ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਜਨਵਰੀ
ਅੰਬਾਲਾ ਕੈਂਟ ਪੁਲੀਸ ਨੇ ਟੇਪਲਾ ਪਿੰਡ ਦੇ ਸਾਬਕਾ ਫੌਜੀ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਇੰਡਸਇੰਡ ਬੈਂਕ ਅੰਬਾਲਾ ਕੈਂਟ ਸ਼ਾਖ਼ਾ ਦੇ ਮੈਨੇਜਰ ਪੰਕਜ ਮਾਟਾ ਅਤੇ ਕਰਮਚਾਰੀ ਨਿਖਿਲ ਕੁਮਾਰ ਖ਼ਿਲਾਫ਼ ਧਾਰਾ 406/420 ਅਤੇ 120ਬੀ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭੁਪਿੰਦਰ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਫੌਜ ਵਿਚੋਂ ਸੇਵਾ ਮੁਕਤ ਹੋਇਆ ਸੀ ਅਤੇ ਉਸ ਦੀ ਪੈਨਸ਼ਨ ਤੇ ਹੋਰ ਰਕਮਾਂ ਸਟੇਟ ਬੈਂਕ ਵਿਚ ਜਮ੍ਹਾਂ ਸਨ। ਇੰਡਸਇੰਡ ਬੈਂਕ ਦੇ ਮੈਨੇਜਰ ਨੇ ਆਪਣੇ ਸਾਥੀ ਕਰਮਚਾਰੀ ਨਾਲ ਸਾਜਿਸ਼ ਰਚ ਕੇ ਉਸ ਨੂੰ 8.25 ਫੀਸਦੀ ਵਿਆਜ ਦੇਣ ਦਾ ਝਾਂਸਾ ਦੇ ਕੇ ਉਸ ਦੀਆਂ ਐੱਫਡੀਆਰ ਅਤੇ ਹੋਰ ਪੈਸਾ ਆਪਣੀ ਸ਼ਾਖ਼ਾ ਵਿਚ ਟਰਾਂਸਫਰ ਕਰਵਾ ਲਿਆ ਅਤੇ ਦੋਵਾਂ ਨੇ ਮਿਲ ਕੇ ਉਸ ਨਾਲ 6 ਲੱਖ 75 ਹਜ਼ਾਰ ਦੀ ਠੱਗੀ ਮਾਰੀ ਹੈ। ਭੁਪਿੰਦਰ ਸਿੰਘ ਅਨੁਸਾਰ ਉਸ ਦੇ ਚੈੱਕਾਂ ਦਾ ਵੀ ਗ਼ਲਤ ਇਸਤੇਮਾਲ ਕੀਤਾ ਗਿਆ ਅਤੇ ਜਦੋਂ ਰੌਲਾ ਪਿਆ ਤਾਂ ਨਿਖਿਲ ਨੇ ਚਾਰ ਹਜ਼ਾਰ ਰੁਪਏ ਦੇ ਚੈੱਕ ਜਾਰੀ ਕੀਤੇ। ਭੁਪਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਕਿ ਦੋਵਾਂ ਨੇ ਉਸ ਦੇ ਬੇਟੇ ਨੂੰ ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਵੀ ਤਿੰਨ ਲੱਖ ਰੁਪਏ ਦੀ ਠੱਗੀ ਮਾਰੀ ਹੈ। ਡੀਐੱਸਪੀ ਅੰਬਾਲਾ ਕੈਂਟ ਵੱਲੋਂ ਬਾਕਾਇਦਾ ਜਾਂਚ ਮਗਰੋਂ ਐੱਫਆਈਆਰ ਦਰਜ ਕੀਤੀ ਗਈ ਹੈ।