ਚੰਡੀਗੜ੍ਹ (ਟਨਸ): ਹਰਿਆਣਾ ’ਚ ਆਦਮਪੁਰ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਨੇ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਯ ਬਿਸ਼ਨੋਈ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਭਵਯ ਭਾਜਪਾ ਅਤੇ ਜੇਜੇਪੀ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾਉਣਗੇ। ਆਮ ਆਦਮੀ ਪਾਰਟੀ (ਆਪ) ਨੇ ਸਤਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ ਜੋ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਸਨ ਜਦਕਿ ਕਾਂਗਰਸ ਨੇ ਅਜੇ ਉਮੀਦਵਾਰ ਦਾ ਐਲਾਨ ਕਰਨਾ ਹੈ। ਆਦਮਪੁਰ ਹਲਕੇ ’ਤੇ ਬਿਸ਼ਨੋਈ ਪਰਿਵਾਰ ਦਾ ਕਬਜ਼ਾ ਰਿਹਾ ਹੈ। ਕੁਲਦੀਪ ਬਿਸ਼ਨੋਈ ਦੇ ਅਗਸਤ ਵਿੱਚ ਕਾਂਗਰਸ ਵਿਧਾਇਕ ਵਜੋਂ ਅਸਤੀਫ਼ਾ ਦੇਣ ਮਗਰੋਂ ਆਦਮਪੁਰ ਸੀਟ ਖਾਲੀ ਹੋ ਗਈ ਸੀ। ਉਸ ਸਮੇਂ ਕੁਲਦੀਪ ਬਿਸ਼ਨੋਈ ਕਾਂਗਰਸ ਨੂੰ ਅਲਵਿਦਾ ਆਖ ਕੇ ਪੁੱਤਰ ਭਵਯ ਸਣੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਕੁਲਦੀਪ ਨੇ ਭਵਯ ਨੂੰ ਟਿਕਟ ਦਿੱਤੇ ਜਾਣ ’ਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਪਾਰਟੀ ਨੂੰ ਭਰੋਸਾ ਦਿਵਾਇਆ ਕਿ ਉਹ ਆਦਮਪੁਰ ਜ਼ਿਮਨੀ ਚੋਣ ਵਿੱਚ ਜਿੱਤ ਹਾਸਲ ਕਰਕੇ ਭਾਜਪਾ ਨੂੰ ਸੂਬੇ ਵਿੱਚ ਹੋਰ ਮਜ਼ਬੂਤ ਕਰਨਗੇ। ਸਾਬਕਾ ਵਿਧਾਇਕ ਨੇ ਕਿਹਾ ਕਿ ਆਦਮਪੁਰ ਨਾਲ ਉਸ ਦੇ ਪਰਿਵਾਰ ਦਾ ਪੁਰਾਣਾ ਰਿਸ਼ਤਾ ਰਿਹਾ ਹੈ ਅਤੇ ਹਲਕੇ ਦੇ ਲੋਕ ਭਵਯ ਨੂੰ ਵੋਟ ਪਾ ਕੇ ਕਾਮਯਾਬ ਬਣਾਉਣਗੇ। ਇਸ ਤੋਂ ਪਹਿਲਾਂ ਭਵਯ ਬਿਸ਼ਨੋਈ ਨੇ 2019 ’ਚ ਹਿਸਾਰ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਆਦਮਪੁਰ ’ਚ ਵੋਟਾਂ 3 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 6 ਨਵੰਬਰ ਨੂੰ ਆਉਣਗੇ।