ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 11 ਸਤੰਬਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪਾਲ ਸਿੰਘ ਨੇ ਅੱਜ ਇੱਥੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਤੋਂ ‘ਆਪ’ ਵਿਧਾਇਕ ਜੀਵਨਜੋਤ ਕੌਰ ਵੀ ਮੌਜੂਦ ਸਨ। ਕਾਗਜ਼ ਦਾਖ਼ਲ ਕਰਨ ਮਗਰੋਂ ਗੁਰਪਾਲ ਸਿੰਘ ਨੇ ਕਿਹਾ ਕਿ ਜੇ ‘ਆਪ’ ਦੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਨਰਾਇਣਗੜ੍ਹ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲਾਅ ਦਾ ਸਮਾਂ ਆ ਗਿਆ ਹੈ ਅਤੇ ਤੁਸੀਂ ਜਾਣਦੇ ਹੋ ਕਿ ਭਾਜਪਾ ਨੂੰ ਨਰਾਇਣਗੜ੍ਹ ਤੋਂ ਕੋਈ ਉਮੀਦਵਾਰ ਨਹੀਂ ਮਿਲ ਸਕਿਆ ਅਤੇ ਉਸ ਨੂੰ ਬਾਹਰੋਂ ਉਮੀਦਵਾਰ ਖੜ੍ਹਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਟਿਕਟ ਮਿਲਣ ’ਤੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ ਅਤੇ ਅੱਜ ਨਾਮਜ਼ਦਗੀ ‘ਤੇ ਆਈ ਪੰਜਾਬ ਤੋਂ ਵਿਧਾਇਕ ਜੀਵਨਜੋਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਵਿਧਾਇਕ ਅਤੇ ਮੰਤਰੀ ਇੱਥੇ ਪ੍ਰਚਾਰ ਕਰਨ ਲਈ ਆਉਣਗੇ। ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਕਿ ਅੱਜ ਉਹ ਨਰਾਇਣਗੜ੍ਹ ਆ ਕੇ ਗੁਰਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਹਲਕੇ ਵਿੱਚ ਘੁੰਮ ਰਹੀ ਹੈ ਅਤੇ ਜਿਵੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦਾ ਜਨਤਾ ਨੇ ਮਨ ਬਣਾ ਲਿਆ ਸੀ ਉਸੇ ਤਰ੍ਹਾਂ ਹਰਿਆਣਾ ਵਿੱਚ ਵੀ ਮਾਹੌਲ ਬਣ ਰਿਹਾ ਹਾਂ। ਇਸ ਵਾਰ ਹਰਿਆਣਾ ਦੇ ਲੋਕਾਂ ਨੇ ਵੀ ਮਨ ਬਣਾ ਲਿਆ ਹੈ ਕਿ ਉਹ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ।