ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 9 ਸਤੰਬਰ
ਚੌਟਾਲਾ ਪਰਿਵਾਰ ਰਾਜਨੀਤੀ ਦੇ ਗੜ੍ਹ ਡੱਬਵਾਲੀ ਤੋਂ ਇਨੈਲੋ-ਬਸਪਾ ਦੇ ਉਮੀਦਵਾਰ ਅਦਿੱਤਿਆ ਚੌਟਾਲਾ ਨੇ ਨਾਮਜ਼ਦਗੀ ਤੋਂ ਪਹਿਲਾਂ ਵਿਸ਼ਾਲ ਰੈਲੀ ਜਰੀਏ ਇੰਡੀਅਨ ਨੈਸ਼ਨਲ ਲੋਕਦਲ ਅਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਦੀ ਸਿਆਸੀ ਤਾਕਤ ਦਾ ਸ਼ਕਤੀ ਪ੍ਰਦਰਸ਼ਨ ਕੀਤਾ। ਡੱਬਵਾਲੀ ਦੀ ਦਾਣਾ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੌਮੀ ਪਾਰਟੀਆਂ ਵੱਲੋਂ ਮਨਮਰਜ਼ੀ ਦਾ ਰਾਜ ਚਲਾਉਣ ਲਈ ਖੇਤਰੀ ਪਾਰਟੀਆਂ ਨੂੰ ਖ਼ਤਮ ਕਰਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਬੀਬੀ ਬਾਦਲ ਨੇ ਲੋਕਾਂ ਤੋਂ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਕਿਹਾ ਕਿ ਜੇਕਰ ਲੋਕ ਸਭਾ ਚੋਣ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਸਾਰੀਆਂ 23 ਲੋਕਸਭਾ ਸੀਟਾਂ ’ਤੇ ਖੇਤਰੀ ਪਾਰਟੀਆਂ ਦੇ ਉਮੀਦਵਾਰਾਂ ਜਤਾਇਆ ਜਾਂਦਾ ਤਾਂ ਦੇਸ਼ ’ਚ ਭਾਜਪਾ ਦੀ ਕਿਸਾਨ ਵਿਰੋਧੀ ਸਰਕਾਰ ਨਹੀਂ ਬਣ ਸਕਣੀ ਸੀ।
ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੀਆਂ ਜਨਵਿਰੋਧੀ ਨੀਤੀਆਂ ਧੂਲ ਚਟਾਉਣ ਨੂੰ ਲਈ ਹਰਿਆਣਾ ’ਚ ਇਨੇਲੋ ਦੀ ਸਰਕਾਰ ਬਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਚੌਧਰੀ ਦੇਵੀ ਲਾਲ ਦੇ ਅੰਦਰ ਮਜ਼ਦੂਰ ਅਤੇ ਗਰੀਬ ਦੀ ਰੂਹ ਸੀ। ਜਿਨ੍ਹਾਂ ਨੇ ਦੋਵੇਂ ਸੂਬਿਆਂ ’ਚ ਵਿਕਾਸ ਨੂੰ ਨਵੀਂ ਦਿਸ਼ਾ ਦੇ ਕੇ ਕਿਸਾਨਾਂ, ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਸੰਘਰਸ਼ ਕੀਤਾ। ਹਰਸਿਮਰਤ ਨੇ ਅਦਿੱਤਿਆ ਚੌਟਾਲਾ ਨੂੰ ਜਿਤਾ ਕੇ ਵਿਧਾਨਸਭਾ ਭੇਜਣ ਦੀ ਅਪੀਲ ਕੀਤੀ। ਅਭੈ ਚੌਟਾਲਾ ਦੀ ਧਰਮਪਤਨੀ ਕਾਂਤਾ ਚੌਟਾਲਾ ਨੇ ਕਿਹਾ ਕਿ ਅਦਿੱਤਿਆ ਨੇ ਪਰਿਵਾਰ ਨੂੰ ਜੋੜਨ ਲਈ ਕਦਮ ਪੁੱਟਿਆ ਹੈ। ਇਸ ਨੂੰ ਚੁਣ ਕੇ ਵਿਧਾਨਸਭਾ ਵਿੱਚ ਭੇਜੋ। ਇਨੇਲੋ ਉਮੀਦਵਾਰ ਅਦਿੱਤਿਆ ਚੌਟਾਲਾ ਨੇ ਕਿਹਾ, ‘‘ਅਜੋਕੀ ਚੋਣ ਬਦਲਾਅ ਦੀ ਚੋਣ ਹੈ। ਸਾਡੇ ਵਿਰੋਧੀ ਕਹਿੰਦੇ ਸਨ ਕਿ ਇੱਕ ਵੋਟ ਦੇਣਾ, ਦੋ ਐੱਮਐੱਲਏ ਮਿਲਣਗੇ।
ਅਦਿੱਤਿਆ ਨੂੰ ਵੋਟ ਨੂੰ ਇੱਕ ਵੋਟ ਦੇਣ ਨਾਲ ਤੁਹਾਨੂੰ ਚਾਰ-ਚਾਰ ਵਿਧਾਇਕ ਮਿਲਣਗੇ।’’ ਅਦਿੱਤਿਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੋਟ ਪਾਉਣ ਨਾਲ ਡੱਬਵਾਲੀ 60 ਹਜ਼ਾਰ ਲੋਕਾਂ ਨੂੰ ਵਿਧਾਇਕ ਦੀ ਤਾਕਤ ਮਿਲੇਗੀ। ਖੇਤਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਅਦਿੱਤਿਆ ਨੇ ਕਿਹਾ, ‘‘ਹਲਕੇ ਵਿੱਚ ਕਾਫੀ ਲੋਕ ਅੱਜ-ਕੱਲ੍ਹ ਲਾਲਚ ਦੇਣ ਆਉਣਗੇ। ਤੁਸੀਂ ਉਨ੍ਹਾਂ ਤੋਂ ਉਹ ਸਭ ਲੈ ਲੈਣਾ, ਪਰ ਵੋਟ ਮੈਨੂੰ ਦੇ ਦੇਣਾ। ਉਹ ਉਨ੍ਹਾਂ ਨੇ ਮਿਹਨਤ ਦੀ ਫਸਲ ਵੇਚ ਕਰ ਕਮਾਇਆ ਹੋਇਆ ਪੈਸਾ ਨਹੀਂ ਹੈ। ਇਹ ਸਭ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ’ਚ ਡੱਬਵਾਲੀ ਤਹਿਸੀਲ ’ਚੋਂ ਰਜਿਸਟਰੀਆਂ ਜਰੀਏ ਬਤੌਰ ਰਿਸ਼ਵਤ ਲੁੱਟਿਆ ਤੁਹਾਡਾ ਹੀ ਰੁਪਇਆ-ਪੈਸਾ ਹੈ।’’ ਉਨ੍ਹਾਂ ਵਾਅਦਾ ਕੀਤਾ ਉਹ ਡੱਬਵਾਲੀ ਦੀ ਤਸਵੀਰ ਬਦਲਣ ਦਾ ਕੰਮ ਕਰਨਗੇ।