ਪ੍ਰਭੂ ਦਿਆਲ
ਸਿਰਸਾ, 9 ਜੂਨ
ਲੋਕ ਸਭਾ ਹਲਕਾ ਸਿਰਸਾ ਤੋਂ ਸੰਸਦ ਮੈਂਬਰ ਚੁਣੀ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸੂਬੇ ਭਰ ’ਚ ਬਿਜਲੀ ਅਤੇ ਪਾਣੀ ਦੀ ਵੱਡੀ ਕਿੱਲਤ ਬਣੀ ਹੋਈ ਹੈ। ਕਹਿਰ ਦੀ ਗਰਮੀ ’ਚ ਲੋਕਾਂ ਨੂੰ ਪੀਣ ਦੇ ਪਾਣੀ ਲਈ ਮੁੱਲ ਦੇ ਕੇਂਟਰ ਮੰਗਵਾਉਣੇ ਪੈ ਰਹੇ ਹਨ। ਜਿਹੜੀ ਸਰਕਾਰ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਨਹੀਂ ਕਰਵਾ ਸਕਦੀ ਉਸ ਨੂੰ ਸੱਤਾ ’ਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਇੱਕ ਪਾਸੇ ਸੂਬਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਸ ਕੋਲ ਲੋੜੀਂਦੀ ਬਿਜਲੀ ਹੈ, ਦੂਜੇ ਪਾਸੇ ਸੂਬੇ ਭਰ ਵਿੱਚ ਬਿਜਲੀ ਦਾ ਸੰਕਟ ਬਇਆ ਹੋਇਆ ਹੈ। ਦਿਨ ਤੇ ਰਾਤ ਭਰ ਅਣ-ਐਲਾਨੇ ਕੱਟ ਲਾਏ ਜਾ ਰਹੇ ਹਨ। ਲੋਕ ਪੈ ਰਹੀ ਕਹਿਰ ਦੀ ਗਰਮੀ ’ਚ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਲੋਕ 600 ਤੋਂ 800 ਰੁਪਏ ਪ੍ਰਤੀ ਟੈਂਕਰ ਦੇ ਹਿਸਾਬ ਨਾਲ ਪਾਣੀ ਖਰੀਦ ਕੇ ਗੁਜ਼ਾਰਾ ਕਰ ਰਹੇ ਹਨ। ਜਿਸ ਸਰਕਾਰ ਦੇ ਲੋਕ ਪਾਣੀ ਖਰੀਦ ਕੇ ਪੀਣ ਲਈ ਮਜਬੂਰ ਹਨ, ਉਸ ਸਰਕਾਰ ਨੂੰ ਇੱਕ ਪਲ ਲਈ ਵੀ ਸੱਤਾ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ’ਚ ਤਾਂ ਲੋਕਾਂ ਲਈ ਇਹ ਸੁਪਨਾ ਬਣ ਗਿਆ ਹੈ। ਬਿਜਲੀ ਦੇ ਅਣਐਲਾਨੇ ਕਟਾਂ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦਾ ਇਨ੍ਹਾਂ ਲੋਕ ਸਭਾ ਚੋਣਾਂ ’ਚ ਸੁਨੇਹਾ ਦੇ ਦਿੱਤਾ ਹੈ ਕਿ ਜੇਕਰ ਸਰਕਾਰ ਪਾਣੀ ਤੇ ਬਿਜਲੀ ਮੁਹੱਈਆ ਨਹੀਂ ਕਰਵਾ ਸਕਦੀ ਤਾਂ ਉਹ ਇਸ ਨੂੰ ਵੋਟ ਨਹੀਂ ਪਾਉਣਗੇ। ਸਿਰਸਾ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਲੋਕਾਂ ਨੇ ਬਿਜਲੀ ਸਪਲਾਈ ਦੇ ਸੰਕਟ ਕਾਰਨ ਚੋਣਾਂ ਵਿੱਚ ਵੀ ਵੋਟਾਂ ਦਾ ਬਾਈਕਾਟ ਕੀਤਾ ਸੀ, ਇਸ ਤੋਂ ਵੱਡੀ ਸਰਕਾਰ ਲਈ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ।