ਸਰਬਜੋਤ ਸਿੰਘ ਦੁੱਗਲ/ਸਤਨਾਮ ਸਿੰਘ
ਕੁਰੂਕਸ਼ੇਤਰ/ਸ਼ਾਹਬਾਦ, 3 ਨਵੰਬਰ
ਇੱਥੇ ਬੀਤੀ ਦੇਰ ਰਾਤ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਨਿਊ ਸੁਖਦੇਵ ਢਾਬੇ ਨੇੜੇ ਚੱਲਦੀ ਅਰਟਿਗਾ ਕਾਰ ਵਿੱਚ ਸਪਾਰਕਿੰਗ ਕਾਰਨ ਅੱਗ ਲੱਗ ਗਈ। ਇਸ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ। ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਨੇੜਲੇ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਸੰਦੀਪ ਕੁਮਾਰ (37), ਉਸ ਦੀ ਧੀ ਪਰੀ (6) ਅਤੇ ਧੀ ਖੁਸ਼ੀ (10) ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖਮੀਆਂ ਵਿੱਚ ਸੁਦੇਸ਼ (57), ਲਕਸ਼ਮੀ (35) ਅਤੇ ਆਰਤੀ (32) ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸ਼ਾਹਾਬਾਦ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ਾਂ ਪੀੜਤ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।
ਕਾਰ ਦੇ ਡਰਾਈਵਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਸੰਦੀਪ ਕੁਮਾਰ ਚੰਡੀਗੜ੍ਹ ਵਿੱਚ ਕੰਮ ਕਰਦੇ ਹਨ। ਉਹ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਪਿੰਡ ਰਹਿਮਾਨ, ਜ਼ਿਲ੍ਹਾ ਸੋਨੀਪਤ ਗਿਆ ਸੀ। ਦੀਵਾਲੀ ਮਨਾਉਣ ਮਗਰੋਂ ਰਾਤ ਨੂੰ ਉਹ ਸੋਨੀਪਤ ਤੋਂ ਚੰਡੀਗੜ੍ਹ ਲਈ ਚੱਲੇ ਸਨ। ਕਾਰ ਵਿੱਚ ਅੱਠ ਵਿਅਕਤੀ ਸਵਾਰ ਸਨ। ਰਾਤ ਕਰੀਬ 11 ਵਜੇ ਪਿੰਡ ਮੋਹਰੀ ਨੇੜੇ ਉਨ੍ਹਾਂ ਦੀ ਚੱਲਦੀ ਗੱਡੀ ਦੇ ਪਿਛਲੇ ਹਿੱਸੇ ਵਿੱਚ ਸਪਾਰਕਿੰਗ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਮਗਰੋਂ ਕਾਰ ਲੌਕ ਹੋ ਗਈ। ਡਿੱਕੀ ਵਿੱਚ ਬੈਠੇ ਸਾਰੇ ਬੱਚੇ ਅੱਗ ਦੀ ਲਪੇਟ ਵਿੱਚ ਆ ਗਏ। ਸੁਸ਼ੀਲ ਕੁਮਾਰ ਨੇ ਕਾਫ਼ੀ ਮੁਸ਼ੱਕਤ ਮਗਰੋਂ ਕਾਰ ਦਾ ਲੌਕ ਖੋਲ੍ਹਿਆ, ਪਰ ਉਦੋਂ ਤੱਕ ਪਰਿਵਾਰ ਦੇ ਸਾਰੇ ਜੀਅ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ। ਪਰਿਵਾਰ ਦੇ 8 ਮੈਂਬਰਾਂ ਵਿੱਚੋਂ ਸਿਰਫ਼ ਡਰਾਈਵਰ ਸੁਸ਼ੀਲ ਕੁਮਾਰ (35) ਅਤੇ ਉਸ ਦਾ ਪੁੱਤਰ ਯਸ਼ (10) ਹੀ ਸੁਰੱਖਿਅਤ ਹਨ।