ਜਗਤਾਰ ਸਮਾਲਸਰ
ਏਲਨਾਬਾਦ, 31 ਜੁਲਾਈ
ਪੈਰਿਸ ਓਲੰਪਿਕ ਵਿੱਚ ਮਹਿਲਾ ਤੀਰਅੰਦਾਜ਼ੀ ਦੇ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਏਲਨਾਬਾਦ ਦੀ ਤੀਰਅੰਦਾਜ਼ ਭਜਨ ਕੌਰ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰੀ-ਕੁਆਰਟਰ ਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰਨ ਦੀ ਖ਼ੁਸ਼ੀ ਵਿੱਚ ਭਜਨ ਕੌਰ ਦੇ ਘਰ ਖੁਸ਼ੀ ਦਾ ਮਾਹੌਲ ਹੈ। ਭਜਨ ਕੌਰ ਦੇ ਪਰਿਵਾਰ ਨੂੰ ਰਿਸ਼ਤੇਦਾਰ ਅਤੇ ਇਲਾਕੇ ਦੇ ਪਤਵੰਤੇ ਲਗਾਤਾਰ ਵਧਾਈਆਂ ਦੇ ਕੇ ਭਜਨ ਕੌਰ ਵੱਲੋਂ ਓਲੰਪਿਕ ਵਿੱਚ ਤਗ਼ਮਾ ਜਿੱਤਣ ਲਈ ਦੁਆਵਾਂ ਕਰ ਰਹੇ ਹਨ। ਪੈਰਿਸ ਵਿਖੇ ਭਜਨ ਕੌਰ ਕੋਲ ਪਹੁੰਚੇ ਉਸ ਦੇ ਪਿਤਾ ਭਗਵਾਨ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਧੀ ਨੇ ਪ੍ਰੀ-ਕੁਆਰਟਰ ਫਾਈਨਲ ਤੱਕ ਪਹੁੰਚਣ ਲਈ ਜਿਸ ਖੇਡ ਦਾ ਪ੍ਰਦਰਸ਼ਨ ਕੀਤਾ ਹੈ, ਉਸ ’ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਜਨ ਕੌਰ ਦੇਸ਼ ਲਈ ਤਗ਼ਮਾ ਜਿੱਤੇਗੀ। ਭਜਨ ਕੌਰ ਦੀ ਮਾਤਾ ਪ੍ਰੀਤਪਾਲ ਕੌਰ ਨੇ ਕਿਹਾ ਕਿ ਭਜਨ ਕੌਰ ਦੇ ਮੈਚ ਦੌਰਾਨ ਉਹ ਕਾਫ਼ੀ ਭਾਵੁਕ ਹੋ ਗਏ ਸਨ ਤੇ ਉਸ ਦੀ ਜਿੱਤ ਲਈ ਲਗਾਤਾਰ ਦੁਆਵਾਂ ਕਰ ਰਹੇ ਸਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਜਨ ਕੌਰ ਦੀ ਮਿਹਨਤ ਪੈਰਿਸ ਓਲੰਪਿਕ ਵਿੱਚ ਰੰਗ ਲਿਆਵੇਗੀ। ਇਸ ਦੌਰਾਨ ਭਜਨ ਕੌਰ ਦੇ ਤਾਇਆ, ਤਾਈ, ਭਰਾ ਅਤੇ ਭੈਣਾਂ ਨੇ ਵੀ ਉਸ ਦੀ ਦੀ ਜਿੱਤ ਲਈ ਦੁਆਵਾਂ ਕੀਤੀਆਂ। ਭਜਨ ਕੌਰ ਦਾ ਅਗਲਾ ਮੁਕਾਬਲਾ ਹੁਣ ਤਿੰਨ ਅਗਸਤ ਨੂੰ ਹੋਵੇਗਾ।