ਪੱਤਰ ਪ੍ਰੇਰਕ
ਪਾਤੜਾਂ, 12 ਅਗਸਤ
ਪਿੰਡ ਸ਼ੁਤਰਾਣਾ ਦੇ ਮੁਸਲਿਮ ਭਾਈਚਾਰੇ ਨੂੰ ਇਬਾਦਤ ਕਰਨ ਲਈ ਮਸਜਿਦ ਮਿਲਣ ਨਾਲ ਮੁਸਲਿਮ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਵਾਸੀਆਂ ਤੇ ਪੰਚਾਇਤ ਨੇ ਖਸਤਾ ਹਾਲ ਮਸਜਿਦ ਦੀ ਮੁਰੰਮਤ ਕਰਵਾ ਕੇ ਮੁਸਲਮਾਨ ਭਾਈਚਾਰੇ ਨੂੰ ਸੌਂਪੀ ਹੈ। ਇਸ ਮੌਕੇ ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਮੁਸਲਮਾਨ ਭਾਈਚਾਰੇ ਨੂੰ ਮੁਬਾਰਕ ਦਿੰਦਿਆਂ ਪਿੰਡ ਵਾਸੀਆਂ ਵੱਲੋਂ ਭਾਈਚਾਰਕ ਸਾਂਝ ਕਾਇਮ ਰੱਖਣ ’ਤੇ ਧੰਨਵਾਦ ਕੀਤਾ। ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸ਼ੁਤਰਾਣਾ ਨਿਵਾਸੀਆਂ ਨੇ ਕਈ ਸੌ ਸਾਲ ਪੁਰਾਣੀ ਮਸਜਿਦ ਆਬਾਦ ਕਰ ਕੇ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਦੀ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਜਦੋਂ ਤੱਕ ਇਹ ਏਕਤਾ ਕਾਇਮ ਰਹੇਗੀ, ਉਦੋਂ ਤੱਕ ਦੇਸ਼ ਅਤੇ ਪੰਜਾਬ ’ਤੇ ਮੈਲੀ ਅੱਖ ਰੱਖਣ ਵਾਲਿਆਂ ਦੀ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਗੇ। ਦਿਲਬਰ ਖਾਨ ਤੇ ਖੁਸ਼ਨਸੀਬ ਖਾਨ ਨੇ ਪਿੰਡ ਵਾਸੀਆਂ ਤੇ ਪੰਚਾਇਤ ਦਾ ਧੰਨਵਾਦ ਕੀਤਾ।