ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਜਨਵਰੀ
ਠੱਗ ਨੇ ਆਪਣੇ-ਆਪ ਨੂੰ ਵੋਡਾਫੋਨ ਕੰਪਨੀ ਦਾ ਮੁਲਾਜ਼ਮ ਦੱਸ ਕੇ ਸਾਹਿਬਪੁਰਾ ਪਿੰਡ ਦੇ ਇੰਦਰਜੀਤ ਸਿੰਘ ਪੁੱਤਰ ਫੁੰਮਣ ਸਿੰਘ ਦੇ ਬੈਂਕ ਖਾਤੇ ਵਿੱਚੋਂ ਇਕ ਲੱਖ ਰੁਪਏ ਉਡਾ ਲਏ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਇੰਦਰਜੀਤ ਨੇ ਦੱਸਿਆ ਕਿ 8 ਨਵੰਬਰ ਨੂੰ ਉਸ ਦੇ ਫੋਨ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ-ਆਪ ਨੂੰ ਵੋਡਾਫੋਨ ਕੰਪਨੀ ਦਾ ਮੁਲਾਜ਼ਮ ਦੱਸ ਕੇ ਗੱਲਬਾਤ ਸ਼ੁਰੂ ਕੀਤੀ। ਉਸ ਕੋਲ ਵੋਡਾਫੋਨ ਦਾ ਸਿਮ ਹੋਣ ਕਰਕੇ ਉਸ ਨੇ ਕਰਮਚਾਰੀ ’ਤੇ ਵਿਸ਼ਵਾਸ ਕਰ ਲਿਆ। ਠੱਗ ਨੇ ਕਿਹਾ,‘ਤੁਹਾਡੀ ਕੇਵਾਈਸੀ ਵੈਰੀਫਾਈ ਕਰਨੀ ਹੈ। ਉਸ ਨੇ ਗੱਲਬਾਤ ਦੌਰਾਨ ਉਸ ਨੂੰ ਭਰੋਸੇ ਵਿੱਚ ਲੈ ਕੇ ਕੋਲੋਂ ਸਾਰਾ ਵੇਰਵਾ ਲੈ ਲਿਆ। ਇਸ ਤੋਂ ਬਾਅਦ ਉਸ ਨੇ ਸੰਦੇਸ਼ ਭੇਜ ਕੇ ਪਿਨ ਨੰਬਰ ਵੀ ਮੰਗ ਲਿਆ।
ਉਨ੍ਹਾਂ ਦੱਸਿਆ ਕਿ ਜਿਉਂ ਹੀ ਉਸ ਨੇ ਫੋਨ ਕੱਟਿਆ ਤਾਂ ਦੁਰਾਣਾ ਸਥਿਤ ਬੈਂਕ ਵਿਚਲੇ ਉਸ ਦੇ ਖਾਤੇ ਵਿੱਚੋਂ ਪੈਸੇ ਨਿਕਲਣ ਦੇ ਸੰਦੇਸ਼ ਆਉਣ ਲੱਗ ਪਏ ਅਤੇ ਠੱਗ ਨੇ ਇਕ ਲੱਖ ਰੁਪਏ ਦੀ ਰਕਮ ਉਡਾ ਲਈ। ਇਸ ਤੋਂ ਬਾਅਦ ਉਸ ਨੇ ਸਾਰਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ।
ਇਸ ਸਬੰਧੀ ਪੁਲੀਸ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਾਈਬਰ ਸੈੱਲ ਦੀ ਮਦਦ ਨਾਲ ਸਬੰਧਿਤ ਵਿਅਕਤੀ ਦੇ ਖਾਤੇ ਦੀ ਡਿਟੇਲ ਕਢਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਵਿੱਚ ਫਸਾ ਕੇ ਠੱਗਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।