ਰਤੀਆ (ਪੱਤਰ ਪ੍ਰੇਰਕ): ਪਿੰਡ ਘਾਸਵਾ ਕੋਲ ਅੱਜ ਦੁਪਹਿਰ ਪਰਾਲੀ ਨਾਲ ਭਰੀ ਇਕ ਟਰੈਕਟਰ-ਟਰਾਲੀ ਵਿਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਟਰੈਕਟਰ ਟਰਾਲੀ ਤੇ ਸਵਾਰ ਚਾਲਕ ਅਤੇ ਸਹਿਯੋਗੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਦੇ ਕੁੱਝ ਸਮੇਂ ਬਾਅਦ ਹੀ ਫਾਇਰ ਬ੍ਰਿਗੇਡ ਦੀ ਗੱਡੀ ਤੇ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਟਰੈਕਟਰ ਚਾਲਕ ਨੂੰ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਘਾਸਵਾ ਵਾਸੀ ਸਤਨਾਮ ਸਿੰਘ ਆਪਣੀ ਟਰੈਕਟਰ ਟਰਾਲੀ ’ਤੇ ਪਿੰਡ ਰੂਪਾ ਵਾਲੀ ਤੋਂ ਪਿੰਡ ਨਥਵਾਨ ਵਿਚ ਪਰਾਲੀ ਨਾਲ ਬਣੀਆਂ ਗੰਢਾਂ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਘਾਸਵਾ ਕੋਲ ਪਹੁੰਚਿਆ ਤਾਂ ਟਰੈਕਟਰ ਟਰਾਲੀ ਨੂੰ ਸੜਕ ਉਪਰ ਲਟਕ ਰਹੀਆਂ ਢਿੱਲੀਆਂ ਤਾਰਾਂ ਛੂਹ ਗਈਆਂ ਅਤੇ ਉਸ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਕਾਰਨ ਪੂਰੀ ਟਰਾਲੀ ਸੜ ਕੇ ਸੁਆਹ ਹੋ ਗਈ। ਪੁਲੀਸ ਅਧਿਕਾਰੀ ਹਰੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਚਕੂਲਾ ਹੈੱਡਕੁਆਰਟਰ ਤੋਂ ਟਰਾਲੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਅੱਗ ਨਾਲ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।