ਪੱਤਰ ਪ੍ਰੇਰਕ
ਜੀਂਦ, 24 ਅਕਤੂਬਰ
ਇਥੇ ਐੱਸਪੀ ਦਫਤਰ ਅੱਗੇ ਇਨਸਾਫ਼ ਦੀ ਮੰਗ ਨੂੰ ਲੈ ਕੇ ਤਿੰਨ ਦਿਨਾਂ ਤੋਂ ਧਰਨੇ ਉੱਤੇ ਬੈਠੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਉੁਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪੀੜਤਾ ਨੇ ਦਿੱਲੀ ਰਹਿੰਦੇ ਆਪਣੇ ਸਹੁਰਾ ਪਰਿਵਾਰ ਖ਼ਿਲਾਫ਼ ਇਥੇ ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਾਇਆ ਹੈ। ਉਹ ਬੀਤੇ ਤਿੰਨ ਦਿਨਾਂ ਤੋਂ ਇਨਸਾਫ ਲੈਣ ਲਈ ਐੱਸਪੀ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠੀ ਹੋਈ ਹੈ। ਮਹਿਲਾ ਨੂੰ ਟੱਕਰ ਮਾਰਨ ਵਾਲੀ ਕਾਰ ਕੁਲਬੀਰ ਸਿੰਘ ਨਾਂ ਦਾ ਵਕੀਲ ਚਲਾ ਰਿਹਾ ਸੀ। ਹਰਿਆਣਾ ਮਹਿਲਾ ਆਯੋਗ ਦੀ ਮੈਂਬਰ ਸੁਮਨ ਬੇਦੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਐੱਸਪੀ ਓਮ ਪ੍ਰਕਾਸ਼ ਨਰਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਬਰ ਜਨਾਹ ਮਾਮਲੇ ਦੇ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।