ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 30 ਅਗਸਤ
ਇੱਥੇ ਪਿੰਡ ਹੱਸੂ ਵਿੱਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿੱਚ ਲੜਾਈ ਹੋ ਗਈ। ਇਸ ਲੜਾਈ ’ਚ ਇਕ ਧਿਰ ਵੱਲੋਂ ਗੋਲੀਆਂ ਚਲਾਏ ਜਾਣ ’ਤੇ ਜਗਰਾਜ ਸਿੰਘ ਉਰਫ ਗਾਜੀ (45) ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਗੁਰਵਿੰਦਰ ਕੌਰ ਜ਼ਖ਼ਮੀ ਹੋ ਗਈ। ਇਸ ਮਾਮਲੇ ਵਿੱਚ ਦੂਜੀ ਧਿਰ ਦੇ ਦੋ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਕਾਲਾਂਵਾਲੀ ਦੇ ਡੀ.ਐੱਸ.ਪੀ. ਯਾਦ ਰਾਮ, ਐਸ.ਐੱਚ.ਓ. ਓਮ ਪ੍ਰਕਾਸ਼ ਤੇ ਥਾਣਾ ਔਢਾਂ ਦੇ ਮੁਖੀ ਕਰਨ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਹੱਸੂ ਦਾ ਰਹਿਣ ਵਾਲਾ ਜਗਰਾਜ ਸਿੰਘ ਗਾਜੀ ਆਪਣੀ ਪਤਨੀ ਗੁਰਵਿੰਦਰ ਕੌਰ ਨਾਲ ਟਰੈਕਟਰ ’ਤੇ ਪਿੰਡ ਦੇਸੂ ਮਲਕਾਣਾ ਵੱਲ ਜਾ ਰਿਹਾ ਸੀ। ਦੂਜੇ ਪਾਸੇ ਤੋਂ ਪਿੰਡ ਦੇ ਹੀ ਦੋ ਵਿਅਕਤੀ ਸਕਾਰਪੀਓ ਕਾਰ ਵਿੱਚ ਆ ਰਹੇ ਸਨ। ਜਿਨ੍ਹਾਂ ਨਾਲ ਜਗਰਾਜ ਦੀ ਪੁਰਾਣੀ ਰੰਜ਼ਿਸ਼ ਸੀ। ਆਹਮੋ-ਸਾਹਮਣੇ ਹੋਣ ਤੋਂ ਬਾਅਦ ਪਹਿਲਾਂ ਟਰੈਕਟਰ ਅਤੇ ਕਾਰ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਦੂਜੀ ਧਿਰ ਦੇ ਵਿਅਕਤੀਆਂ ਨੇ ਜਗਰਾਜ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਟਰੈਕਟਰ ਖੇਤਾਂ ’ਚ ਪਲਟ ਗਿਆ ਤੇ ਜਗਰਾਜ ਦੀ ਪਤਨੀ ਗੁਰਵਿੰਦਰ ਕੌਰ ਵੀ ਜ਼ਖ਼ਮੀ ਹੋ ਗਈ। ਜਿਸ ਤੋਂ ਬਾਅਦ ਦੂਜੀ ਧਿਰ ਦੇ ਲੋਕ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਜਗਰਾਜ ਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਨੂੰ ਕਾਲਾਂਵਾਲੀ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਗਰਾਜ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਜਗਰਾਜ ਸਿੰਘ ਗਾਜੀ ਤਿੰਨ ਬੱਚਿਆਂ ਦਾ ਪਿਤਾ ਸੀ। ਉਸ ਦੇ ਖ਼ਿਲਾਫ਼ ਕਾਲਾਂਵਾਲੀ ਥਾਣਾ ਤੇ ਰਾਮਾ ਮੰਡੀ ਪੰਜਾਬ ਦੇ ਥਾਣੇ ਵਿੱਚ ਸਮਗਲਿੰਗ ਤੇ ਅਸਲਾ ਐਕਟ ਤਹਿਤ ਕਰੀਬ 14 ਕੇਸ ਦਰਜ ਹਨ। ਕੁਝ ਮਾਮਲੇ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਵੀ ਹਨ। ਮ੍ਰਿਤਕ ਜਗਰਾਜ ਸਿੰਘ ਕੁਝ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਯਾਦਰਾਮ, ਕਾਲਾਂਵਾਲੀ ਥਾਣਾ ਇੰਚਾਰਜ ਓਮਪ੍ਰਕਾਸ, ਔਢਾਂ ਥਾਣਾ ਇੰਚਾਰਜ ਕਰਨ ਸਿੰਘ ਪੁਲੀਸ ਟੀਮਾਂ ਸਣੇ ਮੌਕੇ ’ਤੇ ਪੁੱਜੇ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।