ਸਿਰਸਾ: ਆਮ ਆਦਮੀ ਪਾਰਟੀ ਕਿਸਾਨ ਸੈੱਲ ਹਰਿਆਣਾ ਵੱਲੋਂ ‘ਗਾਓਂ ਜੋੜੋ ਮਜ਼ਦੂਰ ਜੋੜੋ’ ਮੁਹਿੰਮ ਦੇ ਤਹਿਤ ਅਸੰਧ ਤੋਂ ਸ਼ੁਰੂ ਹੋਈ ਰਥ ਯਾਤਰਾ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਚੋਂ ਹੁੰਦੀ ਹੋਈ ਲੰਘੀ ਦੇਰ ਰਾਤ ਸਿਰਸਾ ਪੁੱਜੀ। ਇਸ ਮੌਕੇ ‘ਆਪ’ ਦੇ ਹਰਿਆਣਾ ਕਿਸਾਨ ਸੈੱਲ ਦੇ ਪ੍ਰਧਾਨ ਸ਼ੇਰਪ੍ਰਤਾਪ ਸ਼ੇਰੀ ਨੇ ਕਿਹਾ ਕਿ ਭਾਜਪਾ-ਜਜਪਾ ਗਠਜੋੜ ਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਭਾਜਪਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਵਾਅਦੇ ਨਾਲ ਚੋਣਾਂ ਜਿੱਤ ਕੇ ਆਈ ਸੀ ਪਰ ਸੱਤਾ ਵਿੱਚ ਆਉਣ ਮਗਰੋਂ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਕਿਸਾਨਾਂ ’ਤੇ ਥੋਪਣ ਦੀ ਕੋਝੀ ਕੋਸ਼ਿਸ਼ ਕੀਤੀ। ਕਿਸਾਨ ਅੰਦੋਲਨ ਕਾਰਨ ਕੇਂਦਰ ਸਰਕਾਰ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਪਰ ਉਸ ਸਮੇਂ ਕਿਸਾਨ ਆਗੂਆਂ ਨਾਲ ਕੀਤੇ ਵਾਅਦੇ ਹਾਲੇ ਤੱਕ ਨਹੀਂ ਪੁਗਾਏ ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ ਵਿੱਚ ਭਾਰੀ ਰੋਹ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਆਗਾਮੀ ਆਦਮਪੁਰ ਦੀ ਜ਼ਿਮਨੀ ਚੋਣ ’ਚ ਭਾਜਪਾ-ਜਜਪਾ ਗਠਜੋੜ ਦੀ ਸਰਕਾਰ ਨੂੰ ਸਬਕ ਸਿਖਾਉਣਗੇ। -ਪੱਤਰ ਪ੍ਰੇਰਕ