ਪ੍ਰਭੂ ਦਿਆਲ
ਸਿਰਸਾ, 21 ਨਵੰਬਰ
ਇਥੋਂ ਦੇ ਪੰਚਾਇਤ ਭਵਨ ’ਚ ਸਾਹਿਤ, ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ਸੰਵਾਦ ਵੱਲੋਂ ਛਤਰਪਤੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਲ-2021 ਦਾ ਛਤਰਪਤੀ ਸਨਮਾਨ ਪੱਤਰਕਾਰ ਅਭਿਸਾਰ ਸ਼ਰਮਾ ਨੂੰ ਦਿੱਤਾ ਗਿਆ। ਇਹ ਸਮਾਗਮ ਸਮਾਜ ਕਾਰਜਾਂ ਨੂੰ ਸਮਰਪਿਤ ਸੁਤੰਤਰ ਭਾਰਤੀ, ਵਿਨੋਦ ਕੱਕੜ ਤੇ ਭਾਰਤ ਭੂਮਣ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਾਹਿਤਕਾਰ ਤੇ ਕਿਸਾਨ ਆਗੂ ਕਾਮਰੇਡ ਸਵਰਨ ਸਿੰਘ ਵਿਰਕ, ਸੰਵਾਦ ਦੇ ਬਾਨੀ ਪਰਮਾਨੰਦ ਸ਼ਾਸਤਰੀ ਤੇ ਹਰਭਗਵਾਨ ਚਾਵਲਾ ਨੇ ਸਾਂਝੇ ਤੌਰ ’ਤੇ ਕੀਤੀ। ਸਮਾਗਮ ਦੌਰਾਨ ‘ਜ਼ਮੀਨੀ ਪੱਤਰਕਾਰੀ ਦੀਆਂ ਚੁਣੌਤੀਆਂ’ ਵਿਸ਼ੇ ’ਤੇ ਅਭਿਸਾਰ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਅਭਿਸਾਰ ਸ਼ਰਮਾ ਨੇ ਕਿਹਾ ਕਿ ਸਮਾਜ ਦੇ ਹਾਸ਼ੀਏ ’ਤੇ ਆਏ ਲੋਕਾਂ ਦੀ ਮਦਦ ਕਰਨਾ ਹੀ ਸੱਚੀ ਪੱਤਰਕਾਰੀ ਹੈ। ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਜੀਵਨ ਅਤੇ ਅਦਾਲਤ ਵਿੱਚ ਕੇਸ ਲੜੇ ਜਾਣ ਵੇਲੇ ਆਈਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਲਤੇਜ ਪਨੂੰ, ਸਵਰਨ ਸਿੰਘ ਵਿਰਕ ਆਦਿ ਹਾਜ਼ਰ ਸਨ।