ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਅਕਤੂਬਰ
ਹਰਿਆਣਾ ’ਚ ਆਦਮਪੁਰ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਨੇ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਭਵਿਆ ਭਾਜਪਾ ਅਤੇ ਜੇਜੇਪੀ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾਉਣਗੇ। ਆਮ ਆਦਮੀ ਪਾਰਟੀ (ਆਪ) ਨੇ ਸਤਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ ਜੋ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਸਨ ਜਦਕਿ ਕਾਂਗਰਸ ਨੇ ਅਜੇ ਉਮੀਦਵਾਰ ਦਾ ਐਲਾਨ ਕਰਨਾ ਹੈ। ਆਦਮਪੁਰ ਹਲਕੇ ’ਤੇ ਬਿਸ਼ਨੋਈ ਪਰਿਵਾਰ ਦਾ ਕਬਜ਼ਾ ਰਿਹਾ ਹੈ। ਕੁਲਦੀਪ ਬਿਸ਼ਨੋਈ ਦੇ ਅਗਸਤ ਵਿੱਚ ਕਾਂਗਰਸ ਵਿਧਾਇਕ ਵਜੋਂ ਅਸਤੀਫ਼ਾ ਦੇਣ ਮਗਰੋਂ ਆਦਮਪੁਰ ਸੀਟ ਖਾਲੀ ਹੋ ਗਈ ਸੀ। ਉਸ ਸਮੇਂ ਕੁਲਦੀਪ ਬਿਸ਼ਨੋਈ ਕਾਂਗਰਸ ਨੂੰ ਅਲਵਿਦਾ ਆਖ ਕੇ ਪੁੱਤਰ ਭਵਿਆ ਸਣੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।