ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 5 ਨਵੰਬਰ
ਪਿੰਡ ਘਾਸਵਾ ਵਿਚ ਦੀਵੇ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸ ਝਗੜੇ ਵਿਚ ਗੁਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਥੋਂ ਡਾਕਟਰਾਂ ਨੇ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।
ਜ਼ਖ਼ਮੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਗੁਆਂਢ ਵਿਚ ਉਸ ਦੇ ਤਾਏ ਦੇ ਲੜਕੇ ਬਲਜੀਤ ਸਿੰਘ ਦਾ ਘਰ ਹੈ, ਜਿਸ ਦੀ ਕੰਧ ਉਨ੍ਹਾਂ ਦੇ ਘਰ ਨਾਲ ਲੱਗਦੀ ਹੈ। ਬੀਤੀ ਰਾਤ ਕਰੀਬ 7 ਵਜੇ ਜਦੋਂ ਉਹ ਅਤੇ ਉਸ ਦੀ ਪਤਨੀ ਜਸਦੀਪ ਕੌਰ ਘਰ ਦੀ ਛੱਤ ’ਤੇ ਦੀਵਾ ਜਲਾ ਰਹੇ ਸੀ ਤਾਂ ਉਸ ਦੇ ਤਾਏ ਦੇ ਲੜਕੇ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਨੇ ਹੇਠੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਉਨ੍ਹਾਂ ਨਾਲ ਗੱਲ ਕਰਨ ਲਈ ਗਲੀ ਵਿਚ ਆਇਆ ਤਾਂ ਬਲਜੀਤ ਸਿੰਘ ਨੇ ਆਪਣੇ ਹੱਥ ਵਿਚ ਫੜੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਦੋਵਾਂ ਨੇ ਉਸ ਦੀ ਕੁੱਟਮਾਰ ਕੀਤੀ। ਕਾਫੀ ਰੌਲਾ ਪੈਣ ਕਾਰਨ ਗੁਆਂਢੀਆਂ ਨੂੰ ਆਉਂਦਾ ਦੇਖ ਕੇ ਦੋਵੇਂ ਹੀ ਧਮਕੀ ਦੇ ਕੇ ਘਰ ਚਲੇ ਗਏ। ਬਾਅਦ ਵਿਚ ਉਸ ਦੇ ਚਾਚੇ ਦੇ ਲੜਕੇ ਰਣਜੀਤ ਸਿੰਘ ਨੇ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਜਿੱਥੋਂ ਡਾਕਟਰਾਂ ਨੇ ਅਗਰੋਹਾ ਮੈਡੀਕਲ ਰੈਫਰ ਕਰ ਦਿੱਤਾ। ਹੁਣ ਫਤਿਆਬਾਦ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਗੁਰਦੀਪ ਸਿੰਘ ਦੀ ਸ਼ਿਕਾਇਤ ’ਤੇ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।