ਪ੍ਰਭੂ ਦਿਆਲ
ਸਿਰਸਾ, 16 ਅਪਰੈਲ
ਹਾਈ ਕੋਰਟ ਦੇ ਆਦੇਸ਼ਾਂ ’ਤੇ ਥੇੜ੍ਹ ਤੋਂ ਉਜਾੜ ਕੇ ਹੁੱਡਾ ਸੈਕਟਰ 19 ਦੇ ਫਲੈਟਾਂ ’ਚ ਵਸਾਏ ਗਏ ਕਰੀਬ ਨੌਂ ਸੌ ਪਰਿਵਾਰਾਂ ਨੂੰ ਪੀਣ ਦਾ ਪਾਣੀ ਤੇ ਹੋਰ ਬੁਨਿਆਦੀ ਸੁਵਿਧਾਵਾਂ ਨਾ ਮਿਲਣ ’ਤੇ ਅੱਜ ਉੱਥੇ ਰਹਿੰਦੇ ਲੋਕਾਂ ਨੇ ਮੁੱਖ ਗੇਟ ਨੂੰ ਜਿੰਦਰਾ ਲਾ ਦਿੱਤਾ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਾਣੀ ਮੁਹੱਈਆ ਨਾ ਹੋਣ ਤੱਕ ਲੋਕ ਮੁੱਖ ਗੇਟ ਦਾ ਜਿੰਦਰਾ ਨਾ ਖੋਲ੍ਹਣ ’ਤੇ ਬਜ਼ਿੱਦ ਰਹੇ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੀਣ ਦਾ ਪਾਣੀ ਨਹੀਂ ਸਪਲਾਈ ਹੋ ਰਿਹਾ। ਇਸ ਸਬੰਧੀ ਅਧਿਕਾਰੀਆਂ ਨੂੰ ਕਈ ਵਾਰ ਦੱਸਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਾ ਤਾਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਹੋ ਰਹੀਆਂ ਹਨ ਅਤੇ ਨਾ ਹੀ ਉਨ੍ਹਾਂ ਦੇ ਬੱਚਿਆਂ ਲਈ ਨੇੜੇ ਕੋਈ ਸਕੂਲ ਹੈ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਪਾਣੀ ਪਾਣੀ ਦੀ ਮੰਗ ’ਤੇ ਅੜੇ ਰਹੇ।