ਏਲਨਾਬਾਦ (ਪੱਤਰ ਪ੍ਰੇਰਕ): ਸ਼ਹਿਰ ਦੇ ਵਾਰਡ ਨੰਬਰ 15 ਵਿੱਚੋਂ ਇੱਕ 32 ਸਾਲਾ ਔਰਤ ਆਪਣੀ 11 ਸਾਲ ਦੀ ਧੀ ਸਮੇਤ ਗੁੰਮ ਹੋ ਗਈ। ਪੀੜਤ ਹਨੂੰਮਾਨ ਦਾਸ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਹ ਆਪਣੀ ਪਤਨੀ ਸ਼ੈਲਜਾ ਅਤੇ ਆਪਣੀ ਧੀ ਲਛਮੀ ਨਾਲ ਪਿੰਡ ਮੁਖਨਪੁਰ ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਵਿਖੇ ਦੀਪੂ ਪੁੱਤਰ ਮੁੱਖ ਰਾਮ, ਵਿਨੋਦ ਪੁੱਤਰ ਕਾਲੂ ਰਾਮ ਅਤੇ ਕਾਲੂ ਰਾਮ ਪੁੱਤਰ ਰਾਮ ਲਾਲ ਕੋਲ ਮਜ਼ਦੂਰੀ ਕਰਨ ਲਈ ਗਿਆ ਸੀ। ਉਪਰੋਕਤ ਲੋਕ ਉਸ ਦੀ ਪਤਨੀ ਅਤੇ ਲੜਕੀ ਨੂੰ ਦੋ ਮਹੀਨੇ ਪਹਿਲਾਂ ਵੀ ਵਰਗਲਾ ਕੇ ਰਾਜਸਥਾਨ ਲੈ ਗਏ ਸਨ। ਬਾਅਦ ਵਿੱਚ ਪੰਚਾਇਤ ਕਰਕੇ ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ ਸੀ। ਹੁਣ 15 ਜੁਲਾਈ ਨੂੰ ਜਦੋਂ ਉਹ ਦਿਹਾੜੀ ਕਰਨ ਲਈ ਗਿਆ ਹੋਇਆ ਸੀ ਤਾਂ ਇਹ ਤਿੰਨੋਂ ਉਸ ਦੀ ਪਤਨੀ ਸ਼ੈਲਜਾ ਅਤੇ ਧੀ ਲਛਮੀ ਨੂੰ ਫਿਰ ਅਗਵਾ ਕਰਕੇ ਲੈ ਗਏ ਹਨ। ਪੁਲੀਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।