ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਮਈ
ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਹੋਏ ਵਾਧੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਸੰਗਠਨ ਸਕੱਤਰ ਗਗਨਦੀਪ ਸਿੰਘ ਕਪੂਰ ਦੀ ਅਗਵਾਈ ਵਿੱਚ ਅੰਬਾਲਾ ਛਾਉਣੀ ਦੇ ਸਦਰ ਬਾਜ਼ਾਰ ਚੌਕ ਵਿਚ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਗਗਨਦੀਪ ਸਿੰਘ ਕਪੂਰ ਨੇ ਕਿਹਾ ਕਿ ਜਦੋਂ ਸਿਲੰਡਰ ਦੀ ਕੀਮਤ 400 ਰੁਪਏ ਤੋਂ ਵੱਧ ਕੇ 450 ਰੁਪਏ ਹੋਈ ਸੀ ਤਾਂ ਵਰਤਮਾਨ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸਦਰ ਬਾਜ਼ਾਰ ਦੇ ਚੌਕ ਵਿਚ ਅਰਧ ਨਗਨ ਹੋ ਕੇ ਪ੍ਰਦਰਸ਼ਨ ਕੀਤਾ ਸੀ ਪਰ ਅੱਜ ਜਦੋਂ ਸਿਲੰਡਰ ਇਕ ਹਜ਼ਾਰ ਤੋਂ ਵੀ ਟੱਪ ਗਿਆ ਹੈ ਤਾਂ ਉਹ ਕੋਈ ਵਿਰੋਧ ਕਰਦੇ ਨਜ਼ਰ ਨਹੀਂ ਆ ਰਹੇ। ਕਪੂਰ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਸਿਲੰਡਰ ਹਰ ਘਰ ਦੀ ਜ਼ਰੂਰਤ ਹੈ ਅਤੇ ਇਸ ਦੀ ਕੀਮਤ ਵਧਣ ਨਾਲ ਹਰ ਘਰ ਦਾ ਬਜਟ ਵਿਗੜਿਆ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਬੈਨਰ ’ਤੇ ਤਤਕਾਲੀ ਵਿਧਾਇਕ ਅਨਿਲ ਵਿੱਜ ਦੀ ਸਿਲੰਡਰ 50 ਰੁਪਏ ਮਹਿੰਗਾ ਹੋਣ ਸਮੇਂ ਅਰਧ ਨਗਨ ਹੋ ਕੇ ਕੀਤੇ ਪ੍ਰਦਰਸ਼ਨ ਦੀ ਤਸਵੀਰ ਲਾਈ ਹੋਈ ਸੀ।