ਕੁਲਵਿੰਦਰ ਕੌਰ
ਫਰੀਦਾਬਾਦ, 22 ਸਤੰਬਰ
ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਸੇਵਾ ਪੰਦਰਵਾੜੇ ਤਹਿਤ ਫਰੀਦਾਬਾਦ ਦੇ ਸਿਵਲ ਹਸਪਤਾਲ ’ਚ ਲਾਏ ਗਏ ਕੈਂਸਰ ਜਾਂਚ ਕੈਂਪ ’ਚ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਮਹਿਲਾ ਕਮਿਸ਼ਨ ਵਿੱਚ ਕਈ ਅਜਿਹੇ ਮਾਮਲੇ ਆਉਂਦੇ ਹਨ, ਜਿਨ੍ਹਾਂ ਵਿੱਚ ਔਰਤਾਂ ਨੂੰ ਸਿਹਤ ਠੀਕ ਨਾ ਹੋਣ ਕਾਰਨ ਸਹੁਰਿਆਂ ਵੱਲੋਂ ਛੱਡ ਦਿੱਤਾ ਜਾਂਦਾ ਹੈ, ਜੋ ਸੱਭਿਅਕ ਸਮਾਜ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਜ਼ਿਆਦਾਤਰ ਕੰਮਕਾਜੀ ਔਰਤਾਂ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੀਆਂ ਤੇ ਕੰਮ ਵਿੱਚ ਰੁੱਝੀਆਂ ਹੋਣ ਕਾਰਨ ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦੀਆਂ ਅਤੇ ਕਈ ਵਾਰ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ। ਜੇਕਰ ਔਰਤਾਂ ਸਿਹਤਮੰਦ ਹੋਣਗੀਆਂ ਤਾਂ ਹੀ ਉਹ ਆਪਣੇ ਪਰਿਵਾਰ ਦੀ ਸਹੀ ਦੇਖਭਾਲ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਅੱਜ ਆਸ਼ਾ ਵਰਕਰਾਂ, ਆਂਗਣਵਾੜੀ ਵਿੱਚ ਕੰਮ ਕਰਦੀਆਂ ਔਰਤਾਂ ਲਈ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਗਿਆ। ਕ੍ਰਮਵਾਰ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਸਾਰੀਆਂ ਕੰਮਕਾਜੀ ਔਰਤਾਂ ਲਈ ਚੈਕਅੱਪ ਕੈਂਪ ਲਗਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਅੱਜ ਫਰੀਦਾਬਾਦ ਦੇ ਸਿਵਲ ਹਸਪਤਾਲ ਤੋਂ ਕੀਤੀ ਗਈ ਹੈ। 1 ਅਕਤੂਬਰ ਤੋਂ ਜ਼ਿਲ੍ਹੇ ਵਿੱਚ ਜਿੱਥੇ ਵੀ ਔਰਤਾਂ ਕਿਸੇ ਵੀ ਕੰਪਨੀ ਵਿੱਚ ਨੌਕਰੀ ਕਰਦੀਆਂ ਹਨ, ਅਜਿਹੇ ਚੈਕਅੱਪ ਕੈਂਪ ਲਗਾਏ ਜਾਣਗੇ। ਇਹ ਕੈਂਪ ਕੈਮੀਕਲ ਇੰਡਸਟਰੀ ਵਿੱਚ ਲਗਾਏ ਜਾਣਗੇ। ਇਸ ਮੌਕੇ ਸੀਐਮਓ ਵਿਨੈ ਗੁਪਤਾ, ਪੀਐਮਓ ਸਵਿਤਾ ਯਾਦਵ, ਡਿਪਟੀ ਸੀਐਮਓ ਡਾ. ਗਜਰਾਜ, ਡਾ. ਸੁਸ਼ੀਲ ਏਹਲਾਵਤ, ਡਾ. ਰਾਜੇਸ਼ ਧੀਮਾਨ, ਡਾ. ਵਰਿੰਦਰ ਸਾਂਗਵਾਨ, ਡਾ. ਸਮ੍ਰਿਤੀ, ਡਾ. ਰੈਨਾ ਸਮੇਤ ਕਈ ਪਤਵੰਤੇ ਹਾਜ਼ਰ ਸਨ।