ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਜਨਵਰੀ
ਕਿਸਾਨ ਅੰਦੋਲਨ ਨੂੰ ਫਿਰ ਤੋਂ ਗਤੀ ਦੇਣ ਲਈ ਪਿੰਡ ਮਹੂਆਖੇੜੀ ਤੋਂ ਅੱਜ ਫਿਰ ਕਿਸਾਨਾਂ ਦਾ ਇਕ ਜਥਾ ਪ੍ਰਦੀਪ ਮਲਿਕ ਦੀ ਅਗਵਾਈ ਵਿਚ ਦਿੱਲੀ ਰਵਾਨਾ ਹੋਇਆ। ਕਿਸਾਨਾਂਂ ਨੇ ਕਿਹਾ ਕਿ ਗਣਤੰਤਰ ਦਿਵਸ ’ਤੇ ਲਾਲ ਕਿਲ੍ਹੇ ਵਿਚ ਹੋਈ ਘਟਨਾ ਬੇਹੱਦ ਨਿੰਦਨਯੋਗ ਹੈ ਪਰ ਇਹ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਰਚੀ ਗਈ ਸੋਚੀ ਸਮਝੀ ਸਾਜ਼ਿਸ਼ ਦਾ ਹੀ ਇਕ ਹਿੱਸਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਘਿਣਾਉਣੀ ਹਰਕਤ ਕਰਨ ਵਾਲੇ ਦੇਸ਼ ਧ੍ਰੋਹੀ ਲੋਕਾਂ ਨੂੰ ਜਲਦ ਬੇਨਕਾਬ ਕਰ ਕੇ ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਦਿੱਲੀ ਜਾ ਰਹੇ ਕਿਸਾਨਾਂ ਨੇ ਆਪਣੀਆਂ ਗੱਡੀਆਂ ’ਤੇ ਰਾਸ਼ਟਰੀ ਝੰਡਾ ਵੀ ਲਾਇਆ ਹੋਇਆ ਸੀ। ਉਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਤੋਂ ਇਲਾਵਾ ਕੇਂਦਰ ਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪ੍ਰਦੀਪ ਮਲਿਕ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨ ਅੰਦੋਲਨ ਜਾਰੀ ਰਹੇਗਾ ਤੇ ਸਰਕਾਰ ਦੀ ਤਾਨਾਸ਼ਾਹੀ ਦਾ ਇਸ ਅੰਦੋਲਨ ’ਤੇ ਕੋਈ ਅਸਰ ਨਹੀਂ ਪਵੇਗਾ। ਸਰਕਾਰ ਕਿਸਾਨਾਂ ਖਿਲਾਫ਼ ਜਿੰਨੇ ਮਰਜ਼ੀ ਹੱਥ ਕੰਡੇ ਅਪਨਾ ਲਵੇ ਪਰ ਦੇਸ਼ ਦਾ ਕਿਸਾਨ ਆਪਣਾ ਅੰਦੋਲਨ ਖੇਤੀ ਕਾਨੂੰਨਾਂ ਨੂੰ ਵਾਪਸ ਹੋਣ ਤੱਕ ਜਾਰੀ ਰੱਖੇਗਾ। ਮਲਿਕ ਨੇ ਕਿਹਾ ਕਿ ਦਿੱਲੀ ਬਾਰਡਰ ’ਤੇ ਪੁਲੀਸ ਕਿਸਾਨਾਂ ਨਾਲ ਆਪਣਾ ਤਾਨਾਸ਼ਾਹੀ ਰਵੱਈਆਂ ਬੰਦ ਕਰੇ। ਸਰਕਾਰ ਵੱਲੋਂ ਬਾਰਡਰ ’ਤੇ ਕਿਸਾਨਾਂ ਦਾ ਪਾਣੀ ਬਿਜਲੀ ਬੰਦ ਕਰਨਾ ਮਾੜੀ ਸੋਚ ਦਾ ਪ੍ਰਗਟਾਵਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤਿੰਨੇ ਖੇਤੀ ਕਾਨੂੰਨ ਵਾਪਸ ਲਵੇ ਤਾਂ ਜੋ ਸਰਕਾਰ ਤੇ ਕਿਸਾਨਾਂ ਵਿਚਲਾ ਟਕਰਾਅ ਖਤਮ ਹੋ ਸਕੇ। ਇਸ ਮੌਕੇ ਜੌਨੀ ਮਲਿਕ, ਮਹਿੰਦਰ ਸਿੰਘ, ਚਰਣ ਸਿੰਘ, ਪਵਨ ਮਲਿਕ , ਤੇਜਬੀਰ, ਰਾਮ ਸਿੰਘ, ਰਿੰਕੂ ਆਦਿ ਕਿਸਾਨ ਮੌਜੂਦ ਸਨ।