ਦਵਿੰਦਰ ਸਿੰਘ
ਯਮੁਨਾਨਗਰ, 17 ਜੁਲਾਈ
ਇੱਥੇ ਵਿਦੇਸ਼ ਤੋਂ ਫ਼ਰਜ਼ੀ ਰਿਸ਼ਤੇਦਾਰ ਬਣ ਕੇ ਪਿੰਡ ਜੋੜੀਆਂ ਵਾਸੀ ਬਲਕਾਰ ਸਿੰਘ ਨਾਲ 2.80 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਬਲਕਾਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਇੱਕ ਰਿਸ਼ਤੇਦਾਰ ਵਿਦੇਸ਼ ਗਿਆ ਹੋਇਆ ਹੈ। 24 ਮਈ ਨੂੰ ਉਹ ਆਪਣੇ ਘਰ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਉਸ ਦੇ ਵੱਟਸਐਪ ਨੰਬਰ ‘ਤੇ ਇਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਉਹ ਉਸ ਦਾ ਵਿਦੇਸ਼ ਤੋਂ ਰਿਸ਼ਤੇਦਾਰ ਬੋਲ ਰਿਹਾ ਹੈ ਅਤੇ ਉਸ ਨੂੰ ਇੱਥੇ ਪੈਸੇ ਦੀ ਲੋੜ ਹੈ। ਬਲਕਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਤੋਂ 2.80 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਮੁਲਜ਼ਮ ’ਤੇ ਭਰੋਸਾ ਕਰਕੇ ਭੇਜੇ ਖਾਤੇ ਨੰਬਰ ਵਿੱਚ 2.80 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਜਦੋਂ ਉਸ ਨੇ ਆਪਣੇ ਰਿਸ਼ਤੇਦਾਰ ਦੇ ਘਰ ਫੋਨ ਕਰਕੇ ਇਸ ਬਾਰੇ ਦੱਸਿਆ ਤਾਂ ਰਿਸ਼ਤੇਦਾਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਨਹੀਂ ਹੈ, ਉਹ ਇੱਥੇ ਠੀਕ ਹਨ। ਇਸ ਮਗਰੋਂ ਉਸ ਨੂੰ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਪਤਾ ਲੱਗਾ ਤਾਂ ਉਸ ਨੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸਾਈਬਰ ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਨਵੀਨ ਯਾਦਵ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਫਰਜ਼ੀ ਕਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।