ਰਤਨ ਸਿੰਘ ਢਿੱਲੋਂ
ਅੰਬਾਲਾ, 18 ਨਵੰਬਰ
22 ਵਿਅਕਤੀਆਂ ਦੀ ਮੌਤ ਦਾ ਕਾਰਨ ਬਣੀ ਜ਼ਹਿਰੀਲੀ ਸ਼ਰਾਬ ਜਿਸ ਨਾਜਾਇਜ਼ ਫੈਕਟਰੀ ਵਿੱਚ ਤਿਆਰ ਕੀਤੀ ਗਈ ਸੀ, ਅੱਜ ਉਸ ਫੈਕਟਰੀ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ। ਇਸ ਸਬੰਧ ਵਿੱਚ ਵੱਡੀ ਕਾਰਵਾਈ ਕਰਦਿਆਂ ਪ੍ਰਸ਼ਾਸਨ ਸਵੇਰੇ ਭਾਰੀ ਪੁਲੀਸ ਫੋਰਸ ਲੈ ਕੇ ਧਨੌਰਾ ਅਤੇ ਬਿੰਜਲਪੁਰ ਪਿੰਡਾਂ ਵਿਚਾਲੇ ਖੇਤਾਂ ਵਿੱਚ ਬਣੀ ਨਾਜਾਇਜ਼ ਫੈਕਟਰੀ ’ਤੇ ਪਹੁੰਚਿਆ ਅਤੇ ਇਸ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ। ਇਸ ਮੌਕੇ ਡੀਐੱਸਪੀ ਬਰਾੜਾ ਅਨਿਲ ਕੁਮਾਰ ਅਤੇ ਮੁਲਾਣਾ ਐੱਸਐੱਚਓ ਸੁਰਿੰਦਰ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਮੌਜੂਦ ਰਹੇ।
ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਸੀ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਅੰਬਾਲਾ ਅਤੇ ਯਮੁਨਾਨਗਰ ਜ਼ਿਲ੍ਹੇ ਦੀਆਂ ਦੋ ਵਿਸ਼ੇਸ਼ ਟੀਮਾਂ (ਸਿਟ) ਜਾਂਚ ਕਰ ਰਹੀਆਂ ਹਨ ਅਤੇ ਇਸ ਮਾਮਲੇ ਵਿੱਚ ਜਿਸ ਕਿਸੇ ਦੀ ਸ਼ਮੂਲੀਅਤ ਮਿਲੇਗੀ ਉਸ ਖ਼ਿਲਾਫ਼ ਬੁਲਡੋਜ਼ਰ ਦੀ ਕਾਰਵਾਈ ਜਾਵੇਗੀ। ਸਭ ਤੋਂ ਪਹਿਲਾਂ ਪੁਲੀਸ ਨੇ ਬੁੱਲਡੋਜ਼ਰ ਦੀ ਕਾਰਵਾਈ ਨਾਜਾਇਜ਼ ਫੈਕਟਰੀ ’ਤੇ ਕੀਤੀ ਹੈ। ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਗੈਂਗਸਟਰ ਮੋਨੂੰ ਰਾਣਾ ਨੇ ਧਨੌਰਾ ਦੇ ਫੈਕਟਰੀ ਮਾਲਕ ਉੱਤਮ ਅਤੇ ਪੁਨੀਤ ਨੂੰ ਕਹਿ ਕੇ ਇਹ ਨਾਜਾਇਜ਼ ਫੈਕਟਰੀ ਮਾਸਟਰਮਾਈਂਡ ਅੰਕਿਤ ਉਰਫ਼ ਮੋਗਲੀ ਨੂੰ ਦਿਵਾਈ ਸੀ।