ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਅਕਤੂਬਰ
ਅੰਬਾਲਾ ਰੇਂਜ ਦੇ ਏਡੀਜੀਪੀ ਦੀ ਅੰਬਾਲਾ ਕੈਂਟ ਸਥਿਤ ਕੋਠੀ ਵਿੱਚ ਬਣੇ ਕਮਰੇ ਵਿੱਚ ਸ਼ਰਾਬ ਪੀਣ ਦੇ ਦੋਸ਼ ਹੇਠ 3 ਪੁਲੀਸ ਮੁਲਾਜ਼ਮਾਂ ਸਮੇਤ 5 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਏਐੱਸਆਈ ਜਗਦੀਪ ਸਿੰਘ ਦੀ ਸ਼ਿਕਾਇਤ ਤੇ ਪੰਜਾਬ ਐਕਸਾਈਜ਼ ਐਕਟ ਦੀ ਧਾਰਾ 72-ਸੀ (ਬੀ) ਅਤੇ 451 ਦੇ ਤਹਿਤ ਅੰਬਾਲਾ ਕੈਂਟ ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਜਗਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਸੀ ਕਿ ਏਡੀਜੀਪੀ ਦੀ ਕੋਠੀ ਵਿਚਲੇ ਸੰਤਰੀ ਦੀ ਪੋਸਟ ਦੇ ਨਾਲ ਬਣੇ ਕਮਰੇ ਵਿੱਚ 5 ਨੌਜਵਾਨ ਸ਼ਰਾਬ ਪੀ ਰਹੇ ਹਨ। ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਹੈੱਡ ਕਾਂਸਟੇਬਲ ਸਤਬੀਰ ਸਿੰਘ (ਤਾਇਨਾਤ ਵਿਦੇਸ਼ ਮੰਤਰਾਲਾ ਦਿੱਲੀ) ਨਿਵਾਸੀ ਪਿੰਡ ਮੌਹੜਾ (ਅੰਬਾਲਾ), ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ (ਤਾਇਨਾਤ ਐੱਸਟੀਐੱਫ ਅੰਬਾਲਾ), ਹੈੱਡ ਕਾਂਸਟੇਬਲ ਦਲਵੀਰ ਸਿੰਘ ਨਿਵਾਸੀ ਕੁਰਬਾਨਪੁਰ (ਅੰਬਾਲਾ ਸ਼ਹਿਰ) , ਰਵਿੰਦਰ ਕੁਮਾਰ ਨਿਵਾਸੀ ਮੌਹੜਾ ਅਤੇ ਵਿਨੋਦ ਕੁਮਾਰ ਨਿਵਾਸੀ ਵੀਟਾ ਕਾਲੋਨੀ ਅੰਬਾਲਾ ਸ਼ਹਿਰ ਸ਼ਰਾਬ ਪੀ ਰਹੇ ਸਨ। ਪੁਲੀਸ ਮੁਲਾਜ਼ਮਾਂ ਨੇ ਸਭ ਦੇ ਨਾਂ ਅਤੇ ਪਤੇ ਲਿਖ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।