ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਨਵੰਬਰ
ਬਾਬੈਨ ਦੀ ਨਿਰੰਕਾਰੀ ਕਲੋਨੀ ਤੋਂ ਇਕ ਲੁਟੇਰਾ ਦਿਨ ਦਿਹਾੜੇ ਹੀ ਆਪਣੇ ਘਰ ਦੇ ਬਾਹਰ ਗਲੀ ਵਿਚ ਬੈਠੀ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਝਪਟ ਕੇ ਫ਼ਰਾਰ ਹੋ ਗਿਆ। ਥਾਣਾ ਇੰਚਾਰਜ ਬਾਬੈਨ ਰਾਜਪਾਲ ਤੇ ਸੀਆਈਏ ਦੀ ਟੀਮ ਦੇ ਸਬ ਇੰਸਪੈਕਟਰ ਪ੍ਰੇਮ ਚੰਦ ਸ਼ਰਮਾ ਵੀ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਪੀੜਤ ਮਹਿਲਾ ਈਸ਼ਰੋ ਦੇਵੀ ਪਤਨੀ ਹੰਸ ਰਾਜ ਤੋਂ ਵੀ ਲੁਟੇਰੇ ਬਾਰੇ ਜਾਣਕਾਰੀ ਲਈ ਤੇ ਨੇੜਲੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ। ਨਿਰੰਕਾਰੀ ਕਲੋਨੀ ਨਿਵਾਸੀ ਈਸ਼ਰੋ ਦੇਵੀ ਆਪਣੀ ਧੀ ਤੇ ਨੂੰਹ ਨਾਲ ਆਪਣੇ ਘਰ ਦੇ ਬਾਹਰ ਗਲੀ ਵਿਚ ਧੁੱਪ ਵਿਚ ਬੈਠੀਆਂ ਸਨ। ਇਸੇ ਦੌਰਾਨ ਇੱਕ ਨੌਜਵਾਨ ਸਪਲੈਂਡਰ ਮੋਟਰਸਾਈਕਲ ’ਤੇ ਆਇਆ ਤੇ ਉਸ ਨੇ ਮੋਟਰਸਾਈਕਲ ਰੋਕ ਕੇ ਮੋਟਰਸਾਈਕਲ ਵਿਚ ਕੱਪੜਾ ਫਸਣ ਦਾ ਨਾਟਕ ਕੀਤਾ । ਬਾਦ ਵਿਚ ਉਹ ਔਰਤ ਕੋਲ ਆਇਆ ਤੇ ਗਲੇ ਵਿਚ ਪਈ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਿਆ। ਇਸ ਦੌਰਾਨ ਔਰਤਾਂ ਨੇ ਰੌਲਾ ਵੀ ਪਾਇਆ ਪਰ ਉਦੋਂ ਤੱਕ ਲੁਟੇਰਾ ਫ਼ਰਾਰ ਹੋ ਚੁੱਕਿਆ ਸੀ। ਪੁਲੀਸ ਨੇ ਕੇਸ ਦਰਜ ਕਰ ਅਣਪਛਾਤੇ ਲੁਟੇਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।