ਰਤਨ ਸਿੰਘ ਢਿੱਲੋਂ
ਅੰਬਾਲਾ, 11 ਫਰਵਰੀ
ਜ਼ਿਲ੍ਹੇ ਦੇ ਮੁਲਾਣਾ ਹਲਕੇ ਦੇ ਇਕ ਪਿੰਡ ਵਿਚ ਦੋ ਨਸ਼ੇੜੀ ਨੌਜਵਾਨਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਵੇਰਵਿਆਂ ਅਨੁਸਾਰ ਮੋਟਰਸਾਈਕਲ ਸਵਾਰ ਦੋ ਨੌਜਵਾਨ 85 ਸਾਲਾਂ ਦੀ ਬਿਰਧ ਔਰਤ ਨੂੰ ਉਸ ਦਾ ਮੂੰਹ ਬੰਨ੍ਹ ਕੇ ਚੁੱਕ ਕੇ ਖੇਤਾਂ ਵਿੱਚ ਲੈ ਗਏ ਅਤੇ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਪੀੜਤ ਔਰਤ ਦਾ ਕਹਿਣਾ ਹੈ ਕਿ ਉਹ ਲੜਕਿਆਂ ਨੂੰ ਨਹੀਂ ਪਹਿਚਾਣਦੀ ਅਤੇ ਦੋਵੇਂ ਨਸ਼ੇ ਦੀ ਹਾਲਤ ਵਿਚ ਸਨ। ਘਟਨਾ ਵਾਲੀ ਸ਼ਾਮ ਔਰਤ ਘਰੋਂ ਥੋੜ੍ਹੀ ਦੂਰ ਸੜਕ ਦੇ ਕਿਨਾਰੇ ਖੜ੍ਹੀ ਹੋ ਕੇ ਪਸ਼ੂਆਂ ਨੂੰ ਪੈਲੀ ਵਿਚ ਵੜਨ ਤੋਂ ਰੋਕ ਰਹੀ ਸੀ। ਉਸੇ ਸਮੇਂ ਬਾਈਕ ਸਵਾਰ ਦੋ ਨੌਜਵਾਨ ਆਏ ਅਤੇ ਉਸ ਦਾ ਮੂੰਹ ਬੰਨ੍ਹ ਕੇ ਕੁਝ ਦੂਰ ਖੇਤਾਂ ਵਿਚ ਲੈ ਗਏ। ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਖੇਤ ਵਿਚੋਂ ਔਰਤ ਦੀ ਸ਼ਾਲ, ਚੱਪਲ ਅਤੇ ਜੁਰਾਬਾਂ ਬਰਾਮਦ ਕੀਤੀਆਂ ਗਈਆਂ ਹਨ। ਮੌਕੇ ਤੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਔਰਤ ਕਿਸੇ ਤਰ੍ਹਾਂ ਗੁਆਂਢੀਆਂ ਦੇ ਘਰ ਪਹੁੰਚੀ ਅਤੇ ਉਥੋਂ ਕੱਪੜੇ ਲੈ ਕੇ ਪਾਏ। ਘਟਨਾ ਐਤਵਾਰ ਸ਼ਾਮ 8 ਵਜੇ ਦੀ ਹੈ। ਮੁਲਾਣਾ ਪੁਲੀਸ ਨੇ ਮਾਨਸਿਕ ਤੌਰ ’ਤੇ ਔਰਤ ਦੇ ਸੰਭਲਣ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ ਹਨ। ਪੁਲੀਸ ਅਨੁਸਾਰ ਜਲਦੀ ਹੀ ਪੀੜਤ ਔਰਤ ਦਾ ਮੈਡੀਕਲ ਕਰਵਾਇਆ ਜਾਵੇਗਾ ਤੇ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਆਰੰਭੀ ਜਾਵੇਗੀ ਤੇ ਛਾਪੇ ਮਾਰੇ ਜਾਣਗੇ।