ਪੱਤਰ ਪ੍ਰੇਰਕ
ਟੋਹਾਣਾ, 17 ਫਰਵਰੀ
ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸੁਰਿੰਦਰ ਕੁਮਾਰ ਦੀ ਅਦਾਲਤ ਨੇ ਢਾਣੀ ਬੱਬਨਪੁਰ ਦੇ ਭੀਮ ਸੈਨ ਦੀ ਗੋਲੀ ਮਾਰ ਕੇ ਕਤਲ ਕਰ ਕੇ ਉਸ ਕੋਲੋਂ 22 ਲੱਖ ਨਕਦੀ ਲੁੱਟ ਲੈਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਨਾਮਜ਼ਦ 14 ਮੁਲਜ਼ਮਾਂ ’ਚੋਂ 9 ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਅਤੇ 30-30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਜਮ੍ਹਾ ਕਰਾਉਣ ਦੀ ਹਾਲਤ ਵਿੱਚ ਇਕ-ਇਕ ਸਾਲ ਦੀ ਕੈਦ ਹੋਰ ਭੁਗਤਨੀ ਪਵੇਗੀ। ਅਦਾਲਤ ਵੱਲੋਂ ਮੁਜ਼ਫ਼ਰਪੁਰ ਦੇ ਮਨੋਜ, ਵਿਜੈ, ਅਜਮਲ ਖਾਂ, ਕਾਲੂ ਤੇ ਜੀਂਦ ਦਾ ਸੁਨੀਲ, ਧਰਮਪਾਲ, ਧਾਰਸੁਲਕਲਾਂ ਦੇ ਰਮੇਸ਼, ਭੀਮਪਾਲ ਤੇ ਕੈਥਲ ਦੇ ਚਰਨਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਲੁੱਟ ਤੇ ਕਤਲ ਦੇ ਮਾਮਲੇ ਵਿੱਚ ਮੁਜ਼ਫ਼ਰਪੁਰ ਦੇ ਸੁਰਿੰਦਰ, ਜੀਂਦ ਦੇ ਕ੍ਰਿਸ਼ਨ, ਧਾਰਸੁਲਕਲਾਂ ਦੇ ਨਾਇਬ ਸਿੰਘ, ਜੀਵਨ ਸਿੰਘ, ਲੈਹਰੀਆਂ ਦੇ ਸੰਤਲਾਲ ਨੂੰ ਸ਼ੱਕ ਦੇ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਪੁਲੀਸ ਚਲਾਨ ਮੁਤਾਬਕ 18 ਜਨਵਰੀ 2011 ਨੂੰ ਦੋਸ਼ੀਆਂ ਦੇ ਗਰੋਹ ਨੇ ਢਾਣੀ ਲਾਂਬਾ ਤੇ ਰੰਗੋਈ ਨਾਲ ਦੇ ਵਿਚਕਾਰ ਕਾਰ ਵਿੱਚ ਸਵਾਰ ਭੀਮ ਸੈਨ ਤੇ ਤਿੰਨ ਸਾਥੀਆਂ ਨੂੰ ਟੱਕਰ ਮਾਰੀ। ਕਾਰ ਖਤਾਨਾ ਵਿੱਚ ਜਾ ਡਿੱਗੀ ਤਾਂ ਭੀਮ ਸੈਨ ਨੂੰ ਗੋਲੀ ਮਾਰ ਕੇ 22 ਲੱਖ ਦੀ ਨਕਦੀ ਵਾਲਾ ਥੈਲਾ ਖੋਹਕੇ ਫ਼ਰਾਰ ਹੋ ਗਏ ਸਨ। ਅਦਾਲਤ ਵਿੱਚ ਦਸ ਸਾਲ ਕੇਸ ਚੱਲਿਆ ਤੇ ਬੀਤੀ ਸ਼ਾਮ ਅਦਾਲਤ ਨੇ ਫ਼ੈਸਲਾ ਸੁਣਾਇਆ।