ਆਤਿਸ਼ ਗੁਪਤਾ
ਚੰਡੀਗੜ੍ਹ, 8 ਨਵੰਬਰ
ਹਰਿਆਣਾ ਦੇ ਵਿਧਾਨ ਸਭਾ ਹਲਕਾ ਏਲਨਾਬਾਦ ਤੋਂ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਅਭੈ ਚੌਟਾਲਾ ਹਰੇ ਰੰਗ ਦੇ ਟਰੈਕਟਰ ’ਤੇ ਚੜ੍ਹ ਕੇ ਵਿਧਾਨ ਸਭਾ ਪਹੁੰਚੇ ਜਿੱਥੇ ਸਪੀਕਰ ਗਿਆਨ ਚੰਦ ਗੁਪਤਾ ਨੇ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਦੀ ਸਹੁੰ ਚੁਕਵਾਈ। ਇਸ ਮੌਕੇ ਸ੍ਰੀ ਚੌਟਾਲਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਹੀਂ ਸਗੋਂ ਕਿਸਾਨ ਜਥੇਬੰਦੀਆਂ ਦੀ ਜਿੱਤ ਹੈ ਤੇ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਕਹਿਣ ’ਤੇ ਮੁੜ ਅਸਤੀਫ਼ਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਸਣੇ ਸਾਰੇ ਬਾਰਡਰਾਂ ’ਤੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਮੁੜ ਅਸਤੀਫ਼ਾ ਦੇਣ ਦੀ ਗੱਲ ਆਖੀ ਤਾਂ ਉਹ ਪਿੱਛੇ ਨਹੀਂ ਹਟਣਗੇ। ਸ੍ਰੀ ਚੌਟਾਲਾ ਨੇ ਦੋਸ਼ ਲਾਇਆ ਕਿ ਏਲਨਾਬਾਦ ਜ਼ਿਮਨੀ ਚੋਣ ’ਚ ਹਾਕਮ ਧਿਰ ਨੇ ਵੋਟਰਾਂ ਨੂੰ ਲਾਲਚ ਦੇਣ ਅਤੇ ਡਰਾਉਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੀ ਕੀਤੀ ਪਰ ਇਸ ਦੇ ਬਾਵਜੂਦ ਲੋਕਾਂ ਦੇ ਪਿਆਰ ਸਦਕਾ ਉਹ ਜ਼ਿਮਨੀ ਚੋਣ ’ਚ ਜਿੱਤ ਗਏ। ਉਨ੍ਹਾਂ ਕਿਹਾ ਕਿ ਚੌਟਾਲਾ ਪਰਿਵਾਰ ਪਿਛਲੇ ਸਮੇਂ ਤੋਂ ਕਿਸਾਨਾਂ ਅਤੇ ਸੂਬੇ ਦੇ ਲੋਕਾਂ ਲਈ ਲੜਾਈ ਲੜਦਾ ਆਇਆ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗੀ। ਇਸ ਲਈ ਕੁਝ ਵੀ ਦਾਅ ’ਤੇ ਲਾਉਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ।
ਏਲਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ ਹਰੇ ਰੰਗ ਦੇ ਟਰੈਕਟਰ ਨੂੰ ਖ਼ੁਦ ਚਲਾ ਕੇ ਵਿਧਾਨ ਸਭਾ ਪਹੁੰਚੇ ਜਿਨ੍ਹਾਂ ਨੂੰ ਪੁਲੀਸ ਨੇ ਵਿਧਾਨ ਸਭਾ ਦੇ ਬਾਹਰ ਚੌਕ ’ਚ ਰੋਕ ਲਿਆ। ਅੱਧੇ ਘੰਟੇ ਤੋਂ ਬਾਅਦ ਅਭੈ ਚੌਟਾਲਾ ਸਣੇ 50 ਜਣਿਆਂ ਨੂੰ ਹੀ ਸਹੁੰ ਚੁੱਕ ਸਮਾਗਮ ’ਚ ਹਿੱਸਾ ਲੈਣ ਦੀ ਪ੍ਰਵਾਨਗੀ ਦਿੱਤੀ ਗਈ ਜਿਸ ਤੋਂ ਬਾਅਦ ਸ੍ਰੀ ਚੌਟਾਲਾ ਟਰੈਕਟਰ ਚਲਾ ਕੇ ਵਿਧਾਨ ਸਭਾ ਪਹੁੰਚੇ।
ਦੱਸਣਯੋਗ ਹੈ ਕਿ ਏਲਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ ਨੇ ਸਾਲ 2021 ਦੀ ਸ਼ੁਰੂਆਤ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ’ਚ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਏਲਨਾਬਾਦ ਤੋਂ ਜ਼ਿਮਨੀ ਚੋਣਾਂ ’ਚ 6700 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਜਿਸ ਦੌਰਾਨ ਭਾਜਪਾ ਉਮੀਦਵਾਰ ਦੂਜੇ ਨੰਬਰ ’ਤੇ ਰਿਹਾ ਜਦਕਿ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ।