇਗੀ। ਸੂਬੇ ਵਿੱਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਦੀ ਗਿਣਤੀ 27 ਨਵੰਬਰ ਨੂੰ ਕੀਤੀ ਜਾਵੇਗੀ।
ਜੀਂਦ ਦੇ 4 ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ
ਜੀਂਦ ਦੇ 4 ਪਿੰਡਾਂ ਨੇ ਅੱਜ ਚੋਣਾਂ ਦਾ ਬਾਈਕਾਟ ਕੀਤਾ। ਇਨ੍ਹਾਂ ਵਿੱਚ ਪਿੰਡ ਚਾਬਰੀ, ਭਿੜਤਾਨਾ, ਰੋਜਖੇੜਾ ਅਤੇ ਫਰੈਣ ਖੁਰਦ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਰਾਜਨੀਤਕ ਪਾਰਟੀਆਂ ਵੱਲੋਂ ਪਿੰਡ ਵਾਸੀਆਂ ਦੀ ਅਣਦੇਖੀ ਕਰਨ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਦੇ ਰੋਸ ਵਜੋਂ ਚੋਣਾਂ ਤੋਂ ਦੂਰੀ ਬਣਾ ਕੇ ਰੱਖੀ।