ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 26 ਅਕਤੂਬਰ
ਇਥੇ ਠੱਗੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੇ ਇਕ ਗਾਹਕ ਨੇ ਨਵੇਂ ਅੰਦਾਜ਼ ਵਿਚ ਆਪਣੇ ਹੀ ਖਾਤੇ ਵਿਚ ਦੋ ਚੈੱਕ ਲਾ ਕੇ ਬੈਂਕ ਨਾਲ 90 ਹਜ਼ਾਰ ਦੀ ਠੱਗੀ ਮਾਰ ਲਈ। ਪਤਾ ਲੱਗਣ ’ਤੇ ਬੈਂਕ ਕਰਮਚਾਰੀਆਂ ਨੇ ਗਾਹਕ ਨਾਲ ਸੰਪਰਕ ਕੀਤਾ ਤਾਂ ਉਹ 90 ਹਜ਼ਾਰ ਵਾਪਸ ਕਰਨ ਦਾ ਵਾਅਦਾ ਕਰਕੇ ਮੁੱਕਰ ਗਿਆ ਅਤੇ ਹੁਣ ਉਸ ਨੇ ਆਪਣਾ ਫੋਨ ਬੰਦ ਕਰ ਲਿਆ ਹੈ। ਅੰਬਾਲਾ ਕੈਂਟ ਪੁਲੀਸ ਨੇ ਐਕਸਿਸ ਬੈਂਕ ਦੇ ਡਿਪਟੀ ਮੈਨੇਜਰ ਅਨਿਲ ਨਿਝਾਵਨ ਦੀ ਸ਼ਿਕਾਇਤ ’ਤੇ ਰਾਜਬੀਰ ਸਿੰਘ ਨਿਵਾਸੀ ਪਿੰਡ ਡੁਗਰਾ ਜ਼ਿਲ੍ਹਾ ਕਰਨਾਲ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਨਿਲ ਨਿਝਾਵਨ ਨੇ ਸ਼ਿਕਾਇਤ ਵਿਚ ਦੱਸਿਆ ਕਿ 21 ਅਕਤੂਬਰ ਨੂੰ ਬੈਂਕ ਦਾ ਕੈਸ਼ੀਅਰ ਛੁੱਟੀ ’ਤੇ ਸੀ ਅਤੇ ਉਸ ਦੀ ਥਾਂ ਉਹ ਡਿਊਟੀ ਦੇ ਰਿਹਾ ਸੀ। ਇਸ ਮੌਕੇ ਰਾਜਬੀਰ ਆਇਆ ਅਤੇ 90 ਹਜ਼ਾਰ ਰੁਪਏ ਕਢਵਾਉਣ ਲਈ ਸੈਲਫ ਪੇਮੈਂਟ ਦਾ ਚੈੱਕ ਦਿੱਤਾ। ਭੀੜ ਜ਼ਿਆਦਾ ਹੋਣ ਕਰਕੇ ਉਸ ਨੇ ਚੈੱਕ ਵੈਰੀਫਿਕੇਸ਼ਨ ’ਤੇ ਲਾਇਆ ਅਤੇ ਇਸ ਦੌਰਾਨ ਰਕਮ ਰਾਜਬੀਰ ਨੂੰ ਦੇ ਦਿੱਤੀ। ਰਾਜਬੀਰ ਚੈੱਕ ਵੈਰੀਫਿਕੇਸ਼ਨ ਤੋਂ ਪਹਿਲਾਂ ਹੀ ਬੈਂਕ ਵਿਚੋਂ ਬਾਹਰ ਚਲਾ ਗਿਆ ਅਤੇ ਐਕਸਿਸ ਬੈਂਕ ਦੀ ਟਿੰਬਰ ਮਾਰਕੀਟ ਸ਼ਾਖ਼ਾ ਵਿਚ ਜਾ ਕੇ 90 ਹਜ਼ਾਰ ਰੁਪਏ ਦਾ ਚੈੱਕ ਸੈਲਫ ਪੇਮੈਂਟ ਲਈ ਲਾ ਕੇ ਉੱਥੋਂ ਵੀ ਰਕਮ ਕਢਵਾ ਲਈ। ਰਾਜਬੀਰ ਦੇ ਖਾਤੇ ਵਿਚ ਕੁਲ 92 ਹਜ਼ਾਰ 300 ਰੁਪਏ ਸਨ ਅਤੇ ਉਹ ਚਲਾਕੀ ਨਾਲ ਦੋਹਾਂ ਸ਼ਾਖ਼ਾਵਾਂ ਵਿਚੋਂ 1 ਲੱਖ 80 ਹਜ਼ਾਰ ਰੁਪਏ ਕਢਵਾ ਕੇ ਲੈ ਗਿਆ।