ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 30 ਜੁਲਾਈ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਝੀਂਡਾ ਗਰੁਪ ਦੀ ਬੈਠਕ ਕੈਥਲ ਦੇ ਨਿਜੀ ਹੋਟਲ ਵਿੱਚ ਹੋਈ । ਇਸ ਵਿੱਚ ਕਮੇਟੀ ਦੇ 36 ਵਿੱਚੋਂ 20 ਮੈਂਬਰ ਹਾਜ਼ਰ ਰਹੇ। ਇਸ ਮੌਕੇ ਸਾਰਿਆਂ ਨੇ ਇੱਕਜੁਟਤਾ ਨਾਲ ਫ਼ੈਸਲਾ ਲੈਂਦੇ ਹੋਏ 13 ਅਗਸਤ ਨੂੰ ਕਮੇਟੀ ਲਈ ਪ੍ਰਧਾਨ ਅਹੁਦੇ ਦੀ ਚੋਣ ਨੂੰ ਲੈ ਕੇ ਜਸਵੀਰ ਸਿੰਘ ਖਾਲਸਾ ਨੂੰ ਆਪਣਾ ਉਮੀਦਵਾਰ ਨਿਯੁਕਤ ਕੀਤਾ । ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੂਬਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਸਿਹਤ ਦੇ ਚਲਦੇ ਉਨ੍ਹਾਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਕਿਹਾ ਕਿ 13 ਅਗਸਤ ਨੂੰ ਕੁੱਲ 36 ਮੈਂਬਰ ਇਸ ਚੋਣ ਵਿੱਚ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਤਿੰਨ-ਚਾਰ ਹੋਰ ਮੈਬਰਾਂ ਦਾ ਵੀ ਉਨ੍ਹਾਂ ਨੂੰ ਸਮਰਥਨ ਹੈ , ਜੋ ਕਿਸੇ ਕਾਰਨ ਬੈਠਕ ਵਿੱਚ ਨਹੀਂ ਪੁੱਜ ਸਕੇ। ਸ੍ਰੀ ਝੀਂਡਾ ਨੇ ਕਿਹਾ ਕਿ ਪੰਜਾਬ ਦੇ ਕਈ ਲੋਕ ਉਨ੍ਹਾਂ ਨੂੰ ਫੋਨ ’ਤੇ ਸਰਬਸੰਮਤੀ ਨਾਲ ਚੋਣ ਕਰਾਉਣ ਲਈ ਦਬਾਅ ਪਾ ਰਹੇ ਹਨ , ਪਰ ਉਹ ਕਿਸੇ ਵੀ ਪ੍ਰਕਾਰ ਦੇ ਦਬਾਅ ਵਿੱਚ ਆਉਣ ਵਾਲੇ ਨਹੀਂ ਹਨ । ਮੀਟਿੰਗ ਵਿੱਚ ਝੀਂਡਾ ਤੋਂ ਬਿਨਾਂ ਜੋਗਾ ਸਿੰਘ ਯਮੁਨਾਨਗਰ , ਹਰਪਾਲ ਸਿੰਘ ਪਾਲੀ ਅੰਬਾਲਾ, ਅਮਰੀਕ ਸਿੰਘ ਅੰਬਾਲਾ, ਜਗਦੇਵ ਸਿੰਘ ਮਠਾੜੂ ਡਬਵਾਲੀ , ਹਰਪ੍ਰੀਤ ਸਿੰਘ ਨਰੂਲਾ ਕਰਨਾਲ , ਅਵਤਾਰ ਸਿੰਘ ਚੱਕੂ , ਬਲਦੇਵ ਸਿੰਘ, ਬਲਵਾਨ ਸੀਵਨ, ਮਨਜੀਤ ਸਿੰਘ, ਬਲੀ ਫੌਜੀ , ਹਰਭਜਨ ਸਿੰਘ , ਸੁਰਿੰਦਰ ਸਿੰਘ ਸ਼ਾਹ , ਗੁਰਮੀਤ ਸਿੰਘ , ਸਰਵਣ ਸਿੰਘ ਰਤੀਆ , ਜਸਵਿੰਦਰ ਸਿੰਘ , ਜਸਵੀਰ ਸਿੰਘ ਖਾਲਸਾ , ਸਤਪਾਲ ਪਿਹੋਵਾ , ਬੀਬੀ ਰਾਣਾ ਭੱਠੀ, ਹਾਕਮ ਸਿੰਘ ਕੇਸਰੀ ਮੌਜੂਦ ਰਹੇ । ਉਧਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਦਾਦੂਵਾਲ ਧੜੇ ਦੀ ਬੈਠਕ 2 ਅਗਸਤ ਨੂੰ ਹੋਣੀ ਜਾ ਰਹੀ ਹੈ ।