ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 23 ਸਤੰਬਰ
ਆਰਓ ਪਾਣੀ ਦੇ ਬਕਾਇਆ ਵੀਹ-ਤੀਹ ਰੁਪਏ ਤੋਂ ਅੱਜ ਆਰ.ਓ. ਸੰਚਾਲਕ (ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ) ਅਤੇ ਝੁੱਗੀ ਝੌਂਪੜੀ ਵਾਲੇ ਪਰਿਵਾਰਾਂ ਵਿਚਕਾਰ ਇੱਟਾਂ-ਵੱਟੇ ਚੱਲੇ ਅਤੇ ਕੁੱਟਮਾਰ ਹੋ ਗਈ। ਝਗੜੇ ‘ਚ ਗ਼ਰੀਬ ਧਿਰ ਦੀ ਗਰਭਵਤੀ ਔਰਤ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਮੁਹੱਲਾ ਵਾਸੀਆਂ ਵੱਲੋਂ ਡਟਣ ’ਤੇ ਆਰਓ ਸੰਚਾਲਕ ਗੁਰਮੇਲ ਸਿੰਘ ਦੇਸੂਜੋਧਾ ਅਤੇ ਉਸ ਦੇ ਸਾਥੀ ਆਪਣੀ ਇਨੋਵਾ ਅਤੇ ਪਾਣੀ ਸਪਲਾਈ ਵਾਲੀ ਗੱਡੀ ਛੱਡ ਕੇ ਦੌੜ ਗਏ। ਦੋਵਾਂ ਧਿਰਾਂ ਨੇ ਪਥਰਾਲਾ ਚੌਕੀ ਨੂੰ ਸ਼ਿਕਾਇਤ ਕੀਤੀ ਹੈ। ਤਿੰਨੇ ਜ਼ਖ਼ਮੀ ਸੰਗਤ ਤੇ ਬਠਿੰਡਾ ਵਿਚ ਜ਼ੇਰੇ ਇਲਾਜ ਹਨ। ਝਗੜੇ ‘ਚ ਝੁੱਗੀ ਝੌਂਪੜੀ ਵਾਲੇ ਪਰਿਵਾਰ ਦਾ ਮੋਟਰਸਾਈਕਲ ਨੁਕਸਾਨਿਆ ਗਿਆ ਹੈ।
ਝੁੱਗੀ ਵਾਸੀ ਰਾਜੂ ਨੇ ਕਿਹਾ ਕਿ ਉਹ ਫਿਨਾਈਲ ਬਣਾ ਕੇ ਵੇਚਦੇ ਹਨ। ਬੀਤੀ ਰਾਤ ਆਰ.ਓ ਸੰਚਾਲਕ ਗੁਰਮੇਲ ਸਿੰਘ ਝੁੱਗੀਆਂ ‘ਚ ਆ ਕੇ ਪਾਣੀ ਦੇ ਬਕਾਏ ਵੀਹ-ਤੀਹ ਰੁਪਏ ਪਿੱਛੇ ਝਗੜਾ ਕਰ ਕੇ ਉਨ੍ਹਾਂ ਦੀਆਂ ਔਰਤਾਂ ਨੂੰ ਅਪਸ਼ਬਦ ਬੋਲਣ ਲੱਗਿਆ। ਉਨ੍ਹਾਂ ਵੱਲੋਂ ਵਿਰੋਧ ਕਰਨ ’ਤੇ ਗੁਰਮੇਲ ਨੇ ਆਪਣਾ ਲੜਕਾ ਅਤੇ ਕਰੀਬ ਦੋ ਦਰਜਨ ਨੌਜਵਾਨ ਬੁਲਾ ਲਏ, ਜਿਨ੍ਹਾਂ ਨੇ ਉਨ੍ਹਾਂ ਦੀ ਕਥਿਤ ਮਾਰ-ਕੁੱਟ ਕੀਤੀ ਅਤੇ ਮੋਟਰਸਾਈਕਲ ਤੋੜ ਦਿੱਤਾ। ਰਾਜੂ ਅਨੁਸਾਰ ਉਨ੍ਹਾਂ ਨੇ ਇੱਟਾਂ-ਵੱਟੇ ਮਾਰ ਕੇ ਉਸ ਦੀ ਗਰਭਵਤੀ ਪਤਨੀ ਅਤੇ ਭਰਾ ਅਜੈ ਨੂੰ ਜ਼ਖ਼ਮੀ ਕਰ ਦਿੱਤਾ।
ਦੂਜੇ ਪਾਸੇ ਆਰ.ਓ ਸੰਚਾਲਕ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਉਹ ਦਸ-ਦਸ ਰੁਪਏ ‘ਚ ਪਾਣੀ ਵੇਚ ਕੇ ਰੁਜ਼ਗਾਰ ਚਲਾਉਂਦਾ ਹੈ। ਝੁੱਗੀਆਂ ਵਾਲਿਆਂ ਤੋਂ ਉਸ ਨੇ ਪਾਣੀ ਦੇ ਪੈਸੇ ਲੈਣੇ ਸਨ। ਤਿੰਨ ਹਫ਼ਤੇ ਤੋਂ ਪਾਣੀ ਸਪਲਾਈ ਬੰਦ ਵੀ ਕੀਤੀ ਹੋਈ ਸੀ। ਅੱਜ ਉੱਥੋਂ ਲੰਘਦੇ ਸਮੇਂ ਉਸ ਨੇ ਰੁਪਏ ਮੰਗੇ ਤਾਂ ਝੁੱਗੀਆਂ ਵਾਲਿਆਂ ਨੇ ਕਿਹਾ ਕਿ ਪਾਣੀ ਬੰਦ ਦੇ ਕਾਹਦੇ ਪੈਸੇ। ਉਸ ਵੱਲੋਂ ਇਹ ਕਹਿਣ ’ਤੇ ਕਿ ਪਹਿਲਾਂ ਉਨ੍ਹਾਂ ਦੀ ਇੱਕ ਲੜਕੀ ਨੇ ਵੀ ਪਾਣੀ ਦੇ ਬਕਾਇਆ 5 ਸੌ ਰੁਪਏ ਨਹੀਂ ਦਿੱਤੇ ਸਨ, ਝੁੱਗੀਆਂ ਵਾਲੇ ਉਸ ਨੂੰ ਕਥਿਤ ਮਾਰਨ ਲੱਗ ਪਏ। ਉਸ ਦੀ ਸਪਲਾਈ ਗੱਡੀ ਦੇ ਡਰਾਈਵਰ ਨੇ ਉਸ ਦੇ ਲੜਕੇ ਜਗਪਵਾਰ ਨੂੰ ਫੋਨ ਕਰ ਦਿੱਤਾ। ਉਹ ਅਤੇ ਦੋਸਤ ਮੌਕੇ ‘ਤੇ ਪੁੱਜ ਗਏ। ਝੁੱਗੀਆਂ ਵਾਲਿਆਂ ਨੇ ਜਗਪਵਾਰ ਨੂੰ ਵੀ ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਉੱਥੋਂ ਪੈਦਲ ਦੌੜ ਕੇ ਜਾਨ ਬਚਾਈ। ਜਗਪਵਾਰ ਬਠਿੰਡਾ ’ਚ ਜ਼ੇਰੇ ਇਲਾਜ ਹੈ। ਅਜੈ ਕੁਮਾਰ ਤੇ ਗਰਭਵਤੀ ਔਰਤ ਸੰਗਤ ਵਿਚ ਦਾਖ਼ਲ ਹਨ।
ਪਥਰਾਲਾ ਚੌਕੀ ਦੇ ਮੁਖੀ ਨੇ ਕਿਹਾ ਕਿ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।