ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 3 ਨਵੰਬਰ
ਇੱਥੇ ਰਤੀਆ ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਪੁਲੀਸ ਨੇ ਖੇਤੀ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਤਿੰਨ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਸਦਰ ਥਾਣਾ ਪੁਲੀਸ ਨੇ ਖੇਤੀ ਵਿਭਾਗ ਦੇ ਅਧਿਕਾਰੀ ਸੰਦੀਪ ਸੇਠੀ ਦੀ ਸ਼ਿਕਾਇਤ ’ਤੇ ਪਿੰਡ ਕਲੰਦਰਗੜ੍ਹ ਦੇ ਕਿਸਾਨ ਮਿੱਠੂ ਸਿੰਘ ਖ਼ਿਲਾਫ਼ ਕੇੇਸ ਦਰਜ ਕਰਦੇ ਹੋਏ ਦੱਸਿਆ ਕਿ ਬੀਤੇ ਦਿਨ ਵਿਭਾਗ ਦੇ ਜੀਪੀਐੱਸ ਲੋਕੇਸ਼ਨ ਤਹਿਤ ਉਨ੍ਹਾਂ ਦੀ ਟੀਮ ਨੇ ਪਿੰਡ ਕਲੰਦਰਗੜ੍ਹ ਦਾ ਦੌਰਾ ਕੀਤਾ। ਇਸ ਦੌਰਾਨ ਪਤਾ ਲੱਗਿਆ ਕਿ ਪਿੰਡ ਦੇ ਮਿੱਠੂ ਸਿੰਘ ਨੇ ਪਰਾਲੀ ਨੂੰ ਸਾੜਿਆ ਹੋਇਆ ਸੀ। ਇਸ ਕਾਰਨ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਮਗਰੋਂ ਟੀਮ ਨੇ ਇਸੇ ਪਿੰਡ ਦੇ ਬੁੱਧ ਰਾਮ ਖਿਲਾਫ਼ ਵੀ ਕੇਸ ਦਰਜ ਕਰਵਾਇਆ ਹੈ। ਹੋਰ ਮਾਮਲੇ ਵਿੱਚ ਖੇਤੀ ਨਿਰੀਖਕ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਭੂੰਦੜਵਾਸ ਦੇ ਕਿਸਾਨ ਰਾਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਬੰਧਤ ਅਧਿਕਾਰੀ ਨੇ ਵੀ ਆਪਣੀ ਰਿਪੋਰਟ ਵਿਚ ਦੱਸਿਆ ਕਿ ਬੀਤੇ ਦਿਨ ਜੀਪੀਐੱਸ ਲੋਕੇਸ਼ਨ ਤਹਿਤ ਉਨ੍ਹਾਂ ਦੀ ਪੂਰੀ ਟੀਮ ਨੇ ਹੀ ਘਟਨਾ ਸਥਾਨ ਦਾ ਦੌਰਾ ਕੀਤਾ ਸੀ ਅਤੇ ਇਸ ਤਹਿਤ ਪਾਇਆ ਗਿਆ ਸੀ ਕਿ ਪਿੰਡ ਭੂੰਦੜਵਾਸ ਦੇ ਰਾਜਿੰਦਰ ਸਿੰਘ ਨੇ ਆਪਣੇ ਖੇਤ ਵਿਚ ਝੋਨੇ ਦੀ ਫਸਲ ਤੋਂ ਬਚੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਹੋਈ ਸੀ। ਸਦਰ ਥਾਣਾ ਪੁਲੀਸ ਨੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਖੇਤੀ ਵਿਭਾਗ ਦੇ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ’ਤੇ 3 ਕਿਸਾਨਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।