ਪ੍ਰਭੂ ਦਿਆਲ
ਸਿਰਸਾ, 14 ਅਗਸਤ
ਇੱਥੋਂ ਦੇ ਪਿੰਡ ਨਟਾਰ ਵਿੱਚ ਸੀਵਰ ਦਾ ਪਾਣੀ ਖੇਤ ਨੂੰ ਲਾਉਂਦੇ ਸਮੇਂ ਸੀਵਰ ਪਾਈਪ ਲਾਈਨ ’ਚ ਡਿੱਗੇ ਨੌਜਵਾਨ ਨੂੰ ਲੰਘੇ ਦਿਨੀਂ ਕੱਢ ਲਿਆ ਗਿਆ ਪਰ ਅੱਜ ਦੇਰ ਸ਼ਾਮ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜੇ ਦੀ ਭਾਲ ਹਾਲੇ ਵੀ ਐੱਨਡੀਆਰਐੱਫ ਦੀ ਟੀਮ ਵੱਲੋਂ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਵਰ ਪਾਈਪ ਲਾਈਨ ਚੋਂ ਕੱਢੇ ਗਏ ਪੂਰਨ ਚੰਦ ਦੀ ਅੱਜ ਹਿਸਾਰ ਦੇ ਇਕ ਹਸਪਤਾਲ ’ਚ ਦੇਰ ਸ਼ਾਮ ਮੌਤ ਹੋ ਗਈ। ਮ੍ਰਿਤਕ ਦੀ ਦੇਹ ਸਿਰਸਾ ਦੇ ਨਾਗਰਿਕ ਹਸਪਤਾਲ ’ਚ ਪੋਸਟਮਾਰਟਮ ਲਈ ਪਹੁੰਚਾਈ ਗਈ ਹੈ। ਦੂਜੇ ਨੌਜਵਾਨ ਦੀ ਭਾਲ ਹਾਲੇ ਵੀ ਜਾਰੀ ਹੈ। ਫੌਜ ਤੋਂ ਬਾਅਦ ਹੁਣ ਐਨਡੀਆਰਐਫ ਦੀ ਟੀਮ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਬੀਤੀ 12 ਅਗਸਤ ਦੀ ਦੇਰ ਸ਼ਾਮ ਨੂੰ ਸੀਵਰ ਪਾਈਪ ਲਾਈਨ ਚੋਂ ਆਪਣੇ ਖੇਤ ਨੂੰ ਪਾਣੀ ਲਾਉਂਦੇ ਪੂਰਨ ਚੰਦ ਤੇ ਸੰਦੀਪ ਉਰਫ ਕਾਲਾ ਸੀਵਰ ਦੀ ਪਾਈਪ ਲਾਈਨ ਵਿੱਚ ਡਿੱਗ ਪਏ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪਿੰਡ ਦੇ ਸਹਿਯੋਗ ਨਾਲ ਕੁਝ ਘੰਟਿਆਂ ਦੀ ਜਦੋਜਹਿਦ ਮਗਰੋਂ ਪੂਰਨ ਨੂੰ ਬਾਹਰ ਕੱਢ ਲਿਆ ਗਿਆ ਸੀ।